ਓਟ ਸੈਂਟਰ ''ਚ ਨਸ਼ਾ ਛੁਡਾਉਣ ਦੀ ਦਵਾਈ ਲੈਣ ਆਏ 2 ਨੌਜਵਾਨਾਂ ਵਲੋਂ ਡਾਕਟਰ ਦੀ ਕੁੱਟਮਾਰ
Tuesday, Sep 25, 2018 - 01:55 PM (IST)

ਕਲਾਨੌਰ (ਮਨਮੋਹਨ) : ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਵਿਖੇ ਸਥਿਤ ਓਟ ਸੈਂਟਰ 'ਚ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਦੋ ਨੌਜਵਾਨਾਂ ਵਲੋਂ ਡਿਊਟੀ 'ਤੇ ਤਾਇਨਾਤ ਡਾ. ਗੁਰਵਿੰਦਰਜੀਤ ਸਿੰਘ ਮੈਡੀਕਲ ਅਫਸਰ ਨਾਲ ਗਾਲੀ-ਗਲੋਚ ਅਤੇ ਕੁੱਟ-ਮਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਸਮੂਹ ਡਾਕਟਰਾਂ ਅਤੇ ਹਸਪਤਾਲ ਸਟਾਫ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੁਲਸ ਥਾਣਾ ਕਲਾਨੌਰ ਵਿਖੇ ਲਿਖਤੀ ਰਿਪੋਰਟ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਕਰੀਬ 11.15 ਵਜੇ ਹਸਪਤਾਲ ਅੰਦਰ ਬਣੇ ਓਟ ਸੈਂਟਰ 'ਚ ਡਿਊਟੀ ਮੌਕੇ ਨਵੇਂ ਮਰੀਜ਼ਾਂ ਦੀ ਰਜਿਸਟਰੇਸ਼ਨ ਕਰ ਰਿਹਾ ਸੀ ਕਿ ਇਸ ਦੌਰਾਨ ਨੌਜਵਾਨ ਵੀਰ ਸਿੰਘ ਵਾਸੀ ਅਗਵਾਨ ਨੇ ਆਪਣੇ ਇਕ ਸਾਥੀ ਸਮੇਤ ਆਪਣੀ ਨਵੀਂ ਆਈ. ਡੀ. (ਰਜਿਸਟਰੇਸ਼ਨ) ਬਣਾਉਣ ਲਈ ਕਿਹਾ ਅਤੇ ਜਦੋਂ ਮੈਂ ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨ ਲਈ ਕਿਹਾ ਤਾਂ ਉਕਤ ਦੋਵਾਂ ਨੇ ਮੇਰੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁੱਟ-ਮਾਰ ਕਰ ਕੇ ਭੱਜ ਗਏ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਕਾਬੂ ਕਰ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਐੱਸ. ਐੱਮ. ਓ. ਡਾ. ਅਠਵਾਲ ਦਾ?
ਇਸ ਘਟਨਾ ਸਬੰਧੀ ਜਦੋਂ ਐੱਸ. ਐੱਮ. ਓ. ਡਾ. ਲਖਵਿੰਦਰ ਸਿੰਘ ਅਠਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਓਟ ਸੈਂਟਰ ਵਿਚ ਜੋ ਮਰੀਜ਼ ਨਸ਼ਾ ਛੱਡਣ ਦੀ ਦਵਾਈ ਲੈਣ ਆਉਂਦੇ ਹਨ, ਪਹਿਲਾਂ ਉਸ ਦੀ ਆਈ. ਡੀ. ਬਣਾਈ ਜਾਂਦੀ ਹੈ ਤੇ ਫਿਰ ਸਰਕਾਰੀ ਨਿਯਮਾਂ ਅਨੁਸਾਰ ਦਵਾਈ ਦਿੱਤੀ ਜਾਂਦੀ ਹੈ, ਜਿਸ ਦਾ ਪੂਰਾ ਰਿਕਾਰਡ ਆਨਲਾਈਨ ਰੱਖਣਾ ਜ਼ਰੂਰੀ ਹੈ। ਅੱਜ ਰਜਿਸਟਰੇਸ਼ਨ ਕਰਵਾਉਣ ਆਏ ਦੋ ਨੌਜਵਾਨਾਂ ਵੱਲੋਂ ਡਿਊਟੀ 'ਤੇ ਤਾਇਨਾਤ ਡਾ. ਗੁਰਵਿੰਦਰਜੀਤ ਸਿੰਘ ਜੋ ਬੀਤੀ ਰਾਤ ਵੀ ਨਾਈਟ ਡਿਊਟੀ ਕਰਨ ਉਪਰੰਤ ਅੱਜ ਵੀ ਡਿਊਟੀ ਕਰ ਰਿਹਾ ਸੀ, ਉੱਪਰ ਕੀਤਾ ਹਮਲਾ ਮੰਦਭਾਗਾ ਹੈ, ਜਿਸ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਘਟਨਾ ਸਬੰਧੀ ਪੁਲਸ ਥਾਣਾ ਕਲਾਨੌਰ ਵਿਖੇ ਰਿਪੋਰਟ ਕਰ ਦਿੱਤੀ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਓਟ ਸੈਂਟਰ 'ਚ ਰੋਜ਼ਾਨਾ ਸਵੇਰੇ 8 ਵਜੇ ਤੋਂ 2 ਵਜੇ ਤੱਕ ਪੁਲਸ ਸਕਿਓਰਿਟੀ ਦੇਣ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਐੱਸ. ਐੱਚ. ਓ. ਦਾ?
ਇਸ ਸਬੰਧੀ ਜਦੋਂ ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਇੰਸਪੈਕਟਰ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਤਫਤੀਸ਼ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।