ਵਿਧਾਇਕ ਡਾ. ਅਗਨੀਹੋਤਰੀ ਨੇ ਕਾਂਗਰਸੀ ਵਰਕਰਾਂ ਸਮੇਤ ਬਾਰਸ਼ ਨਾਲ ਡੁੱਬੇ ਇਲਾਕਿਆਂ ਦਾ ਲਿਆ ਜਾਇਜ਼ਾ
Tuesday, Sep 25, 2018 - 03:38 PM (IST)

ਝਬਾਲ (ਨਰਿੰਦਰ) : ਬੀਤੇ ਦਿਨੀਂ ਤੇਜ਼ ਬਾਰਸ਼ ਕਾਰਨ ਇਲਾਕੇ ਝਬਾਲ ਵਿਖੇ ਮੀਂਹ ਦੇ ਪਾਣੀ 'ਚ ਡੁੱਬੀਆਂ ਫਸਲਾਂ ਅਤੇ ਹੋਰ ਇਲਾਕੇ ਦਾ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਾਂਗਰਸੀ ਵਰਕਰਾਂ ਸਮੇਤ ਜਾਇਜ਼ਾ ਲਿਆ। ਇਸ ਦੌਰਾਨ ਸਥਾਨਕ ਅੱਡਾ ਝਬਾਲ ਵਿਖੇ ਅਟਾਰੀ ਰੋਡ 'ਤੇ ਪਾਣੀ ਦੇ ਨਿਕਾਸ ਲਈ ਬਣੀ ਡਰੇਨ 'ਚ ਰੁਕਾਵਟ ਬਣ ਰਹੀ ਬੂਟੀ ਹੈ, ਜਿਸ ਦੇ ਕਾਰਣ ਪਾਣੀ ਆਸ-ਪਾਸ ਦੇ ਇਲਾਕੇ 'ਚ ਫਸਲਾਂ ਨੂੰ ਖਰਾਬ ਕਰ ਰਿਹਾ ਹੈ। ਇਸ ਦੀ ਸਫਾਈ ਸਬੰਧੀ ਮੌਕੇ 'ਤੇ ਹੀ ਐੱਸ. ਡੀ. ਐੱਮ. ਦੇ ਧਿਆਨ 'ਚ ਸਾਰਾ ਮਾਮਲਾ ਲਿਆ ਕੇ ਤੁਰੰਤ ਡਰੇਨ 'ਚੋਂ ਬੂਟੀ ਕੱਢਣ ਦੇ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਡਾ. ਧਰਮਬੀਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਤੇ ਆਮ ਜਨਤਾ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਪਾਣੀ ਦੇ ਨਿਕਾਸ ਲਈ ਹੋਰ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਤੇ ਸਰਪੰਚ ਮੋਨੂੰ ਚੀਮਾ, ਬਲਾਕ ਪ੍ਰਧਾਨ ਸੋਨੂੰ ਦੋਦੇ, ਥਾਣਾ ਮੁਖੀ ਝਬਾਲ ਗੁਰਚਰਨ ਸਿੰਘ, ਅੰਕੁਸ਼ ਅਗਨੀਹੋਤਰੀ ਆਦਿ ਹਾਜ਼ਰ ਸਨ।