4 ਦਿਨਾਂ ਤੋਂ ਸੇਵਾ ਕੇਂਦਰ ਬੰਦ ਹੋਣ ਕਰਕੇ ਲੋਕ ਹੋ ਰਹੇ ਨੇ ਖੱਜਲ ਖਰਾਬ
Tuesday, Aug 28, 2018 - 02:46 PM (IST)

ਝਬਾਲ (ਨਰਿੰਦਰ) : ਸਰਕਾਰ ਵਲੋਂ ਸਰਕਾਰੀ ਦਫਤਰਾਂ 'ਚ ਲੋਕਾਂ ਦੀ ਖੱਜਲ ਖਰਾਬੀ ਰੋਕਣ ਲਈ ਵੱਖ-ਵੱਖ ਕਸਬਿਆਂ 'ਚ ਲੱਖਾਂ ਰੁਪਏ ਖਰਚ ਕੇ ਬਣਾਏ 94 ਸੇਵਾ ਕੇਂਦਰ 'ਚੋਂ ਸਿਰਫ 21 ਸੇਵਾ ਕੇਂਦਰ ਹੀ ਰਹਿ ਜਾਣ ਕਰਕੇ ਇਹ ਸੇਵਾਂ ਕੇਂਦਰ ਲੋਕਾਂ ਲਈ ਸਹੂਲਤ ਬਨਣ ਦੀ ਥਾਂ ਖੱਜਲ ਖਰਾਬੀ ਦਾ ਘਰ ਬਣ ਚੁੱਕੇ ਹਨ। ਇਸ ਦੀ ਉਦਾਹਰਣ ਝਬਾਲ ਦੇ ਸੇਵਾ ਕੇਂਦਰ ਤੋਂ ਮਿਲ ਰਹੀ ਹੈ, ਜੋ ਪਿਛਲੇ 4 ਦਿਨਾਂ ਤੋਂ ਬੰਦ ਪਿਆ ਹੋਣ ਕਰਕੇ ਅੱਤ ਦੀ ਗਰਮੀ 'ਚ ਲੋਕ ਪੂਰਾ-ਪੂਰਾ ਦਿਨ ਖੱਜਲ ਖਰਾਬ ਹੋ ਕੇ ਸ਼ਾਮ ਨੂੰ ਖਾਲੀ ਹੱਥ ਘਰਾਂ ਨੂੰ ਮੁੜ ਰਹੇ ਹਨ। ਅੱਜ ਸੇਵਾ ਕੇਂਦਰ ਝਬਾਲ ਵਿਖੇ ਵੱਡੀ ਗਿਣਤੀ 'ਚ ਸਰਕਾਰ ਖਿਲਾਫ ਰੋਸ ਪ੍ਰਗਟ ਕਰ ਰਹੇ ਇਲਾਕੇ ਦੇ ਲੋਕਾਂ ਜਿਨ੍ਹਾਂ 'ਚ ਔਰਤਾਂ ਹਰਭਜਨ ਕੌਰ ਕੋਟ, ਸਵਰਨ ਕੌਰ ਕੋਟ ਜਸਵਿੰਦਰ ਕੌਰ, ਬਲਵਿੰਦਰ ਕੌਰ ਕੋਟ, ਰਾਜਬੀਰ ਕੌਰ ਨੇ ਦੱਸਿਆਂ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਜ਼ਰੂਰੀ ਕਾਗਜ਼ਾਤ ਬਣਾਉਣ ਲਈ ਗਰਮੀ 'ਚ ਧੱਕੇ ਖਾ ਰਹੀਆਂ ਹਨ ਪਰ ਸੇਵਾ ਕੇਂਦਰ ਬੰਦ ਹੋਣ ਕਰਕੇ ਉਹ ਰੋਜ਼ਾਨਾਂ ਖੱਜਲ ਖਰਾਬ ਹੋ ਕੇ ਸਮਾਂ ਅਤੇ ਪੈਸੇ ਖਰਚ ਕੇ ਖਾਲੀ ਹੱਥ ਘਰਾਂ ਨੂੰ ਮੁੜ ਰਹੀਆਂ ਹਨ।
ਇਸੇ ਤਰ੍ਹਾਂ ਬਲਬੀਰ ਸਿੰਘ ਕਾਲੂ ਝਬਾਲ, ਗੁਰਪ੍ਰੀਤ ਸਿੰਘ ਝਬਾਲ, ਮਨਦੀਪ ਸਿੰਘ ਭੁੱਚਰ, ਕਰਨਦੀਪ ਸਿੰਘ ਆਦਿ ਨੇ ਵੀ ਰੋਸ ਪ੍ਰਗਟ ਕਰਦਿਆ ਕਿਹਾ ਕਿ Àਨ੍ਹਾਂ ਨੇ ਫੌਜ ਦੀ ਭਰਤੀ ਲਈ ਕਾਗਜ਼ਾਤ ਤਿਆਰ ਕਰਵਾਉਣੇ ਹਨ ਪਰ ਰੋਜ਼ ਖੱਜਲ ਹੋ ਕੇ ਮੁੜ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਦੀ ਨੌਕਰੀ ਅਪਲਾਈ ਕਰਨ ਦੀ ਤਰੀਕ ਲੰਘ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਝਬਾਲ ਨੇੜੇ ਕੋਟ ਧਰਮਚੰਦ ਅਤੇ ਬਘਿਆੜੀ ਵਾਲਾ ਸੇਵਾ ਕੇਂਦਰ ਵੀ ਚਾਲੂ ਕੀਤਾ ਜਾਵੇ ਕਿਉਂਕਿ ਬਾਕੀ ਬੰਦ ਹੋਣ ਕਰਕੇ ਇਕੱਲਾ ਝਬਾਲ ਵਿਖੇ ਸੇਵਾ ਕੇਂਦਰ ਚਲਦਾ ਹੋਣ ਕਰਕੇ ਇਥੇ ਭੀੜ ਜ਼ਿਆਦਾ ਹੋ ਜਾਂਦੀ ਹੈ ਇਸ ਲਈ ਇਕ ਹੋਰ ਕੇਂਦਰ ਚਲਾਇਆ ਜਾਵੇ। ਇਸ ਸਬੰਧੀ ਸੇਵਾ ਕੇਂਦਰ ਦੇ ਕੰਪਿਊਟਰ ਇੰਚਾਰਜ ਕੰਮ ਕਰ ਰਹੇ ਜਗਦੀਸ ਸਿੰਘ ਤੇ ਮੈਡਮ ਬੇਅੰਤ ਕੌਰ ਨੇ ਦੱਸਿਆ ਕਿ ਜ਼ਿਲੇ ਦੇ ਸੇਵਾ ਕੇਂਦਰ ਬੰਦ ਹੋਣ ਕਰਕੇ ਕਨੈਕਸ਼ਨ ਤਾਂ ਬੰਦ ਕੇਂਦਰਾ ਦੇ ਕੱਟੇ ਜਾਣੇ ਸਨ ਪਰ ਝਬਾਲ ਦਾ ਵੀ ਨਾਲ ਹੀ ਕੱਟ ਦਿੱਤਾ, ਜਿਸ ਕਰਕੇ 4 ਦਿਨਾਂ ਤੋਂ ਸੇਵਾ ਕੇਂਦਰ ਬੰਦ ਪਿਆ ਹੈ। ਇਸ ਸਬੰਧੀ ਬਕਾਇਦਾ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ।