ਪਾਕਿ ਵਲੋਂ ਭਾਰਤੀ ਨੌਜਵਾਨਾਂ ਨੂੰ ਨਸ਼ੇ ''ਚ ਧਕੇਲਣ ਦੀ ਯੋਜਨਾ ਦਾ ਰਾਸ਼ਟਰੀ ਪੱਧਰ ''ਤੇ ਮੁਕਾਬਲਾ ਕਰੇ ਕੇਂਦਰ ਸਰਕਾਰ

09/08/2020 8:35:44 PM

ਪਠਾਨਕੋਟ,(ਸ਼ਾਰਦਾ): ਭਾਰਤ ਅਤੇ ਚੀਨ ਦੀਆਂ ਫੌਜਾਂ 'ਚ ਲੱਦਾਖ 'ਚ ਪੈਦਾ ਹੋਏ ਤਣਾਅ ਦੀ ਸਥਿਤੀ ਜਿਸ ਤਰ੍ਹਾਂ ਨਾਲ ਗੰਭੀਰ ਰੂਪ ਧਾਰਨ ਕਰ ਰਹੀ ਹੈ। ਉਸ ਨਾਲ ਚੀਨ ਦੀ ਮਾਨਸਿਕਤਾ ਪੂਰੀ ਤਰ੍ਹਾਂ ਨਾਲ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਵੀ ਸਮਝ ਆਉਣੀ ਸ਼ੁਰੂ ਹੋ ਗਈ ਹੈ। ਚੀਨ ਦੇ ਰਾਜਨੇਤਾਵਾਂ ਦੀ ਸੋਚ ਹਮੇਸ਼ਾ ਭਾਰਤ ਨੂੰ ਕਮਜ਼ੋਰ ਕਰਨ ਦੀ ਰਹੀ ਹੈ। ਇਸ ਦਾ ਨਤੀਜਾ ਹੈ ਕਿ ਕਈ ਦਹਾਕਿਆਂ ਤੋਂ ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਦੀ ਉਹ ਸਮੇਂ-ਸਮੇਂ 'ਤੇ ਮੱਦਦ ਕਰਦਾ ਆ ਰਿਹਾ ਹੈ। ਹੁਣ ਜਦ ਭਾਰਤ ਨੇ ਪਾਕਿਸਤਾਨ ਦੇ ਅੱਤਵਾਦ 'ਤੇ ਬੁਰੀ ਤਰ੍ਹਾਂ ਨਾਲ ਹਮਲਾ ਕੀਤਾ ਹੈ। ਸਰਜੀਕਲ ਸਟਰਾਈਕ ਅਤੇ ਹੋਰ ਤਰੀਕਿਆਂ ਨਾਲ ਪਾਕਿਸਤਾਨ ਨੂੰ ਖਤਮ ਕਰਨ ਦੀ ਸਫਲ ਕੋਸ਼ਿਸ਼ ਕੀਤੀ ਤਾਂ ਆਪਣੇ ਸਾਥੀ ਦੀ ਬੂਰੀ ਹਾਲਤ ਨੂੰ ਦੇਖਦੇ ਹੋਏ ਉਸ ਸਮੇਂ ਤੋਂ ਚੀਨ ਨੇ ਭਾਰਤ ਨਾਲ ਸਰਹੱਦ 'ਤੇ ਤਣਾਅ ਦੀ ਸਥਿਤੀ ਪੈਦਾ ਕਰਨ ਲਈ ਕਈ ਗੰਭੀਰ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਦੇਸ਼ ਲਈ ਖਾਸਕਰ ਨੌਜਵਾਨ ਪੀੜ੍ਹੀ ਨੂੰ ਹੁਣ ਚੀਨ-ਪਾਕਿ ਦੀ ਦੋਸਤੀ ਅਤੇ ਉਨ੍ਹਾਂ ਦੀ ਭਾਰਤ ਨੂੰ ਕਮਜ਼ੋਰ ਕਰਨ ਦੀ ਸੋਚ ਬਾਰੇ ਸੋਚਣਾ ਹੋਵੇਗਾ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀ ਫੌਜ ਹਮੇਸ਼ਾ ਤੋਂ ਹੀ ਆਪਣੀ ਬਹਾਦਰੀ ਦੇ ਲਈ ਜਾਣੀ ਜਾਂਦੀ ਹੈ। ਚਾਹੇ ਪਾਕਿਸਤਾਨ ਦੇ ਨਾਲ ਲੜੀਆਂ ਗਈਆਂ ਤਿੰਨ ਲੜਾਈਆਂ ਹੋਣ ਜਾਂ ਚੀਨ ਦੇ ਨਾਲ ਲੜਿਆ ਗਿਆ 1962 ਦਾ ਯੁੱਧ।ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਭਰਮਾਉਣ ਲਈ ਅਤੇ ਉਨ੍ਹਾਂ ਨੂੰ ਆਪਣੇ ਮਕਸਦ ਤੋਂ ਭਟਕਾਉਣ ਲਈ ਪਾਕਿਸਤਾਨ ਨੇ ਲਗਭਗ ਢਾਈ ਦਹਾਕੇ ਪਹਿਲਾਂ ਭਾਰਤ ਦੇ ਨਾਲ ਅੱਤਵਾਦ ਅਤੇ ਨਸ਼ੇ ਦੇ ਕਾਰੋਬਾਰ ਦੀ ਜ਼ੋਰ-ਸ਼ੋਰ ਨਾਲ ਸ਼ੁਰੂਆਤ ਕੀਤੀ ਕਿਉਂਕਿ ਫੌਜ 'ਚ ਵੀ ਮੁੱਖ ਰੂਪ ਨਾਲ ਆਹਮੋਂ-ਸਾਹਮਣੇ ਲੜਾਈ ਲੜਨ ਵਾਲੇ ਇਨਫੈਂਟਰੀ ਦੇ ਜਵਾਨਾਂ ਨੇ ਹਮੇਸ਼ਾ ਹੀ ਦੁਸ਼ਮਣ ਦੇ ਨਾਲ ਲੜਾਈ ਬੜੀ ਸ਼ਿੱਦਤ ਨਾਲ ਲੜੀ ਹੈ ਅਤੇ ਮਰਦੇ ਦਮ ਤਕ ਆਪਣੇ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ। ਪੰਜਾਬ, ਹਿਮਾਚਲ, ਹਰਿਆਣਾ, ਜੰਮੂ-ਕਸ਼ਮੀਰ ਦੇ ਡੋਗਰਾ ਆਦਿ ਖੇਤਰ ਤੋਂ ਹਮੇਸ਼ਾ ਹੀ ਫੌਜ 'ਚ ਜਾਣ ਦੀ ਚਾਹਤ ਰਹੀ ਹੈ। ਇਕ ਯੋਜਨਾ ਦੇ ਅਧੀਨ ਇਨ੍ਹਾਂ ਪ੍ਰਦੇਸ਼ਾਂ 'ਚ ਪਾਕਿਸਤਾਨ ਡਰੱਗ ਦੀ ਸਪਲਾਈ ਨਾ ਸਿਰਫ ਸ਼ੁਰੂ ਕਰਨ 'ਚ ਸਫਲ ਰਿਹਾ ਹੈ ਬਲਕਿ ਪਿਛਲੇ 25 ਸਾਲਾਂ ਦੌਰਾਨ ਉਸ ਨੇ ਹੋਲੀ-ਹੋਲੀ ਡਰੱਗ ਦੀ ਲਤ ਨੌਜਵਾਨਾਂ ਨੂੰ ਲਾਉਣੀ ਸ਼ੁਰੂ ਕਰ ਦਿੱਤੀ।

ਪੈਸੇ ਦੇ ਲਾਲਚੀ ਲੋਕ ਇਸ ਨੂੰ ਇਕ ਵਪਾਰ ਸਮਝ ਕੇ ਜੁੜਦੇ ਗਏ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦੀ ਵੱਲ ਧਕੇਲਣ 'ਚ ਨਾ ਚਾਹੁੰਦੇ ਹੋਏ ਵੀ ਆਪਣੀ ਸਹਿਭਾਗਤਾ ਦੇ ਰਹੇ ਹਨ। ਭਾਰਤੀ ਫੌਜ ਦੇ ਯੋਧਿਆ ਦਾ ਡਰ ਪਾਕਿਸਤਾਨ 'ਚ ਹਮੇਸ਼ਾ ਰਿਹਾ ਹੈ ਜੇਕਰ ਨੌਜਵਾਨ ਵਰਗ ਨਸ਼ੇ ਦੀ ਲਤ 'ਚ ਫਸ ਜਾਵੇਗਾ, ਜਿਵੇਂ ਕਿ ਪੰਜਾਬ, ਹਿਮਾਚਲ ਅਤੇ ਹਰਿਆਣਾ 'ਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੋਲੀ-ਹੋਲੀ ਉਸ ਦੇ ਨਾਲ ਕੁੱਝ ਨੌਜਵਾਨ ਇਸ ਦੀ ਸਪਲਾਈ ਲੈਣ 'ਚ ਜੁੜ ਜਾਣਗੇ। ਅਜਿਹੇ ਹਾਲਾਤਾਂ 'ਚ ਫੌਜ 'ਚ ਭਰਤੀ ਲਈ ਤਾਕਤਵਰ ਨੌਜਵਾਨਾਂ ਦਾ ਮਿਲਣਾ ਹੋਲੀ-ਹੋਲੀ ਘੱਟ ਹੁੰਦਾ ਜਾਵੇਗਾ। ਇਹ ਪਾਕਿਸਤਾਨ ਦੀ ਸੋਚੀ ਸਮਝ ਚਾਲ ਸੀ, ਜਿਸ ਨਾਲ ਚੀਨ ਦੀ ਸਹਿਭਾਗਤਾ ਵੀ ਹੁਣ ਸਪੱਸ਼ਟ ਰੂਪ ਨਾਲ ਸਾਹਮਣੇ ਆ ਰਹੀ ਹੈ ਅਤੇ ਹੁਣ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ, ਸਾਨੂੰ ਚੀਨ ਅਤੇ ਪਾਕਿਸਤਾਨ ਦੀ ਭਾਰਤ ਵਿਰੋਧੀ ਸੋਚ ਨੂੰ ਲੈ ਕੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਨਾ ਹੋਵੇਗਾ।
ਹੁਣ ਨਸ਼ਾ ਇਕ ਸਟੇਟ ਦਾ ਵਿਸ਼ਾ ਨਾ ਹੋ ਕੇ ਰਾਸ਼ਟਰ ਦੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਅੱਤਵਾਦ ਤੇ ਨਸ਼ੇ ਨੂੰ ਲੈ ਕੇ ਵੀ ਰਾਸ਼ਟਰੀ ਪੱਧਰ 'ਤੇ ਨੀਤੀ ਅਤੇ ਯੋਜਨਾ ਬਣਾਉਣ ਦੀ ਲੋੜ ਹੈ। ਪਾਕਿਸਤਾਨ ਅਤੇ ਚੀਨ ਨੂੰ ਬੇਨਕਾਬ ਕਰਨ ਲਈ ਉਨ੍ਹਾਂ ਵਲੋਂ ਭਵਿੱਖ ਨੂੰ ਲੈ ਕੇ ਬਣਾਈਆਂ ਗਈਆਂ ਯੋਜਨਾਵਾਂ ਨੂੰ ਨਾ ਸਿਰਫ ਬੇਨਕਾਬ ਕਰਨਾ ਹੋਵੇਗਾ ਬਲਕਿ ਉਨ੍ਹਾਂ ਦਾ ਡਟ ਕੇ ਮੁਕਾਬਲਾ ਵੀ ਕਰਨਾ ਹੋਵੇਗਾ। ਜਿਸ 'ਚ ਨਸ਼ਾ ਇਕ ਮੁੱਖ ਰੋਲ ਅਦਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦਾ ਪ੍ਰਭਾਵ ਸਾਡੀ ਨੌਜਵਾਨ ਪੀੜੀ 'ਤੇ ਦਿਸਣਾ ਸ਼ੁਰੂ ਹੋ ਗਿਆ ਹੈ। ਇਸ ਦਾ ਕਾਰਣ ਹੈ ਕਿ ਇਨ੍ਹਾਂ ਪ੍ਰਦੇਸ਼ਾਂ 'ਚ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚੱਕਰ 'ਚ ਰਹਿੰਦੇ ਹਨ ਕਿ ਕਿਤੇ ਉਨ੍ਹਾਂ ਨੂੰ ਨਸ਼ੇ ਦੀ ਲਤ ਨਾ ਲੱਗ ਜਾਵੇ। ਅਜਿਹੇ ਹਾਲਾਤਾਂ 'ਚ ਜਦ ਨਸ਼ਾ ਇਕ ਯੋਜਨਾਬੱਧ ਤਰੀਕੇ ਨਾਲ ਚੀਨ ਦੇ ਸਹਿਯੋਗ ਨਾਲ ਪਾਕਿਸਤਾਨ ਵਲੋਂ ਭਾਰਤ 'ਚ ਦਾਖਲ ਕਰਵਾਇਆ ਜਾ ਰਿਹਾ ਹੈ ਤਾਂ ਉਸ ਦਾ ਮੁਕਾਬਲਾ ਇਕ ਰਾਸ਼ਟਰੀ ਪੱਧਰ 'ਤੇ ਹੀ ਹੋ ਸਕਦਾ ਹੈ ਨਾ ਕਿ ਸੂਬਾ ਪੱਧਰ 'ਤੇ। ਜਿਸ ਤਰ੍ਹਾਂ ਪਾਕਿਸਤਾਨ ਵਲੋਂ ਆਪਣੀ ਫੌਜ ਤੋਂ ਸੇਵਾਮੁਕਤ ਲੋਕਾਂ ਨੂੰ ਸਰਹੱਦ ਦੇ ਨਾਲ-ਨਾਲ ਜ਼ਮੀਨਾਂ ਦੇ ਕੇ ਖੇਤੀ ਕਰਵਾਈ ਜਾ ਰਹੀ ਹੈ, ਅਜਿਹੀ ਹੀ ਨੀਤੀ ਭਾਰਤ ਸਰਕਾਰ ਨੂੰ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਗੁਜਰਾਤ ਆਦਿ 'ਚ ਵੀ ਕਰਨੀ ਹੋਵੇਗੀ।

ਸਾਡੇ ਕੋਲ ਸਾਬਕਾ ਫੌਜੀਆਂ ਦੀ ਕਮੀ ਨਹੀਂ ਹੈ, ਸਰਕਾਰ ਨੂੰ ਸਿਰਫ ਉਨ੍ਹਾਂ ਨੂੰ ਸਰਹੱਦ ਦੇ ਨਾਲ-ਨਾਲ ਜ਼ਮੀਨ ਉਪਲੱਬਧ ਕਰਵਾਉਣੀ ਹੈ। ਇਥੇ ਸਾਬਕਾ ਫੌਜੀ ਤੇ ਉਨ੍ਹਾਂ ਦੇ ਪਰਿਵਾਰ ਸਾਡੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਨਾਲ ਲੈ ਕੇ ਦੇਸ਼ ਦੀ ਅਜਿਹੀ ਅੱਖ ਅਤੇ ਕੰਨ ਬਣਨਗੇ ਕਿ ਪਾਕਿਸਤਾਨ ਦੀਆਂ ਯੋਜਨਾਵਾਂ ਧਰੀਆਂ ਰਹਿ ਜਾਣਗੀਆਂ ਤੇ ਸਾਡੀ ਨੌਜਵਾਨ ਪੀੜ੍ਹੀ ਇਕ ਵਾਰ ਫਿਰ ਦੇਸ਼ ਦੀ ਸੁਰੱਖਿਆ 'ਚ ਆਪਣਾ ਭਰਪੂਰ ਯੋਗਦਾਨ ਪਾਉਣ 'ਚ ਸਮਰੱਥ ਹੋਵੇਗੀ। ਸਾਨੂੰ ਚੀਨ ਅਤੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਅਸਫਲ ਕਰਨ ਲਈ ਡਰੱਗ ਅਤੇ ਅੱਤਵਾਦ ਦੇ ਮੁੱਦੇ 'ਤੇ ਆਪਣੇ ਨੌਜਵਾਨਾਂ ਨੂੰ ਸਾਵਧਾਨ ਕਰਨਾ ਹੋਵੇਗਾ। ਨਸ਼ੇ ਖਿਲਾਫ ਹੀ ਜ਼ਬਰਦਸਤ ਲੜਾਈ ਲੜਨੀ ਹੋਵੇਗੀ, ਜਿਵੇਂ ਅੱਤਵਾਦ ਦੇ ਖਿਲਾਫ ਲੜ ਰਹੇ ਹਾਂ। ਸਾਡੇ ਕੋਲ ਆਉਣ ਵਾਲੇ ਦੋ-ਤਿੰਨ ਦਹਾਕੇ ਬੇਹੱਦ ਮਹੱਤਵਪੂਰਨ ਹਨ।ਜੇਕਰ ਅਸੀਂ ਨਸ਼ੇ ਨੂੰ ਲੈ ਕੇ ਥੋੜੀ ਜਿਹੀ ਵੀ ਢਿੱਲ ਰੱਖੀ ਤਾਂ ਉਹ ਖਤਰਨਾਕ ਹੋਵੇਗੀ ਅਤੇ ਉਥੇ ਹੀ ਦੂਜੇ ਪਾਸੇ ਅਸੀਂ ਮਜ਼ਬੂਤ ਢੰਗ ਨਾਲ ਆਪਣੇ ਨੌਜਵਾਨਾਂ ਨੂੰ ਪਾਕਿਸਤਾਨ ਅਤੇ ਚੀਨ ਦੇ ਨਾਪਾਕ ਇਰਾਦਿਆਂ ਦੇ ਬਾਰੇ 'ਚ ਸੁਚੇਤ ਕਰਨ 'ਚ ਸਫਲ ਰਹੇ ਤਾਂ ਭਾਰਤ ਨਾ ਸਿਰਫ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਬਲਕਿ ਆਰਥਿਕ ਰੂਪ ਨਾਲ ਵੀ ਇੰਨਾ ਮਜ਼ਬੂਤ ਹੋ ਜਾਵੇਗਾ ਕਿ ਕੋਈ ਵੀ ਅੱਖ ਚੁੱਕਣ ਤੋਂ ਪਹਿਲਾਂ ਕਈ ਵਾਰ ਸੋਚੇਗਾ। ਉਮੀਦ ਹੈ ਕਿ ਭਾਰਤ ਸਰਕਾਰ ਨਸ਼ੇ ਨੂੰ ਰਾਜ ਦਾ ਮੁੱਦਾ ਨਾ ਬਣਾ ਕੇ ਇਸ ਨੂੰ ਪੂਰੇ ਦੇਸ਼ ਦਾ ਮੁੱਦਾ ਬਣਾਏਗੀ ਅਤੇ ਪਾਕਿਸਤਾਨ ਨੂੰ ਪੂਰੀ ਤਰ੍ਹਾ ਨਾਲ ਇਸ ਮੁੱਦੇ 'ਚ ਵੀ ਹਰਾਏਗੀ।

 


Deepak Kumar

Content Editor

Related News