ਯੂਰਪ ਰਹਿੰਦੇ ਪੰਜਾਬੀ ਨੇ 75 ਲੱਖ ਰੁਪਏ ਨਾਲ ਬਦਲ ਦਿੱਤੀ ਜੱਦੀ ਪਿੰਡ ਦੀ ਨੁਹਾਰ, ਤਸਵੀਰਾਂ ਦੇਖ ਕਰੋਗੇ ਸਿਫ਼ਤਾਂ

Tuesday, Nov 22, 2022 - 05:23 PM (IST)

ਗੁਰਦਾਸਪੁਰ (ਵਿਨੋਦ)- ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਲੇਵਾਲ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ। ਇਸ ਪਿੰਡ ਨੂੰ ਦੇਖ ਕੇ ਕਿਸੇ ਵਿਕਸਤ ਸ਼ਹਿਰ ਦੀ ਸਭ ਤੋਂ ਖੂਬਸੂਰਤ ਕਲੋਨੀ ਦਾ ਭੁਲੇਖਾ ਪੈਂਦਾ ਹੈ। ਪਿੰਡ ਦੀ ਇਸ ਬਦਲੀ ਨੁਹਾਰ ਪਿੱਛੇ ਪਿੰਡ ਬੂਲੇਵਾਲ ਦੇ ਪ੍ਰਵਾਸੀ ਭਾਰਤੀ ਗੁਰਜੀਤ ਸਿੰਘ ਸਾਬ ਬੂਲੇਵਾਲੀਆ ਦਾ ਯੋਗਦਾਨ ਹੈ ਅਤੇ ਉਸ ਨੇ ਕਰੀਬ 75 ਲੱਖ ਰੁਪਏ ਪਿੰਡ ਦੀ ਨੁਹਾਰ ਬਦਲਣ ਲਈ ਆਪਣੇ ਕੋਲੋਂ ਖਰਚ ਕੀਤੇ ਹਨ।

ਇਹ ਵੀ ਪੜ੍ਹੋ- ਸਿਰੋਪਾਓ ਦੀ ਵਰਤੋਂ ਤੇ ਯੂਟਿਊਬ ਚੈਨਲ ਲਾਂਚ ਕਰਨ ਸਮੇਤ SGPC ਨੇ ਲਏ ਕਈ ਵੱਡੇ ਫ਼ੈਸਲੇ

ਪਿੰਡ ਬੂਲੇਵਾਲ ਦੇ ਵਸਨੀਕ ਨਰਿੰਦਰ ਸਿੰਘ ਰੰਧਾਵਾ ਅਤੇ ਮਨਜੀਤ ਕੌਰ ਰੰਧਾਵਾ ਦਾ ਪੁੱਤਰ ਗੁਰਜੀਤ ਸਿੰਘ ਸਾਬ ਪਿਛਲੇ ਲੰਮੇ ਸਮੇਂ ਤੋਂ ਯੂਰਪ ਦੇ ਵਿਕਸਿਤ ਦੇਸ਼ ਨਾਰਵੇ ’ਚ ਆਪਣੀ ਮਿਹਨਤ ਦੇ ਬਲਬੂਤੇ ਭਾਵੇਂ ਸਾਹਬ ਤਾਂ ਬਣ ਗਿਆ ਸੀ ਪਰ ਉਸ ਨੂੰ ਆਪਣੀਆਂ ਜੜਾਂ ਦਾ ਮੋਹ ਆਪਣੇ ਪਿੰਡ ਲਈ ਹਮੇਸ਼ਾਂ ਕੁਝ ਕਰਨ ਦੀ ਪ੍ਰੇਰਨਾ ਦਿੰਦਾ ਰਹਿੰਦਾ ਸੀ।

PunjabKesari

ਸਾਲ 2014 ’ਚ ਪ੍ਰਵਾਸੀ ਭਾਰਤੀ ਗੁਰਜੀਤ ਸਿੰਘ ਸਾਬ ਬੂਲੇਵਾਲੀਆ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ ਸੀ ਅਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਪਿੰਡ ’ਚ ਵਿਕਾਸ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਪਿੰਡ ਦੀਆਂ ਸੜਕਾਂ ਕਿਨਾਰੇ ਰੂੜੀਆਂ ਨੂੰ ਚੁੱਕਿਆ ਗਿਆ ਅਤੇ ਸਾਂਝੀਆਂ ਥਾਵਾਂ ਅਤੇ ਸੜਕਾਂ ਕਿਨਾਰੇ 2000 ਦੇ ਕਰੀਬ ਸ਼ਾਂਦਾਰ ਬੂਟੇ ਲਗਾਏ ਗਏ। ਪਿੰਡ ਦੇ ਖੇਡ ਮੈਦਾਨ ਦੀ ਨੁਹਾਰ ਬਦਲੀ ਗਈ। ਬੱਚਿਆਂ ਦੇ ਖੇਡਣ ਲਈ ਵਧੀਆ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਅਤੇ ਉਨ੍ਹਾਂ ’ਚ ਝੂਲੇ ਲਗਾਏ ਗਏ। ਪਿੰਡ ਦੇ ਸ਼ਹੀਦ ਜਵਾਨ ਨਵਜੀਤ ਸਿੰਘ ਦੀ ਯਾਦ ’ਚ ਵੀ ਇਕ ਖੂਬਸੂਰਤ ਪਾਰਕ ਬਣਾਈ ਗਈ ਹੈ। ਪਿੰਡ ਵਾਸੀਆਂ ਦੇ ਬੈਠਣ ਲਈ ਪਿੰਡ ਦੇ ਵੱਖ-ਵੱਖ ਥਾਵਾਂ ’ਤੇ 65 ਦੇ ਕਰੀਬ ਕੁਰਸੀਆਂ ਅਤੇ ਛੱਤਰੀਆਂ ਲਗਾਈਆਂ ਗਈਆਂ। ਪਿੰਡ ਦੀ ਡਿਸਪੈਂਸਰੀ ਨੂੰ ਖੂਬਸੂਰਤ ਦਿੱਖ ਦਿੱਤੀ ਗਈ ਅਤੇ ਪਿੰਡ ’ਚ ਤਿੰਨ ਬੱਸ ਸਟਾਪ ਬਣਾਏ ਗਏ ਹਨ। ਪਿੰਡ ਦੀ ਹਰ ਗਲੀ-ਮੋੜ ’ਤੇ ਸਾਈਨ ਬੋਰਡ ਲਗਾਏ ਗਏ ਹਨ।

PunjabKesari

ਪਿੰਡ ਬੂਲੇਵਾਲ ’ਚ 40 ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ, ਜਿਨਾਂ ਦੀ ਬਦੌਲਤ ਰਾਤ ਸਮੇਂ ਪਿੰਡ ’ਚ ਰੋਸ਼ਨੀ ਰਹਿੰਦੀ ਹੈ। ਪਾਰਕਾਂ ਦੀ ਸਾਂਭ-ਸੰਭਾਲ ਲਈ ਇਕ ਮਾਲੀ ਅਤੇ ਇਕ ਵਰਕਰ ਪੱਕੇ ਤੌਰ ’ਤੇ ਰੱਖੇ ਹੋਏ ਹਨ ਜਿੰਨਾਂ ਦੀ ਤਨਖ਼ਾਹ ਗੁਰਜੀਤ ਸਿੰਘ ਸਾਬ ਬੂਲੇਵਾਲੀਆ ਵਲੋਂ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਜਵਾਨਾਂ ਨੇ ਆਸਟ੍ਰੇਲੀਆ ’ਚ ਗੱਡੇ ਝੰਡੇ, ਮਾਰੀਆਂ ਇਹ ਵੱਡੀਆਂ ਮੱਲਾਂ

ਪਿੰਡ ਬੂਲੇਵਾਲ ਦੇ ਵਿਕਾਸ ਸਬੰਧੀ ਗੱਲ ਕਰਦਿਆਂ ਗੁਰਜੀਤ ਸਿੰਘ ਸਾਬ ਬੂਲੇਵਾਲੀਆ ਨੇ ਕਿਹਾ ਕਿ ਭਾਵੇਂ ਉਹ ਲੰਮੇ ਸਮੇਂ ਤੋਂ ਨਾਰਵੇ ਰਹਿ ਰਹੇ ਹਨ ਪਰ ਉਨ੍ਹਾਂ ਦੀ ਰੂਹ ਅੱਜ ਵੀ ਆਪਣੇ ਪਿੰਡ ਬੂਲੇਵਾਲ ਹੀ ਵੱਸਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਯੂਰਪ ਦੇ ਖੂਬਸੂਰਤ ਸ਼ਹਿਰਾਂ ਤੇ ਪਿੰਡਾਂ ਨੂੰ ਦੇਖਦੇ ਸਨ ਤਾਂ ਉਨ੍ਹਾਂ ਦੇ ਮਨ ’ਚ ਇਹ ਸਵਾਲ ਉੱਠਦਾ ਸੀ ਕਿ ਆਖ਼ਰ ਉਨ੍ਹਾਂ ਦੇ ਪਿੰਡ ਕਿਉਂ ਨਹੀਂ ਵਿਕਸਿਤ ਅਤੇ ਖੂਬਸੂਰਤ ਹੋ ਸਕਦਾ? ਇਸੇ ਮਕਸਦ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਦੀ ਸੋਚੀ ਸੀ ਅਤੇ ਉਸ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਹ ਆਪਣੇ ਪਿੰਡ ਨੂੰ ਖੂਬਸੂਰਤ ਬਣਾਉਣ ’ਚ ਕਾਮਯਾਬ ਹੋਏ ਹਨ। ਸਾਬ ਬੂਲੇਵਾਲੀਆ ਨੇ ਕਿਹਾ ਕਿ ਉਹ ਭਵਿੱਖ ’ਚ ਵੀ ਆਪਣੇ ਪਿੰਡ ਬੂਲੇਵਾਲ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ। ਓਧਰ ਬੂਲੇਵਾਲ ਪਿੰਡ ਦੇ ਵਸਨੀਕ ਆਪਣੇ ਪਿੰਡ ਦੀ ਬਦਲੀ ਨੁਹਾਰ ਤੋਂ ਬੇਹੱਦ ਖੁਸ਼ ਹਨ।


Shivani Bassan

Content Editor

Related News