ਹਿੰਦ/ਪਾਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਕਾਰਨ ਕਿਸਾਨਾਂ ਨੂੰ ਕਰਨਾ ਪੈ ਰਿਹੈ ਮੁਸ਼ਕਿਲਾਂ ਦਾ ਸਾਹਮਣਾ

08/04/2022 7:11:15 PM

ਖਾਲੜਾ (ਚਾਨਣ ਸੰਧੂ) - ਸਬ ਡਵੀਜ਼ਨ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਡੱਲ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਗਰੇਜ਼ ਸਿੰਘ ਬਾਰਡਰ ਕਿਸਾਨ ਯੂਨੀਅਨ ਪਿੰਡ ਪ੍ਰਧਾਨ, ਗੁਰਸ਼ਰਨ ਸਿੰਘ ਜ਼ਿਲ੍ਹਾ ਪ੍ਰਧਾਨ ਬੀ. ਕੇ. ਕੇ. ਕਾਦੀਆਂ ਕਿਸਾਨ ਸੰਘਰਸ਼ ਕਮੇਟੀ ਆਦਿ ਨੇ ਦੱਸਿਆ ਕਿ ਸਾਡੇ ਪਿੰਡ ਡੱਲ ਦਾ 300 ਏਕੜ ਦੇ ਲਗਭੱਗ ਰਕਬਾ ਤਾਰੋਂ ਪਾਰ ਆਉਂਦਾ ਹੈ। ਸਾਨੂੰ ਸਰਕਾਰ ਵਲੋਂ ਮਿਲਣ ਵਾਲਾ ਮੁਆਵਜ਼ਾ 2018 ਤੋਂ ਲੈ ਕੇ ਚਾਰ ਕਿਸ਼ਤਾਂ ਬਕਾਇਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧ ਵਿਚ ਏ.ਡੀ.ਸੀ ਤਰਨਤਾਰਨ ਨੂੰ ਮਿਲੇ, ਉਨ੍ਹਾਂ ਸਾਨੂੰ ਭਰੋਸਾ ਦਿੱਤਾ ਸੀ ਕਿ ਪੈਸੇ ਸਾਡੇ ਅਕਾਊਂਟ ਵਿਚ ਆ ਗਏ ਹਨ। ਅਸੀਂ ਜਲਦੀ ਤੁਹਾਡੇ ਅਕਾਊਂਟਾਂ ’ਚ ਟਰਾਂਸਫਰ ਕਰ ਦੇਵਾਂਗੇ।

ਪੜ੍ਹੋ ਇਹ ਵੀ ਖ਼ਬਰ: ਤਮਗਾ ਜਿੱਤਣ ਵਾਲੇ ਅੰਮ੍ਰਿਤਸਰ ਦੇ ਲਵਪ੍ਰੀਤ ਦੇ ਘਰ ਵਿਆਹ ਵਰਗਾ ਮਾਹੌਲ, ਢੋਲ ਦੀ ਥਾਪ ’ਤੇ ਪਏ ਭੰਗੜੇ (ਤਸਵੀਰਾਂ)

ਕਿਸਾਨਾਂ ਨੇ ਕਿਹਾ ਕਿ ਪਿੰਡ ਦੇ ਪੰਜ-ਛੇ ਬੰਦਿਆਂ ਨੂੰ ਛੱਡ ਕੇ ਬਾਕੀ ਕਿਸੇ ਦੇ ਖਾਤੇ ਵਿਚ ਕੋਈ ਪੈਸਾ ਹਾਲੇ ਤੱਕ ਨਹੀਂ ਪਾਇਆ ਗਿਆ। 1990 ਤੋਂ ਲੱਗੀ ਹੋਈ ਕੰਡਿਆਲੀ ਤਾਰ ਲਈ ਰਿਕਵਰ ਕੀਤਾ 44 ਫੁੱਟ ਜ਼ਮੀਨ ਦਾ ਸਾਨੂੰ ਬਹੁਤ ਘੱਟ ਮੁਆਵਜ਼ਾ ਦਿੱਤਾ ਗਿਆ ਸੀ। 1947 ਤੋਂ ਜ਼ੀਰੋ ਲੈਣ ਨਾਲ ਛੱਡਿਆ ਗਿਆਰਾਂ ਫੁੱਟ ਦੇ ਰਸਤੇ ਦਾ ਸਾਨੂੰ ਕੋਈ ਵੀ ਮੁਆਵਜ਼ਾ ਹੁਣ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਮੁਆਵਜ਼ੇ ਨੂੰ ਲੈ ਕੇ ਸਾਡਾ ਕਿਸਾਨਾਂ ਦਾ ਸਰਕਾਰ ਨਾਲ ਕੋਰਟ ਕੇਸ ਵੀ ਚੱਲਿਆ ਸੀ। ਫਿਰ ਸਰਕਾਰ ਨਾਲ ਸਮਝੌਤਾ ਹੋ ਗਿਆ ਸੀ ਅਤੇ ਸਰਕਾਰ ਨੇ ਇਹ ਮੰਨਿਆ ਸੀ ਕਿ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਵੀ ਜਲਦੀ ਦਿੱਤਾ ਜਾਵੇਗਾ ਪਰ ਹਾਲੇ ਤੱਕ ਇਸ ਨੂੰ ਕੋਈ ਅਮਲੀਜ਼ਾਮਾ ਨਹੀਂ ਪਹਿਨਾਇਆ ਗਿਆ।

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਉਨ੍ਹਾਂ ਕਿਹਾ ਕਿ ਐਤਵਾਰ ਵਾਲੇ ਦਿਨ ਸਾਨੂੰ ਤਾਰੋਂ ਪਾਰ ਕੰਮ ਕਰਨ ਲਈ ਨਹੀਂ ਜਾਣ ਦਿੱਤਾ ਜਾਂਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਜਲਦੀ ਤੋਂ ਜਲਦੀ ਬਣਦੇ ਮੁਆਵਜ਼ੇ ਦਿੱਤੇ ਜਾਣ, ਨਹੀਂ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ। ਜਦੋਂ ਇਸ ਸਬੰਧੀ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਤਾਰੋਂ ਪਾਰ ਆਉਣ ਵਾਲੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਰਾਘਵ ਚੱਢਾ, ਸੰਤ ਸੀਚੇਵਾਲ ਅਤੇ ਹੋਰ ਜਿੰਨੇ ਵੀ ਸਾਡੇ ਰਾਜ ਸਭਾ ਮੈਂਬਰ ਹਨ, ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤਾਂ ਜੋ ਇਹ ਮੁੱਦੇ ਉਹ ਰਾਜ ਸਭਾ ’ਚ ਉਠਾ ਸਕਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਰਹਿੰਦੀਆਂ ਕਿਸ਼ਤਾਂ ਵੀ ਮੇਰੀ ਡੀ.ਸੀ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਜਲਦੀ ਪਾਈਆਂ ਜਾਣਗੀਆਂ ਅਤੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਜਦੋਂ ਇਸ ਸਬੰਧੀ ਨਾਇਬ ਤਹਿਸੀਲਦਾਰ ਭਿੱਖੀਵਿੰਡ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਕ ਕਿਸ਼ਤ ਹੁਣ ਪੈ ਗਈ ਹੈ ਅਤੇ ਬਾਕੀ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਵੀ ਜਲਦੀ ਹੀ ਪਾ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਕਿਹਾ ਕਿ 44 ਫੁੱਟ ਕੰਡਿਆਲੀ ਤਾਰ ਵਾਲੀ ਜ਼ਮੀਨ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਹਨ ਅਤੇ 11 ਫੁੱਟ ਵਾਲੇ ਰਸਤੇ ਦੀ ਪ੍ਰਪੋਜ਼ਲ ਸਰਕਾਰ ਨੂੰ ਭੇਜ ਦਿੱਤੀ ਗਈ ਹੈ।


rajwinder kaur

Content Editor

Related News