ਅੰਮ੍ਰਿਤਸਰ ’ਚ ਇਕ ਵਾਰ ਫਿਰ ਨਸ਼ਾ ਕਰਨ ਵਾਲੇ ਨੌਜਵਾਨ ਦੀ ਵੀਡੀਓ ਵਾਇਰਲ, ਪੁਲਸ ਨੇ ਚਾਰ ਨੂੰ ਕੀਤਾ ਕਾਬੂ
Tuesday, Feb 06, 2024 - 06:16 PM (IST)
ਅੰਮ੍ਰਿਤਸਰ (ਜਸ਼ਨ)-ਅੱਜ-ਕੱਲ੍ਹ ਨਸ਼ੇ ਨੇ ਸੂਬੇ ਵਿਚ ਆਪਣੇ ਪੈਰ ਪਸਾਰ ਲਏ ਹਨ। ਨਸ਼ਿਆਂ ਕਾਰਨ ਕਈ ਘਰ ਤਬਾਹ ਹੋ ਰਹੇ ਹਨ। ਉਥੇ ਸੋਸ਼ਲ ਮੀਡੀਆ ’ਤੇ ਵੀ ਨਸ਼ੇ ਵਿਚ ਝੂਮ ਰਹੇ ਲੋਕਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਇਹ ਸਾਰਾ ਮਾਮਲਾ ਵੇਰਕਾ ਨੇੜੇ ਇਕ ਇਲਾਕੇ ਨਾਲ ਸਬੰਧਤ ਹੈ। ਖਾਸ ਗੱਲ ਇਹ ਹੈ ਕਿ ਵਾਇਰਲ ਹੋਈ ਵੀਡੀਓ ਵਿਚ ਨੌਜਵਾਨ ਨਸ਼ਾ ਛੁਡਾਊ ਕੇਂਦਰਾਂ ਤੋਂ ਦਵਾਈ ਦੇ ਤੌਰ ’ਤੇ ਦਿੱਤੀਆਂ ਜਾ ਰਹੀਆਂ ਗੋਲੀਆਂ ਨਾਲ ਨਸ਼ਾ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਵਿਅਕਤੀ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ
ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਭਾਰਤੀ ਮੂਲ ਦੇ ਮੁਕਤੀ ਮੋਰਚਾ ਦੇ ਯੂਥ ਵਿੰਗ ਦੇ ਚੇਅਰਮੈਨ ਅਮਨ ਵਿਲੀਅਮ ਨੇ ਦੱਸਿਆ ਕਿ ਬੀਤੇ ਦਿਨ ਉਹ ਵੇਰਕਾ ਅਧੀਨ ਪੈਂਦੇ ਇਲਾਕੇ ਬੱਗੇਵਾਲੀ ਪੱਤੀ ਨੇੜਿਓਂ ਲੰਘ ਰਿਹਾ ਸੀ ਤਾਂ ਉਸ ਨੇ ਇਕ ਖਾਲੀ ਪਲਾਟ ਵਿਚ 20-25 ਨਸ਼ੇੜੀਆਂ ਨੂੰ ਗੁਪਤ ਥਾਂ ਦੇ ਕੋਲ ਨਸ਼ੇ ਵਾਲਾ ਟੀਕਾ ਲਗਾਉਦਿਆਂ ਦੇਖਿਆ। ਆਸ-ਪਾਸ ਦੇ ਕੁਝ ਨੌਜਵਾਨ ਵੀ ਨਸ਼ੇ ਦੇ ਟੀਕੇ ਲਗਾ ਰਹੇ ਸਨ। ਖਾਸ ਗੱਲ ਇਹ ਹੈ ਕਿ ਇਹ ਨੌਜਵਾਨ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਉਪਲਬਧ ਗੋਲੀਆਂ ਨੂੰ ਪੀਸ ਕੇ, ਪਾਣੀ ਵਿਚ ਮਿਲਾ ਕੇ, ਸਰਿੰਜਾਂ ਵਿਚ ਭਰ ਕੇ ਆਪਣੀਆਂ ਨਾੜਾਂ ਵਿਚ ਲਗਾ ਰਹੇ ਸਨ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਮੁਖੀ ਸਮੇਤ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਪਾਰਲੀਮੈਂਟ ’ਚ ਕੀਤੀ ਸ਼ਿਰਕਤ
ਅਮਨ ਨੇ ਦੱਸਿਆ ਕਿ ਇਕ ਸਮਾਜ ਸੇਵੀ ਹੋਣ ਕਾਰਨ ਉਸ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਵੀਡੀਓ ਬਣਾ ਕੇ ਵੇਰਕਾ ਥਾਣੇ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਵਟ੍ਹਸਐਪ ’ਤੇ ਭੇਜ ਦਿੱਤੀ। ਇਸ ’ਤੇ ਵੇਰਕਾ ਥਾਣੇ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਤੁਰੰਤ ਹਰਕਤ ’ਚ ਆ ਗਏ ਅਤੇ ਤੁਰੰਤ ਪੁਲਸ ਟੀਮ ਨੂੰ ਮੌਕੇ ’ਤੇ ਭੇਜਿਆ। ਪੁਲਸ ਨੂੰ ਮੌਕੇ ’ਤੇ ਆਉਂਦਾ ਦੇਖ ਉਥੇ ਮੌਜੂਦ ਕੁਝ ਨੌਜਵਾਨ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਉਕਤ ਖਾਲੀ ਪਲਾਟ ਵਿਚ ਅਜਿਹੇ ਨੌਜਵਾਨ ਇਕੱਠੇ ਹੋ ਕੇ ਨਸ਼ਾ ਕਰਦੇ ਹਨ। ਅਮਨ ਨੇ ਦੱਸਿਆ ਕਿ ਮੌਕੇ ’ਤੇ ਟੀਕੇ ਦੀਆਂ ਸਰਿੰਜਾਂ ਅਤੇ ਹੋਰ ਨਸ਼ੀਲੀਆਂ ਦਵਾਈਆਂ ਵਾਲੀਆਂ 50-50 ਖਾਲੀ ਬੋਤਲਾਂ ਪਈਆਂ ਸਨ। ਜਾਣਕਾਰੀ ਮੁਤਾਬਕ ਪੁਲਸ ਨੇ ਮੌਕੇ ’ਤੇ 20-25 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ ਕੁਝ ਨੂੰ ਰਿਹਾਅ ਕਰ ਦਿੱਤਾ ਗਿਆ ਜਦਕਿ ਕੁਝ ਹਾਲੇ ਵੀ ਹਿਰਾਸਤ ਵਿਚ ਹਨ।
ਇਹ ਵੀ ਪੜ੍ਹੋ : ਜਥੇਦਾਰ ਕਾਉਂਕੇ ਕਤਲ ਮਾਮਲਾ : ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਸਬੰਧਤ ਤਤਕਾਲੀ ਪੁਲਸ ਅਧਿਕਾਰੀਆਂ ਨੂੰ ਨੋਟਿਸ
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਨਸ਼ਾ ਛੱਡਣ ਲਈ ਨਸ਼ੇੜੀਆਂ ਨੂੰ ਇਕ ਗੋਲੀ ਦਿੰਦੇ ਹਨ। ਨਸ਼ਾ ਛੱਡਣ ਲਈ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਗੋਲੀਆਂ ਨਾਲ ਨਸ਼ਾ ਕਰਨ ਵਾਲੇ ਨਸ਼ਾ ਕਰਨ ਲੱਗ ਪਏ ਹਨ। ਨਸ਼ੇ ਦੇ ਆਦੀ ਨੌਜਵਾਨ ਗੋਲੀ ਨੂੰ ਪਾਣੀ ਵਿੱਚ ਘੋਲ ਕੇ ਟੀਕਾ ਲਗਾ ਰਹੇ ਹਨ। ਇਲਾਕਾ ਨਿਵਾਸੀਆਂ ਦੇ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਨੌਜਵਾਨ ਨਹੀਂ ਮੰਨਦੇ ਅਤੇ ਉਨ੍ਹਾਂ ਨਾਲ ਲੜਦੇ ਝਗੜਦੇ ਹਨ। ਵੀਡੀਓ ਵਿਚ ਕੁਝ ਲੋਕ ਨਸ਼ਾ ਛੁਡਾਊ ਕੇਂਦਰਾਂ ਤੋਂ ਮੰਗ ਕਰ ਰਹੇ ਸਨ ਕਿ ਉਹ ਨਸ਼ੇ ਛੱਡਣ ਦੀਆਂ ਗੋਲੀਆਂ ਨੌਜਵਾਨਾਂ ਨੂੰ ਮੌਕੇ ’ਤੇ ਖੁਵਾਉਣ ਦੀ ਹਦਾਇਤ ਕਰਨ ਨਾ ਕਿ ਉਹ ਉਨ੍ਹਾਂ ਨਾਲ ਲਿਜਾਣ ਦੇਣ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਇਲਾਕੇ ਵਿਚ ਨਸ਼ੇ ਨੂੰ ਠੱਲ੍ਹ ਪਾਈ ਜਾਵੇ, ਕਿਉਂਕਿ ਉਨ੍ਹਾਂ ਦੇ ਬੱਚਿਆਂ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਇਸ ਸਬੰਧੀ ਥਾਣਾ ਵੇਰਕਾ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦੋ ਨੌਜਵਾਨਾਂ ਖਿਲਾਫ ਧਾਰਾ 109-51 ਤਹਿਤ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਜਤਿੰਦਰ ਸਿੰਘ ਉਰਫ਼ ਸੰਨੀ (ਦੋਵੇਂ ਵਾਸੀ ਪਿੰਡ ਜਹਾਂਗੀਰ, ਥਾਣਾ ਕੰਬੋ) ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਅਮਨਦੀਪ ਸਿੰਘ ਉਰਫ਼ ਮਨੀ ਅਤੇ ਗੁਰਮੁੱਖ ਸਿੰਘ (ਦੋਵੇਂ ਵਾਸੀ) ਵੇਰਕਾ) ਖ਼ਿਲਾਫ਼ ਧਾਰਾ 107-51 ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚਾਰੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।