ਫਾਰਗ ਮੁਲਾਜ਼ਮਾਂ ਨੇ ਫਿਰ ਚੁੱਕਿਆ ਝੰਡਾ, ਭੁੱਖ ਹੜਤਾਲ ਦੀ ਚਿਤਾਵਨੀ (ਵੀਡੀਓ)

Tuesday, Nov 27, 2018 - 12:00 PM (IST)

ਅੰਮ੍ਰਿਤਸਰ (ਛੀਨਾ) - ਸ਼੍ਰੋਮਣੀ ਕਮੇਟੀ 'ਚੋਂ ਬੇਨਿਯਮੀਆਂ ਦਾ ਬਹਾਨਾ ਬਣਾ ਕੇ ਫਾਰਗ ਕੀਤੇ ਗਏ ਮੁਲਾਜ਼ਮਾਂ ਨੇ ਆਪਣੀ ਨੌਕਰੀ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਮੁੜ ਸ਼੍ਰੋਮਣੀ ਕਮੇਟੀ ਦੇ ਖਿਲਾਫ ਝੰਡਾ ਚੁੱਕ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਧਰਨਾ ਲਾ ਕੇ ਫਾਰਗ ਮੁਲਾਜ਼ਮ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ, ਜਿਨ੍ਹਾਂ ਨੂੰ ਕੁਝ ਧਾਰਮਿਕ ਜਥੇਬੰਦੀਆਂ ਵਲੋਂ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਰਣਜੀਤ ਸਿੰਘ ਖਾਲੜਾ, ਜਗਦੀਪ ਸਿੰਘ ਤੇ ਜਰਨੈਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਬਾਕੀ ਅਹੁਦੇਦਾਰਾਂ ਨੂੰ ਅਸੀਂ ਪੁੱਛਣਾ ਚਾਹੰਦੇ ਹਾਂ ਕਿ ਆਖਿਰ ਸਾਡਾ ਕਸੂਰ ਕੀ ਹੈ। ਅਸੀਂ ਸ਼੍ਰੋਮਣੀ ਕਮੇਟੀ ਦੇ ਕਿਹੜੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਕਿ ਸਾਨੂੰ ਨੌਕਰੀ ਤੋਂ ਕੱਢ ਕੇ ਭੁੱਖੇ ਮਰਨ ਦੇ ਰਾਹ 'ਤੇ ਤੋਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਅਸੀਂ 2 ਵਾਰ ਧਰਨਾ ਲਗਾਇਆ ਸੀ ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਨੌਕਰੀ ਬਹਾਲ ਕਰਨ ਦਾ ਭਰੋਸਾ ਦੇਣ 'ਤੇ ਧਰਨਾ ਚੁੱਕ ਲਿਆ ਸੀ ਪਰ ਦੋਨੋਂ ਵਾਰ ਸਾਡੀਆਂ ਭਾਵਨਾਵਾਂ ਨਾਲ ਖੇਡਿਆ ਗਿਆ, ਜਿਸ ਕਾਰਨ ਫਾਰਗ ਮੁਲਾਜ਼ਮਾਂ 'ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਹੁਣ ਤੀਜੀ ਵਾਰ ਧਰਨਾ ਲਗਾਉਣ 'ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਸਾਨੂੰ ਡੰਡੇ ਦੇ ਜ਼ੋਰ ਨਾਲ ਉਠਾਉਣ ਜਾਂ ਫਿਰ ਸਾਡੇ 'ਤੇ ਗੱਡੀਆਂ ਚੜ੍ਹਾਉਣ ਦੀਆਂ ਧਮਕੀਆਂ ਦੇਣ ਪਰ ਅਸੀਂ ਹੁਣ ਨੌਕਰੀ ਬਹਾਲ ਹੋਣ ਤੋਂ ਪਹਿਲਾਂ ਧਰਨਾ ਨਹੀਂ ਚੁੱਕਾਂਗੇ।

ਇਸ ਮੌਕੇ ਬੀਬੀ ਮਨਜੀਤ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਵੀਰ ਕੌਰ, ਬੀਬੀ ਰਾਜਵਿੰਦਰ ਕੌਰ ਤੇ ਬੀਬੀ ਰਛਪਾਲ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ 'ਚੋਂ ਕੱਢੇ ਜਾਣ ਤੋਂ ਬਾਅਦ ਸਾਡੇ ਘਰ ਪਰਿਵਾਰ ਦੀ ਹਾਲਤ ਕਿੰਨੀ ਤਰਸਯੋਗ ਹੋ ਚੁੱਕੀ ਹੈ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਅਧਿਕਾਰੀ ਸਾਡੇ ਘਰਾਂ 'ਚ ਜਾ ਕੇ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਨ। ਧਰਨੇ 'ਤੇ ਬੈਠੇ ਸਮੂਹ ਫਾਰਗ ਮੁਲਾਜ਼ਮਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 27 ਨਵੰਬਰ ਨੂੰ ਅੰਤ੍ਰਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ 'ਚ ਸਾਨੂੰ ਬਹਾਲ ਨਾ ਕੀਤਾ ਗਿਆ ਤਾਂ 28 ਨਵੰਬਰ ਨੂੰ ਸਾਡਾ ਇਹ ਸ਼ਾਂਤਮਈ ਸੰਘਰਸ਼ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਚ ਤਬਦੀਲ ਹੋ ਜਾਵੇਗਾ। ਇਸ ਦੌਰਾਨ ਪੈਦਾ ਹੋਣ ਵਾਲੀ ਸਥਿਤੀ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਜ਼ਿੰਮੇਵਾਰ ਹੋਣਗੇ।

ਸਬ ਕਮੇਟੀ ਦਾ ਗਠਨ ਕੀਤਾ ਗਿਆ : ਲੌਂਗੋਵਾਲ
ਇਸ ਸਬੰਧ 'ਚ ਜਦੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਫਾਰਗ ਮੁਲਾਜ਼ਮਾਂ ਦਾ ਮਾਮਲਾ ਵਿਚਾਰਨ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ, ਕਮੇਟੀ ਦਾ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਲਾਗੂ ਕੀਤਾ ਜਾਵੇਗਾ। 

ਧਰਨੇ 'ਤੇ ਬੈਠੇ ਫਾਰਗ ਮੁਲਾਜ਼ਮਾਂ ਅੱਗੇ ਖੜ੍ਹੀਆਂ ਕਰ ਦਿੱਤੀਆਂ ਗੱਡੀਆਂ
ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਧਰਨੇ 'ਤੇ ਬੈਠੇ ਫਾਰਗ ਮੁਲਾਜ਼ਮਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਈਆਂ ਸੰਗਤਾਂ ਵਲੋਂ ਹਮਦਰਦੀ ਭਰੀਆ ਨਜ਼ਰ ਨਾਲ ਦੇਖਣ ਅਤੇ ਉਨ੍ਹਾਂ ਕੋਲ ਬੈਠ ਕੇ ਉਨ੍ਹਾਂ ਨਾਲ ਹੋਈ ਜ਼ਿਆਦਤੀ ਬਾਰੇ ਜਾਣਨ ਦਾ ਜਿਵੇਂ ਹੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀਆਂ ਗੱਡੀਆਂ ਧਰਨੇ 'ਤੇ ਬੈਠੇ ਫਾਰਗ ਮੁਲਾਜ਼ਮਾਂ ਦੇ ਅੱਗੇ ਖੜ੍ਹੀਆਂ ਕਰਵਾ ਦਿੱਤੀਆਂ ਤਾਂ ਜੋ ਆਉਂਦੀਆਂ- ਜਾਂਦੀਆਂ ਸੰਗਤਾਂ ਦਾ ਉਨ੍ਹਾਂ 'ਤੇ ਧਿਆਨ ਨਾ ਪਵੇ।


author

rajwinder kaur

Content Editor

Related News