ਸਰਹੱਦ ਨੇੜਿਓਂ 15 ਕਰੋੜ ਦੀ ਹੈਰੋਇਨ ਅਤੇ ਪਿਸਤੌਲ ਬਰਾਮਦ
Friday, Aug 26, 2022 - 03:28 PM (IST)
ਗੁਰਦਾਸਪੁਰ (ਵਿਨੋਦ) : ਸੀਮਾ ਸੁਰੱਖਿਆ ਬਲ ਦੀ 89 ਬਟਾਲੀਅਨ ਦੇ ਜਵਾਨਾਂ ਨੂੰ ਦੇਰ ਸ਼ਾਮ ਗਸ਼ਤ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਨੇੜੇ ਛੁਪਾ ਕੇ ਰੱਖੀ ਗਈ 15 ਕਰੋੜ ਰੁਪਏ ਕੀਮਤ ਦੀ ਤਿੰਨ ਕਿੱਲੋ ਹੈਰੋਇਨ ਅਤੇ ਪਿਸਤੌਲ ਬਰਾਮਦ ਕੀਤਾ ਹੈ। ਇਸ ਸਬੰਧੀ ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ 89 ਬਟਾਲੀਅਨ ਦੇ ਜਵਾਨ ਭਾਰਤ-ਪਾਕਿਸਤਾਨ ਸਰਹੱਦ ਨੇੜੇ ਕਮਾਲਪੁਰ ਜੱਟਾਂ ਨੇੜੇ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਇਕ ਸਰਕੰਡਿਆਂ ’ਚੋਂ ਬੈਗ ਮਿਲਿਆ।
ਇਹ ਵੀ ਪੜ੍ਹੋ : ਆਸ਼ਾ ਵਰਕਰਾਂ ਨੇ ਕੋਰੋਨਾ ਸਪੈਸ਼ਲ ਭੱਤਾ ਬਹਾਲ ਨਾ ਕੀਤੇ ਜਾਣ 'ਤੇ ਜਤਾਇਆ ਰੋਸ
ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਜਦੋਂ ਬੈਗ ਨੂੰ ਖੋਲ੍ਹਿਆ ਤਾਂ ਉਸ ’ਚੋਂ ਤਿੰਨ ਪੈਕੇਟ ਹੈਰੋਇਨ (3 ਕਿੱਲੋ 30 ਗ੍ਰਾਮ) ਅਤੇ ਇਕ ਚੀਨ ਦਾ ਬਣਿਆ 30 ਬੋਰ ਦਾ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਇਆ, ਜਿਸ ਪਾਰਟੀ ਨੂੰ ਇਹ ਸਾਮਾਨ ਮਿਲਿਆ, ਉਸ ਦੀ ਅਗਵਾਈ ਜਸਪਾਲ ਸਿੰਘ ਡੀ. ਸੀ. ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਤੋਂ ਇਹ ਇਤਰਾਜ਼ਯੋਗ ਸਾਮਾਨ ਮਿਲਿਆ ਹੈ, ਉਹ ਅੰਤਰਰਾਸ਼ਟਰੀ ਸਰਹੱਦ ਤੋਂ 400 ਮੀਟਰ ਦੀ ਦੂਰੀ ’ਤੇ ਹੈ, ਜਦਕਿ ਇਸ ਜਗ੍ਹਾ ਦੇ ਸਾਹਮਣੇ ਪਾਕਿਸਤਾਨ ਦੀ ਬਾਸੂਕੋਟ ਫਾਰਵਰਡ ਚੌਕੀ ਪੈਂਦੀ ਹੈ, ਜੋ ਕਿ ਅੰਤਰਰਾਸ਼ਟਰੀ ਸਰਹੱਦ ਤੋਂ 650 ਮੀਟਰ ਦੂਰ ਹੈ। ਉਸ ਨੇ ਦੱਸਿਆ ਕਿ ਸ਼ੱਕ ਹੈ ਕਿ ਕਿਸੇ ਸਮੱਗਲਰ ਨੇ ਇਹ ਹੈਰੋਇਨ ਅਤੇ ਪਿਸਤੌਲ ਪਾਕਿਸਤਾਨ ਤੋਂ ਮੰਗਵਾ ਕੇ ਇੱਥੇ ਛੁਪਾ ਕੇ ਰੱਖਿਆ ਸੀ ਅਤੇ ਇਸ ਨੂੰ ਕਿੱਥੋਂ ਲੈ ਕੇ ਜਾਣ ਦਾ ਸਹੀ ਸਮਾਂ ਲੱਭ ਰਿਹਾ ਸੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।