ਭਾਰੀ ਮੀਂਹ ਨੇ ਕੱਢੀ ਪ੍ਰਸ਼ਾਸਨ ਤੇ ਸਰਕਾਰ ਦੇ ਵਿਕਾਸ ਦੇ ਨਾਅਰਿਆਂ ਦੀ ਫੂਕ

07/16/2019 5:53:16 PM

ਹਰੀਕੇ ਪੱਤਣ (ਲਵਲੀ) - ਪ੍ਰਸ਼ਾਸਨ, ਸਰਕਾਰ ਦੇ ਦਾਅਵਿਆਂ ਅਤੇ ਤਰੱਕੀ ਦੇ ਨਾਅਰਿਆਂ ਦੀ ਫੂਕ ਉਸ ਵੇਲੇ ਨਿਕਲੀ, ਜਦੋਂ ਦੋ ਤਿੰਨ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਨੇ ਪੋਰਿਆਂ ਉੱਪਰ ਮਿੱਟੀ 'ਚ ਪੋਲੀ ਹੋਣ ਕਾਰਨ ਸੜਕ 'ਤੇ ਵੱਡੇ-ਵੱਡੇ ਪਾੜ ਪੈ ਗਏ। ਇਸ ਦੌਰਾਨ ਕੋਈ ਹਾਦਸਾ ਤਾਂ ਨਹੀਂ ਵਾਪਰਿਆ ਪਰ ਪ੍ਰਸ਼ਾਸਨ ਦੀ ਨਾਲਾਇਕੀ ਜ਼ਰੂਰ ਨਜ਼ਰ ਆ ਰਹੀ ਹੈ। ਇਸ ਦੌਰਾਨ ਸਵਾਰੀਆਂ ਵਾਲੀ ਬੱਸ ਤੇ ਸਕੂਲ ਵੈਨ ਬੱਸ ਇਨ੍ਹਾਂ ਵੱਡੇ-ਵੱਡੇ ਪਏ ਪਾੜਾਂ ਵਿਚ ਫਸ ਗਈਆਂ। ਆਉਣ-ਜਾਣ ਵਾਲੀ ਆਵਾਜਾਈ ਬਿਲਕੁਲ ਠੱਪ ਹੋ ਗਈ। ਬੜੀ ਜੱਦੋ ਜਹਿਦ ਅਤੇ ਲੋਕਾਂ ਅਤੇ ਮੌਜੂਦਾ ਪੰਚਾਇਤ ਹਰੀਕੇ ਦੇ ਸਹਿਯੋਗ ਨਾਲ ਬੱਸ ਤੇ ਸਕੂਲ ਵੈਨ ਨੂੰ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਬਾਹਰ ਕੱਢ ਕੇ ਮਿੱਟੀ ਪਾ ਕੇ ਆਵਾਜਾਈ ਬਹਾਲ ਕਰਵਾਈ ਗਈ। 

ਜਾਣਕਾਰੀ ਅਨੁਸਾਰ ਹਰੀਕੇ ਮੇਨ ਚੌਕ ਦੇ ਨਿਕਾਸੀ ਪਾਣੀ ਵਾਲੇ ਪੋਰਿਆਂ ਉੱਪਰ ਪਾਈ ਆਰਜ਼ੀ ਤੌਰ 'ਤੇ ਮਿੱਟੀ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ, ਜਦ ਸਵੇਰ ਦੇ ਟਾਈਮ ਸਕੂਲ ਵਾਲੀ ਵੈਨ ਵਰ੍ਹਦੇ ਮੀਂਹ 'ਚ ਮਿੱਟੀ ਪੋਲੀ ਹੋਣ ਕਰਕੇ ਫਸ ਗਈ। ਜਿਸ ਨਾਲ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਆਉਣ ਜਾਣ ਵਾਲੀ ਆਵਾਜਾਈ 'ਚ ਵਿਗਨ ਪੈ ਗਿਆ। ਸਕੂਲ ਵੈਨ ਨੂੰ ਕਾਫੀ ਦੇਰ ਬਾਅਦ ਜੇ. ਸੀ. ਬੀ. ਦੀ ਮਦਦ ਨਾਲ ਉਸ ਜਗ੍ਹਾ ਤੋਂ ਬਾਹਰ ਕੱਢਿਆ ਗਿਆ ਅਤੇ ਪ੍ਰਬੰਧਕਾਂ ਵਲੋਂ ਉਸ ਜਗ੍ਹਾ ਨੂੰ ਮਿੱਟੀ ਪਾ ਕੇ ਭਰਿਆ ਗਿਆ। ਸਕੂਲ ਵੈਨ ਦੇ ਕੱਢਣ ਤੋਂ ਬਾਅਦ ਸੜਕ ਦੇ ਦੂਸਰੇ ਪਾਸੇ ਨਿਕਾਸੀ ਪੋਰਿਆਂ ਵਾਲੀ ਜਗ੍ਹਾ 'ਤੇ ਬੱਸ ਆਰ. ਜੇ.-19, ਪੀ. ਬੀ.-0820, ਜੋ ਸਵਾਰੀਆਂ ਨਾਲ ਭਰੀ ਹੋਈ ਸੀ, ਫਸ ਗਈ। ਜੇਕਰ ਗੱਲ ਪ੍ਰਸ਼ਾਸਨ ਦੀ ਕਰੀਏ ਤਾਂ ਇੰਝ ਜਾਪ ਰਿਹਾ ਹੈ ਕਿ ਪ੍ਰਸ਼ਾਸਨ ਵਲੋਂ ਬਰਸਾਤੀ ਮੌਸਮ ਤੋਂ ਪਹਿਲਾਂ ਕੋਈ ਵੀ ਚੰਗੇ ਇੰਤਜ਼ਾਮ ਨਹੀਂ ਕੀਤੇ ਗਏ।


rajwinder kaur

Content Editor

Related News