ਬਦਲ ਰਹੇ ਮੌਸਮ ’ਚ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਦਿੱਤੀ ਸਲਾਹ
Monday, Mar 24, 2025 - 02:02 PM (IST)

ਤਰਨਤਾਰਨ(ਰਮਨ)- ਤਾਪਮਾਨ ’ਚ ਆ ਰਹੀ ਗਿਰਾਵਟ ਦੌਰਾਨ ਮੌਸਮ ’ਚ ਕਾਫ਼ੀ ਬਦਲਾਅ ਸ਼ੁਰੂ ਹੋ ਗਿਆ ਹੈ, ਜਿਸ ਨਾਲ ਲੋਕ ਖ਼ਾਸ ਕਰਕੇ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਚਾਉ ਲਈ ਜ਼ਿਲੇ ਦੇ ਵੱਖ-ਵੱਖ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗਰਮੀ ਦੇ ਚੱਲਦਿਆਂ ਤਾਪਮਾਨ ’ਚ ਹੋ ਰਹੇ ਵਾਧੇ ਕਾਰਨ ਲੋਕ ਵੱਖ-ਵੱਖ ਕਿਸਮ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਤਾਜ਼ੇ ਭੋਜਨ ਦੀ ਕਰੋ ਵਰਤੋਂ-ਸਿਟੀ ਹਸਪਤਾਲ ਫੋਕਲ ਪੁਆਇੰਟ ਤਰਨਤਾਰਨ ਦੇ ਐੱਮ.ਡੀ ਜਗਜੀਤ ਸਿੰਘ ਨੇ ਦੱਸਿਆ ਕਿ ਰਾਤ ਦੇ ਬਣੇ ਭੋਜਨ ਦੀ ਸਵੇਰ ਸਮੇਂ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਖਾਣਾ ਚੰਗੀ ਤਰ੍ਹਾਂ ਸਾਫ ਸਫਾਈ ਨਾਲ ਪਕਾਉਣ ਉਪਰੰਤ ਹੀ ਉਸਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਵਰਤੋਂ ਹਮੇਸ਼ਾ ਉਬਾਲ ਕੇ ਕਰਨੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਬਾਸੇ ਖਾਣੇ ਵਿਚ ਫੰਗਸ ਕਾਰਨ ਵਿਅਕਤੀ ਨੂੰ ਪੇਟ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨਸਾਨ ਨੂੰ ਜ਼ਿਆਦਾ ਚਿਕਨਾਹਟ ਵਾਲੀਆਂ ਵਸਤੂਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਇਸ ਨਾਲ ਇਨਸਾਨ ਦੀਆਂ ਨਾਡ਼ਾਂ ’ਚ ਖੂਨ ਸੰਘਣਾ ਹੋ ਜਾਂਦਾ ਹੈ, ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਜ਼ਿਆਦਾ ਵੱਧ ਸਕਦੀ ਹੈ। ਦਿਲ ਦੀਆਂ ਬੀਮਾਰੀਆਂ ਸਬੰਧੀ ਮਾਹਿਰ ਡਾਕਟਰ ਤੋਂ ਹੀ ਹਰ ਮਹੀਨੇ ਸਲਾਹ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਪਿਆਕੜਾਂ ਨੂੰ ਲੱਗੀਆਂ ਮੌਜਾਂ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸਸਤੀ ਹੋ ਗਈ ਸ਼ਰਾਬ
ਬਦਲ ਰਹੇ ਮੌਸਮ ’ਚ ਰੱਖੋ ਆਪਣਾ ਖਾਸ ਖਿਆਲ
ਜ਼ਿਲਾ ਸਿਹਤ ਅਫ਼ਸਰ ਡਾਕਟਰ ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਇਸ ਬਦਲ ਰਹੇ ਮੌਸਮ ਦੌਰਾਨ ਹਰ ਵਿਅਕਤੀ ਨੂੰ ਆਪਣਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਹਮੇਸ਼ਾ ਇਨਸਾਨ ਨੂੰ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬੁਨ ਦੀ ਵਰਤੋਂ ਕਰਦੇ ਹੋਏ ਧੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਇਨਸਾਨ ਵੱਖ-ਵੱਖ ਕਿਸਮ ਦੀਆਂ ਬੀਮਾਰੀਆਂ ਤੋਂ ਬਚ ਸਕਦਾ ਹੈ। ਡਾਕਟਰ ਔਲਖ ਨੇ ਦੱਸਿਆ ਕਿ ਘਰਾਂ ਦੇ ਆਸ-ਪਾਸ ਪਾਣੀ ਨੂੰ ਲਗਾਤਾਰ ਇਕ ਹਫਤੇ ਤੱਕ ਖਡ਼੍ਹਾ ਨਾ ਹੋਣ ਦਿੱਤਾ ਜਾਵੇ। ਅਜਿਹੀ ਸਥਿਤੀ ਵਿਚ ਡੇਂਗੂ ਮੱਛਰ ਦੀ ਪੈਦਾ ਹੋਣ ਦੇ ਪੂਰੇ ਅਸਾਰ ਬਣ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੱਛਰ ਦੇ ਕੱਟਣ ਕਰਕੇ ਮਲੇਰੀਆ ਅਤੇ ਡੇਗੂ ਵੀ ਹੋ ਸਕਦਾ ਹੈ, ਜਿਸ ਤੋਂ ਬਚਾਓ ਲਈ ਇਨਸਾਨ ਨੂੰ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪਡ਼ੇ ਪਾਉਣ ਦੀ ਲੋਡ਼ ਹੈ।
ਬਾਜ਼ਾਰੀ ਵਸਤੂਆਂ ਤੋਂ ਕਰੋ ਗੁਰੇਜ਼
ਡਾ. ਸ਼ਮਸ਼ੇਰ ਸਿੰਘ ਐੱਮ.ਡੀ ਮੈਡੀਸਿਨ ਅਤੇ ਸਾਬਕਾ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਨੇ ਆਪਣੀ ਕਲੀਨਿਕ ਨਜ਼ਦੀਕ ਪਾਸੀ ਮੈਡੀਕਲ ਸਟੋਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਦਲ ਰਹੇ ਮੌਸਮ ਵਿਚ ਬਾਜ਼ਾਰਾਂ ਅਤੇ ਗਲੀਆਂ ਵਿਚ ਬਿਨਾਂ ਸਾਫ ਸਫਾਈ ਵਿਕਣ ਵਾਲੀਆਂ ਤੋਂ ਪੂਰਾ ਗੁਰੇਜ਼ ਕਰਨ ਦੀ ਲੋਡ਼ ਹੈ। ਚੰਗੇ ਮਟੀਰੀਅਲ ਤੋਂ ਬਿਨਾਂ ਤਿਆਰ ਕੀਤੀਆਂ ਵਸਤੂਆਂ ਦੀ ਵਰਤੋਂ ਕਰਨ ਕਰਕੇ ਇਨਸਾਨ ਦਸਤ, ਡਾਇਰੀਆ, ਟਾਈਫਾਇਡ ਆਦਿ ਦੇ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਘਰ ਅੰਦਰ ਸਾਫ ਸੁਥਰੇ ਢੰਗ ਨਾਲ ਤਿਆਰ ਕੀਤੇ ਗਏ ਖਾਣੇ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਬਾਜ਼ਾਰੀ ਵਸਤੂਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ- Punjab: ਮੌਤ ਬਣ ਕੇ ਆਏ ਟਰੱਕ ਨੇ ਉਜਾੜ 'ਤਾ ਘਰ, ਪਰਿਵਾਰ ਸਾਹਮਣੇ ਇਕਲੌਤੇ ਪੁੱਤ ਦੀ ਨਿਕਲੀ ਜਾਨ
ਬੱਚਿਆਂ ਦਾ ਰੱਖੋ ਖਾਸ ਖਿਆਲ
ਚੈਰਿਸ਼ ਹਸਪਤਾਲ ਦੇ ਮਾਲਕ ਡਾਕਟਰ ਰਾਜ ਕੁਮਾਰ ਪੂਨੀਆ ਨੇ ਆਪਣੇ ਹਸਪਤਾਲ ਜੋ ਸਰਕਾਰੀ ਹਸਪਤਾਲ ਦੇ ਸਾਹਮਣੇ ਮੌਜੂਦ ਹੈ, ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਬਦਲਦੇ ਮੌਸਮ ਵਿਚ ਬੱਚਿਆਂ ਦਾ ਖਾਸ ਖਿਆਲ ਰੱਖਦੇ ਹੋਏ ਉਨ੍ਹਾਂ ਨੂੰ ਬਾਜ਼ਾਰ ਵਿਚ ਵਿਕਣ ਵਾਲੇ ਜੰਕ ਫੂਡ ਤੋਂ ਗੁਰੇਜ਼ ਕਰਨ ਦੀ ਲੋਡ਼ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਘੱਟ ਪਕਾਏ ਹੋਏ ਭੋਜਨ ਦੀ ਵਰਤੋਂ ਕਾਰਨ ਬੱਚਿਆਂ ਨੂੰ ਕਈ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਿਨਾਂ ਸਾਫ ਸਫਾਈ ਨਾਲ ਤਿਆਰ ਕੀਤੀਆਂ ਗਈਆਂ ਵਸਤੂਆਂ ਦੀ ਵਰਤੋਂ ਬੱਚਿਆਂ ਨੂੰ ਬੀਮਾਰ ਕਰ ਸਕਦੇ ਹਨ, ਜਿਸ ਨਾਲ ਉਹ ਵੱਖ-ਵੱਖ ਬੀਮਾਰੀਆਂ ਜਿਵੇਂ ਟਾਇਫਾਈਡ, ਡਾਇਰੀਆ ਆਦਿ ਤੋਂ ਇਲਾਵਾ ਹੋਰ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਗਲੇ ਦੀ ਇਨਫੈਕਸ਼ਨ ਦੇ ਹੋ ਰਹੇ ਮਰੀਜ਼ ਸ਼ਿਕਾਰ
ਈ.ਐੱਨ.ਟੀ ਸਪੈਸ਼ਲਿਸਟ ਅਤੇ ਸਿਵਲ ਹਸਪਤਾਲ ਤਰਨਤਾਰਨ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਬਦਲ ਰਹੇ ਮੌਸਮ ਵਿਚ ਜ਼ਿਆਦਾਤਰ ਲੋਕ ਗਲੇ ਦੀ ਇਨਫੈਕਸ਼ਨ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਇਨਫੈਕਸ਼ਨ ਦੇ ਜ਼ਿਆਦਾ ਵਧਣ ਕਰਕੇ ਇਨਸਾਨ ਦੀ ਆਵਾਜ਼ ਨੂੰ ਵੀ ਵੱਡਾ ਨੁਕਸਾਨ ਪਹੁੰਚ ਸਕਦਾ ਹੈ, ਜਿਸ ਦੇ ਚੱਲਦਿਆਂ ਮਰੀਜ਼ ਨੂੰ ਮਾਹਿਰ ਡਾਕਟਰ ਨਾਲ ਹੀ ਸੰਪਰਕ ਕਰਦੇ ਹੋਏ ਹੀ ਦਵਾਈ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾ ਉੱਚੀ ਬੋਲਣ ਨਾਲ ਵੀ ਗਲੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਦਲ ਰਹੇ ਮੌਸਮ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਦਾ ਵਿਸ਼ੇਸ਼ ਤੌਰ ਉਪਰ ਧਿਆਨ ਰੱਖਣਾ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8