ਡੇਂਗੂ ਮੱਛਰ ਦੇ ਖ਼ਾਤਮੇ ਲਈ ਸਿਹਤ ਵਿਭਾਗ ਹੋਇਆ ਸਖ਼ਤ, ਘਰ-ਘਰ ਜਾ ਲਾਰਵੇ ਦੀ ਹੋ ਰਹੀ ਭਾਲ

Thursday, Nov 17, 2022 - 01:24 PM (IST)

ਡੇਂਗੂ ਮੱਛਰ ਦੇ ਖ਼ਾਤਮੇ ਲਈ ਸਿਹਤ ਵਿਭਾਗ ਹੋਇਆ ਸਖ਼ਤ, ਘਰ-ਘਰ ਜਾ ਲਾਰਵੇ ਦੀ ਹੋ ਰਹੀ ਭਾਲ

ਤਰਨਤਾਰਨ (ਰਮਨ ਚਾਵਲਾ)- ਜ਼ਿਲ੍ਹੇ ਅੰਦਰ ਡੇਂਗੂ ਪੀੜਤਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਸਰਕਾਰੀ ਲੈਬਾਰਟਰੀ ਦੇ ਅੰਕੜਿਆਂ ਅਨੁਸਾਰ ਡੇਂਗੂ ਮਰੀਜ਼ਾਂ ਦੀ ਗਿਣਤੀ 39 ਤੱਕ ਜਾ ਪੁੱਜੀ ਹੈ ਜਦਕਿ ਪ੍ਰਾਈਵੇਟ ਅੰਕੜਿਆਂ ਅਨੁਸਾਰ ਡੇਂਗੂ ਅਤੇ ਪਲੇਟਲੈੱਟਸ ਦੀ ਘਾਟ ਵਾਲੇ ਮਰੀਜ਼ਾਂ ਦੀ ਗਿਣਤੀ ਸੈਂਕੜੇ ਤੋਂ ਵੱਧ ਮੰਨੀ ਜਾ ਸਕਦੀ ਹੈ।

PunjabKesari

ਜ਼ਿਲ੍ਹੇ ’ਚ ਡੇਂਗੂ ਮੱਛਰ ਅਤੇ ਪਲੇਟਲੈੱਟਸ ਸੈੱਲ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਜਿਉਂ-ਜਿਉਂ ਸਰਦੀ ਵੱਧ ਰਹੀ ਹੈ, ਉਸ ਦੇ ਨਾਲ ਡੇਂਗੂ ਪੀੜਤਾਂ ਦੀ ਗਿਣਤੀ ’ਚ ਵੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਹੀ ਲੋਕ ਡੇਂਗੂ ਦੇ ਸ਼ਿਕਾਰ ਹੋ ਰਹੇ ਹਨ। ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਪੀੜਤਾਂ ਦੇ ਘਰਾਂ ’ਚ ਜਾ ਸਾਫ਼-ਸਫ਼ਾਈ ਰੱਖਣ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਡੇਂਗੂ ਦੇ ਸ਼ਿਕਾਰ ਮਰੀਜ਼ਾਂ ਨੂੰ ਤੇਜ਼ ਬੁਖਾਰ ਹੋਣਾ, ਉਲਟੀ ਆਉਣਾ, ਭੁੱਖ ਨਾ ਲੱਗਣਾ, ਸ਼ਰੀਰ ਕਮਜ਼ੋਰ ਪੈਣਾ, ਦਰਦਾਂ ਹੋਣੀਆਂ ਸ਼ੁਰੂ ਹੋ ਜਾਦੀਆਂ ਹਨ। ਇਸ ਦੌਰਾਨ ਮਰੀਜ਼ ਨੂੰ ਜਿੱਥੇ ਮਾਹਿਰ ਡਾਕਟਰ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ ਉੱਥੇ ਪੈਰਾਸੀਟਾਮੋਲ ਦਵਾਈ ਦਾ ਇਸਤੇਮਾਲ ਬੁਖਾਰ ਨੂੰ ਉਤਾਰਨ ਲਈ ਕੀਤਾ ਜਾ ਸਕਦਾ ਹੈ।

ਇਹ  ਵੀ ਪੜ੍ਹੋ- ਮੁੱਖ ਮੰਤਰੀ ਮਾਨ ਦੀ ਬਿਆਨਬਾਜ਼ੀ ’ਤੇ ਭੜਕੇ ਬਿਕਰਮ ਮਜੀਠੀਆ, ਕੀਤਾ ਧਮਾਕੇਦਾਰ ਟਵੀਟ

ਜ਼ਿਲ੍ਹਾ ਮਾਈਕਰੋਬਾਈਲੋਜ਼ਿਸਟ ਅਫ਼ਸਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਬੀਮਾਰੀ ਦੇ ਸ਼ਿਕਾਰ ਮਰੀਜ਼ਾਂ ਨੂੰ ਆਪਣਾ ਇਲਾਜ ਮਾਹਿਰ ਡਾਕਟਰ ਪਾਸੋਂ ਕਰਵਾਉਣਾ ਚਾਹੀਦਾ ਹੈ ਨਾ ਕਿ ਖੁੱਦ ਹੀ ਇਲਾਜ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਲੈਬਾਰਟਰੀ ਤੋਂ ਮੁਫ਼ਤ ਜਾਂਚ ਕਰਵਾਉਣ ਉਪਰੰਤ ਹੀ ਡੇਂਗੂ ਦੀ ਪੁੱਸ਼ਟੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ।

ਇਹ  ਵੀ ਪੜ੍ਹੋ- ਸੁਧੀਰ ਸੂਰੀ ਕਤਲ ਮਾਮਲੇ ’ਚ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਮੁਲਜ਼ਮ ਸੰਦੀਪ ਸਿੰਘ

ਸਿਵਲ ਸਰਜਨ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵੱਧ ਰਹੀ ਹੈ, ਜਿਸ ਤਹਿਤ ਹੁਣ ਤੱਕ ਜ਼ਿਲ੍ਹੇ ਅੰਦਰ ਡੇਂਗੂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ 39 ਤੋਂ ਵੱਧ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀ ਲੋਕਾਂ ਨੂੰ ਘਰ-ਘਰ ਜਾ ਜਾਗਰੂਕ ਕਰ ਰਹੇ ਹਨ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਵਲੋਂ ਮੁਹਿੰਮ ਸ਼ੁਰੂ ਕਰਦੇ ਹੋਏ ਡੇਂਗੂ ਮੱਛਰ ਦਾ ਲਾਰਵਾ ਮਿਲਣ ਤਹਿਤ ਚਲਾਨ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਸਾਰੇ ਦਫ਼ਤਰਾਂ ਅਤੇ ਘਰਾਂ ’ਚ ਕੂਲਰ, ਫ਼ਰਿੱਜਾਂ, ਗਮਲਿਆਂ ਆਦਿ ਨੂੰ ਚੈੱਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹੇ ਅੰਦਰ ਦਫ਼ਤਰਾਂ ਤੇ ਜਨਤਕ ਥਾਵਾਂ ਉੱਪਰ ਐਂਟੀ ਲਾਰਵਾ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਐਂਟੀ ਲਾਰਵਾ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਦੇ ਹੋਏ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਜਿੱਥੇ ਲਾਰਵਾ ਪਾਇਆ ਗਿਆ ਉੱਥੇ ਉਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ।


author

Shivani Bassan

Content Editor

Related News