ਸਿਹਤ ਵਿਭਾਗ ਨੇ PNDT ਐਕਟ ਦੀ ਉਲੰਘਣਾ ਕਰਨ ਵਾਲੇ ਅਲਟਰਾਸਾਊਂਡ ਸੈਂਟਰਾਂ ’ਤੇ ਕੱਸਿਆ ਸ਼ਿਕੰਜਾ

04/21/2022 10:48:28 AM

ਅੰਮ੍ਰਿਤਸਰ (ਦਲਜੀਤ) -ਸਿਹਤ ਵਿਭਾਗ ਨੇ ਪੀ. ਐੱਨ. ਡੀ. ਟੀ. ਐਕਟ ਸਬੰਧੀ ਅਲਟਰਾਸਾਊਂਡ ਸੈਂਟਰਾਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਵਿਭਾਗ ਵੱਲੋਂ ਜ਼ਿਲ੍ਹੇ ਦੇ 63 ਕੇਂਦਰਾਂ ਦੀ ਅਚਨਚੇਤ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 6 ਵਿਚ ਖਾਮੀਆਂ ਪਾਈਆਂ ਗਈਆਂ। ਵਿਭਾਗ ਵੱਲੋਂ ਸਬੰਧਤ ਅਲਟਰਾਸਾਊਂਡ ਸੈਂਟਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪੀ. ਐੱਨ. ਡੀ. ਟੀ. ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਸਪ੍ਰੀਤ ਸਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 185 ਅਲਟਰਾਸਾਊਂਡ ਸੈਂਟਰ ਹਨ, ਜਿਨ੍ਹਾਂ ’ਚੋਂ ਪੀ. ਐੱਨ. ਡੀ. ਟੀ. ਐਕਟ ਨੂੰ ਲਾਗੂ ਕਰਨਾ ਯਕੀਨੀ ਬਣਾਉਣ ਲਈ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। 

ਐਕਟ ਅਨੁਸਾਰ ਲਿੰਗ ਅਨੁਪਾਤ ਦੀ ਜਾਂਚ ਕਰਨਾ ਗੈਰ-ਕਾਨੂੰਨੀ ਹੈ। ਅਲਟ੍ਰਾਸਾਊਂਡ ਕਰਵਾਉਣ ਵਾਲੇ ਸਾਰੇ ਮਰੀਜ਼ਾਂ ਦੀ ਸੰਖੇਪ ਜਾਣਕਾਰੀ ਕੇਂਦਰ ਕੋਲ ਉਪਲੱਬਧ ਹੋਣੀ ਜ਼ਰੂਰੀ ਹੈ। ਡਾ. ਜਸਪ੍ਰੀਤ ਨੇ ਦੱਸਿਆ ਕਿ ਜਿਨ੍ਹਾਂ ਅਲਟ੍ਰਾਂਸਾਊਂਡ ਸੈਂਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ’ਚੋਂ ਕਈਆਂ ਦਾ ਰਿਕਾਰਡ ਪੂਰਾ ਨਹੀਂ ਸੀ ਅਤੇ ਕਈਆਂ ’ਚ ਖਾਮੀਆਂ ਵੀ ਸਨ। ਡਾ. ਜਸਮੀਤ ਨੇ ਦੱਸਿਆ ਕਿ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀਆਂ ਹਦਾਇਤਾਂ ’ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਜੋ ਵੀ  ਸੈਂਟਰ ਉਲੰਘਣਾ ਕਰਦਾ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

 ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਪੀ. ਐੱਨ. ਡੀ. ਟੀ. ਐਕਟ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਾ. ਜਸਪ੍ਰੀਤ ਸ਼ਰਮਾ ਦੀ ਅਗਵਾਈ ਹੇਠ ਟੀਮ ਲਗਾਤਾਰ ਸੈਂਟਰਾਂ ਦਾ ਦੌਰਾ ਕਰ ਰਹੀ ਹੈ। ਡਾ. ਚਰਨਜੀਤ ਨੇ ਦੱਸਿਆ ਕਿ ਟੀਮ ਵੱਲੋਂ ਸਰਕਾਰੀ ਅਤੇ ਗੈਰ-ਸਰਕਾਰੀ ਸੈਂਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ, ਜੇਕਰ ਕੋਈ ਕੇਂਦਰ ਗਲਤ ਕੰਮ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
 


rajwinder kaur

Content Editor

Related News