ਹਰੀਕੇ ਮੇਨ ਚੌਕ ’ਚ ਕਿਸਾਨਾਂ ਵੱਲੋਂ 3 ਘੰਟੇ ਧਰਨਾ ਦਿੱਤਾ

Tuesday, Nov 06, 2018 - 02:23 AM (IST)

ਹਰੀਕੇ ਮੇਨ ਚੌਕ ’ਚ ਕਿਸਾਨਾਂ ਵੱਲੋਂ 3 ਘੰਟੇ ਧਰਨਾ ਦਿੱਤਾ

ਹਰੀਕੇ ਪੱਤਣ,   (ਲਵਲੀ)-  ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਜਥੇਬੰਦੀਆ ਵੱਲੋਂ ਪੂਰੇ ਪੰਜਾਬ ਵਿਚ ਤਿੰਨ ਘੰਟੇ ਲਈ ਆਵਾਜਾਈ ਬੰਦ ਕਰਨ ਦੇ ਸੱਦੇ ’ਤੇ ਅੱਜ ਹਰੀਕੇ ਪੱਤਣ ਦੇ ਮੇਨ ਚੌਕ ਵਿਚ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ। 
ਪਰਾਲੀ ਸਾਡ਼ਨ ਵਾਲੇ ਕਿਸਾਨਾਂ ਨੂੰ ਜੁਰਮਾਨੇ ਤੇ ਪਰਚੇ ਕਰਨ ਦੇ ਖਿਲਾਫ ਅਤੇ ਮੰਡੀਅਾਂ ’ਚ ਝੋਨੇ ਦੀ ਹੋ ਰਹੀ ਬੇਕਦਰੀ ਦੇ ਖਿਲਾਫ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ ਦੀ ਅਗਵਾਈ ਹੇਠ ਰੋਹ ਵਿਚ ਆਏ ਕਿਸਾਨਾਂ ਨੇ ਅੰਮ੍ਰਿਤਸਰ-ਫਿਰੋਜ਼ਪੁਰ ਹਾਈਵੇ ਉੱਪਰ ਹਰੀਕੇ ਪੱਤਣ ਦੇ ਮੇਨ ਚੌਕ ਵਿਚ ਧਰਨਾ ਲਗਾ ਕੇ ਸਡ਼ਕੀ ਆਵਾਜਾਈ ਠੱਪ ਕਰਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਆਵਾਜਾਈ ਠੱਪ ਹੋਣ ਕਾਰਨ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ  ਨੇ ਇਸ ਧਰਨੇ ਨੂੰ ਸੰਬੋਧਨ ਕਰਦਿਅਾਂ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਕਿਸਾਨਾਂ ਨਾਲ ਵਾਅਦਾ ਕਰਕੇ ਵੋਟਾਂ ਲੈਣ ਤੋਂ ਬਾਅਦ ਮੁੱਕਰ ਚੁੱਕੀ ਹੈ। 
ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਤੋਂ ਸਰਕਾਰ ਮੁੱਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੀਲਾਮੀਆਂ ਲਗਾਤਾਰ ਜਾਰੀ। ਪਰਾਲੀ ਦਾ ਸਰਕਾਰ ਨੇ ਕੋਈ ਠੋਸ ਹੱਲ ਨਹੀਂ ਕੱਢਿਆ। ਜਥੇਬੰਦੀਆਂ ਦੀ ਮੰਗ ਮੁਤਾਬਕ ਕਿਸਾਨਾਂ ਨੂੰ ਪਰਾਲੀ ਸਾਂਭਣ ਲਈ  ਪ੍ਰਤੀ ਏਕਡ਼ ਦੇ ਹਿਸਾਬ ਨਾਲ ਝੋਨੇ ਉਪਰ 6000/-ਰੁਪੈ  ਜਾਂ 200/-ਰੁਪੈ ਪ੍ਰਤੀ ਏਕਡ਼ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ, ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਕੋਈ ਮੰਗ ਨਹੀ ਮੰਨੀ। 
ਇਸ ਦੇ ਉਲਟ ਪਰਾਲੀ ਸਾਡ਼ਨ ਵਾਲੇ ਕਿਸਾਨਾਂ ਉਪਰ ਕੇਸ ਦਰਜ ਕਰਕੇ ਜੁਰਮਾਨੇ ਕੀਤੇ ਜਾ ਰਹੇ ਹਨ, ਜਿਸ ਦਾ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਵਿਚ ਨਮੀ ਦੇ ਨਾਂ ਹੇਠ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੋਲਿਆ ਜਾ ਰਿਹਾ ਹੈ, ਝੋਨੇ ਦੀ ਸਰਕਾਰੀ ਖਰੀਦ ਲੱਗਭਗ ਬੰਦ ਹੈ। ਉਨ੍ਹਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਝੋਨੇ ਵਿਚ ਨਮੀ ਦੀ ਮਾਤਾਰਾ 24% ਕੀਤੀ ਜਾਵੇ, ਕਿਉਂਕਿ ਨਮੀ ਵਿਚ ਝੋਨਾ ਲੇਟ ਲੱਗਣ ਕਾਰਨ ਆ ਰਹੀ ਹੈ ਜਿਸ ਦੀ ਕਿਸਾਨਾਂ ਪਾਸੋਂ ਜਬਰੀ ਕਟੌਤੀ ਕੀਤੀ ਜਾ ਰਹੀ ਹੈ, ਬੰਦ ਕੀਤੀ ਜਾਵੇ। ਮੰਡੀਆਂ ਵਿਚ ਕੰਪਿਉੂਟਰ ਕੰਢੇ ਲਗਾਏ ਜਾਣ । ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ  ਤਾਂ ਉਨ੍ਹਾਂ ਦੀਆਂ ਜਥੇਬੰਦੀਆਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਬਾਜ ਸਿੰਘ ਸਿਧਵਾਂ, ਹਰਜੀਤ ਸਿੰਘ ਜੌਹਲ, ਦਲੇਰ ਸਿੰਘ ਰਾਜੋਕੇ, ਸੁਖਵੰਤ ਸਿੰਘ ਵਲਟੋਹਾ, ਮੇਹਰ ਸਿੰਘ ਸਖੀਰਾ, ਨੰਬਰਦਾਰ ਬਲਵਿੰਦਰ ਸਿੰਘ, ਮੇਜਰ ਸਿੰਘ ਪਰਿੰਗਡ਼ੀ, ਬਾਬਾ ਪ੍ਰਗਟ ਸਿੰਘ, ਜੋਗਿੰਦਰ ਸਿੰਘ, ਜਸਪਾਲ ਸਿੰਘ ਕਿਰਤੋਵਾਲ ਆਦਿ ਕਿਸਾਨ ਹਾਜ਼ਰ ਸਨ।


Related News