ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਰਵੀਸ਼ੇਰ ਸਿੰਘ ਦਾ ਮੁੱਖ ਏਜੰਡਾ

06/06/2018 1:47:49 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਜ਼ਿਲਾ ਤਰਨਤਾਰਨ ਦੇ ਪਿੰਡ ਜਾਮਾਰਾਏ ਦੇ ਸਵ. ਕੈਪਟਨ ਤਰਲੋਕ ਸਿੰਘ ਜਾਮਾਰਾਏ ਦਾ ਫਰਜੰਦ ਅਤੇ ਕਸਬਾ ਝਬਾਲ ਦੀ ਨਾਮਵਰ ਸਖਸ਼ੀਅਤ ਪਹਿਲਵਾਨ ਗੁਰਬਚਨ ਸਿੰਘ ਦਾ ਦੋਹਤਾ ਰਵੀ ਸ਼ੇਰ ਸਿੰਘ, ਜੋ ਕਿ ਅਮਰੀਕਾ ਦੀ ਧਰਤੀ 'ਤੇ ਨਾਮ ਖੱਟ ਰਿਹਾ ਹੈ। ਰਵੀਸ਼ੇਰ ਸਿੰਘ ਨੇ ਮੁੱਢਲੀ ਵਿਦਿਆ ਅੰਮ੍ਰਿਤਸਰ ਦੇ ਇਕ ਨਾਮਵਰ ਸਕੂਲ ਤੋਂ ਹਾਸਲ ਕੀਤੀ ਤੇ ਸੰਨ 1998 'ਚ ਉਹ ਅਮਰੀਕਾ ਰਹਿੰਦੇ ਆਪਣੇ ਪਿਤਾ ਕੈਪਟਨ ਤਰਲੋਕ ਸਿੰਘ ਕੋਲ ਚਲਾ ਗਿਆ। ਉੱਚ ਵਿਦਿਆ ਵਿਦੇਸ਼ੀ ਸਕੂਲ ਤੇ ਕਾਲਜ 'ਚੋਂ ਹਾਸਲ ਕਰਨ ਉਪਰੰਤ ਰਵੀਸ਼ੇਰ ਨੇ ਵਿਦੇਸ਼ੀ ਧਰਤੀ 'ਤੇ ਬਿਜ਼ਨੈੱਸ ਮੈਨੇਜਮੈਂਟ ਦੇ ਕੋਰਸ 'ਚ ਆਪਣੀ ਧਾਂਕ ਜਮਾਈ ਤੇ ਅੱਜ ਉਹ ਵਿਦੇਸ਼ੀ ਧਰਤੀ 'ਤੇ ਲਾਇਨ ਟਰਾਂਸਪੋਰਟਰ ਦਾ ਮਾਲਕ ਹੈ। 
ਖੇਡਾਂ ਨਾਲ ਪਿਆਰ ਦੀ ਰੁਚੀ ਦੇ ਕਾਰਨ ਬਾਰੇ ਰਵੀਸ਼ੇਰ ਦਾ ਕਹਿਣਾ ਹੈ ਕਿ ਉਸ ਨੂੰ ਰੰਗਲੇ ਪੰਜਾਬ ਦੇ ਸ਼ੈਲ ਛਬੀਲੇ ਗੱਭਰੂਆਂ ਦੀ ਜਦੋਂ ਤਸਵੀਰ ਅੱਖਾਂ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਦਿਲ ਅੰਦਰ ਇਕ ਹੀ ਉਮੰਗ ਉੱਠਦੀ ਹੈ ਕਿ 'ਕਾਸ਼... ਸਾਡਾ ਪੰਜਾਬ ਮੁੜ ਉਹੋ ਪੁਰਾਣਾ ਪੰਜਾਬ ਬਣ ਜਾਵੇ। ਇਸ ਲਈ ਉਸ ਨੇ ਦਿਲ 'ਚ ਇਕ ਹੀ ਸੁਪਨਾ ਸਿਰਜਿਆ ਹੈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਜ਼ਿੰਦ ਜਾਨ ਲਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਝਬਾਲ ਦੀ ਧਰਤੀ ਨਾਲ ਉਸਦਾ ਇਸ ਕਰਕੇ ਦਿਲ ਦਾ ਖਾਸ ਮੋਹ ਹੈ ਕਿਉਂਕਿ ਇਹ ਧਰਤੀ ਮੇਰੀ ਮਾਂ ਦੀ ਧਰਤੀ ਹੈ। ਰਵੀ ਸ਼ੇਰ ਦਾ ਕਹਿਣਾ ਹੈ ਕਿ ਉਸਦੇ ਨਾਨਾ ਗੁਰਬਚਨ ਸਿੰਘ ਝਬਾਲ 'ਚ ਨਾਮੀ ਪਹਿਲਵਾਨ ਹੁੰਦੇ ਸਨ। ਇਸ ਕਰਕੇ ਹੀ ਉਸ ਨੂੰ ਪਹਿਲਵਾਨੀ ਨਾਲ ਬਹੁਤ ਪਿਆਰ ਤੇ ਲਗਾਅ ਵੀ ਹੈ। ਉਸ ਵਲੋਂ ਝਬਾਲ ਦੀ ਧਰਤੀ 'ਤੇ ਬੀਬੀ ਵੀਰੋ ਜੀ ਦੇ ਜੋੜ ਮੇਲੇ ਮੌਕੇ ਜੋ ਖੇਡ ਮੇਲਾ ਕਰਾਉਣ ਦਾ ਸੁਭਾਗ ਪਿੱਛਲੇ ਸਾਲਾਂ ਤੋਂ ਪ੍ਰਾਪਤ ਹੋ ਰਿਹਾ ਹੈ ਉਸ ਲਈ ਉਹ ਬੀਬੀ ਵੀਰੋ ਜੀ ਦੇ ਸ਼ੁੱਕਰ ਗੁਜਾਰ ਤੇ ਝਬਾਲ ਵਾਸੀਆਂ ਦੇ ਰਿਣੀ ਹਨ। ਇਸ ਵਾਰ ਵੀ ਉਹ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਅਤੇ ਸਰਪੰਚ ਮੋਨੂੰ ਚੀਮਾ ਦੇ ਸਹਿਯੋਗ ਨਾਲ 8 ਅਤੇ 9 ਜੂਨ ਨੂੰ ਝਬਾਲ ਦੀ ਧਰਤੀ 'ਤੇ ਖੇਡਾਂ ਦਾ ਮਹਾਂ ਦੰਗਲ ਕਰਾਉਣ ਜਾ ਰਹੇ ਹਨ, ਜਿਥੇ ਨਾਮੀ ਪਹਿਲਵਾਨ ਅਤੇ ਅੰਤਰਰਾਸ਼ਟਰੀ ਕਬੱਡੀ ਦੀਆਂ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ। ਉਨ੍ਹਾਂ ਦੱਸਿਆ ਕਿ ਝੰਡੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ ਜਿੱਥੇ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ ਉੱਥੇ ਹੀ ਕਬੱਡੀ ਟੀਮਾਂ ਨੂੰ ਵੀ ਅਕਾਰਸ਼ਿਤ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਉਸ ਨੇ ਦੱਸਿਆ ਕਿ ਇਸ ਮਹਾਂ ਖੇਡ ਮੇਲੇ ਲਈ ਜਿਥੇ ਉਸ ਨੂੰ ਉਸਦੇ ਪਿਤਾ ਤਰਲੋਕ ਸਿੰਘ ਜਾਮਾਰਾਏ ਦਾ ਅਸ਼ੀਰਵਾਦ ਹੈ ਉਥੇ ਹੀ ਐੱਨ. ਆਰ. ਆਈ ਵੀਰਾਂ ਸੁਵਿੰਦਰ ਸਿੰਘ ਸਿੱਧੂ, ਬਿਕਰਮਜੀਤ ਸਿੰਘ ਡਿਪਟੀ ਯੂ. ਐੱਸ. ਏ., ਅੰਮ੍ਰਿਤ ਸ਼ਾਹਬਾਜਪੁਰ, ਲਵ ਅਲਾਦੀਨਪੁਰ ਅਤੇ ਸੋਨੂੰ ਜੌਹਲ ਦਾ ਵਿਸ਼ੇਸ਼ ਸਹਿਯੋਗ ਹੈ।


Related News