ਜਿਮ ’ਚ ਅੱਗ ਲੱਗੀ, ਨੌਜਵਾਨਾਂ ਦੀ ਕੋਸ਼ਿਸ਼ ਸਦਕਾ ਵੱਡਾ ਨੁਕਸਾਨ ਹੋਣੋ ਟਲਿਆ

05/14/2022 7:41:45 PM

ਕਾਦੀਆਂ (ਜ਼ੀਸ਼ਾਨ) - ਅੱਜ ਸਥਾਨਕ ਇਕ ਬਿਲਡਿੰਗ ’ਚ ਸਥਿਤ ਜਿਮ ’ਚ ਅੱਗ ਲੱਗ ਗਈ, ਜਿਸ ਦਾ ਪਤਾ ਲੱਗਣ ’ਤੇ ਨੌਜਵਾਨ ਤੁਰੰਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਬੜੀ ਮਿਹਨਤ ਨਾਲ ਅੱਗ ਨੂੰ ਬੁਝਾਉਣ ’ਚ ਸਫਲਤਾ ਹਾਸਲ ਕੀਤੀ। ਇਸੇ ਦੌਰਾਨ ਬਟਾਲਾ ਤੋਂ ਫ਼ਾਇਰ ਬ੍ਰਿਗੇਡ ਮੌਕੇ ਪਹੁੰਚ ਗਈ ਅਤੇ ਅੱਗ ਬੁਝਾਉਣ ’ਚ ਮਦਦ ਦਿੱਤੀ। 

ਇਸ ਸਬੰਧ ’ਚ ਦਵਿੰਦਰ ਸਿੰਘ ਫ਼ਾਇਰ ਮੈਨ ਅਤੇ ਰਵਿੰਦਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਮ ’ਚ ਅੱਗ ਲੱਗਣ ਦੀ ਸੂਚਨਾ ਲਗਭਗ 11:45 ’ਤੇ ਮਿਲੀ ਸੀ। ਸੂਚਨਾ ਮਿਲਣ ਦੇ 20 ਮਿੰਟ ਬਾਅਦ ਉਹ ਕਾਦੀਆਂ ਪਹੁੰਚ ਗਏ ਅਤੇ ਉਨ੍ਹਾਂ ਦੀ ਟੀਮ ਨੇ ਰਾਹਤ ਦੇ ਕੰਮ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਅੱਗ ਨੂੰ ਫ਼ੈਲਣ ਨੂੰ ਰੋਕਣ ’ਚ ਸਫਲਤਾ ਹਾਸਲ ਕਰ ਲਈ ਸੀ। ਜੇ ਸਮੇਂ ਸਿਰ ਨੌਜਵਾਨ ਕਾਰਵਾਈ ਨਾ ਕਰਦੇ ਤਾਂ ਪੂਰੀ ਬਿਲਡਿੰਗ ਤਬਾਹ ਹੋ ਸਕਦੀ ਸੀ।

ਦੂਜੇ ਪਾਸੇ ਪਾਵਰਕਾਮ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਇਸ ਮੌਕੇ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਜਿਮ ਦੇ ਅੰਦਰ ਪਏ ਸਾਮਾਨ ਨੂੰ ਅੱਗ ਲੱਗੀ ਸੀ। ਪਾਵਰਕਾਮ ਦੀ ਜਿਹੜੀ ਸਪਲਾਈ ਲਾਈਨ ਜਿਮ ’ਚ ਜਾ ਰਹੀ ਸੀ। ਉਹ ਬਿਲਕੁਲ ਠੀਕ ਸੀ ਅਤੇ ਕਿਸੇ ਕਿਸਮ ਦਾ ਕੋਈ ਨੁਕਸਾਨ ਤਾਰ ਨੂੰ ਨਹੀਂ ਪਹੁੰਚਿਆ ਸੀ। ਜਿਮ ਅੰਦਰ ਅੱਗ ਕਿਵੇਂ ਲੱਗੀ ਅਜੇ ਤੱਕ ਇਸ ਦਾ ਕਾਰਨ ਪਤਾ ਨਹੀਂ ਚੱਲ ਸਕਿਆ। ਦੂਜੇ ਪਾਸੇ ਗ਼ਨੀਮਤ ਇਹ ਰਹੀ ਕਿ ਜਿੱਥੇ ਅੱਗ ਲੱਗੀ ਸੀ ਉਸ ਦੇ ਨਾਲ ਦੇ ਕਮਰੇ ’ਚ ਦੋ ਨੌਜਵਾਨ ਸੁੱਤੇ ਪਏ ਸਨ। ਅੱਗ ਲੱਗਣ ’ਤੇ ਨੌਜਵਾਨਾਂ ਨੇ ਇਨ੍ਹਾਂ ਨੂੰ ਜਾ ਕੇ ਜਗਾਇਆ।


rajwinder kaur

Content Editor

Related News