ਗੁਰਦਾਸਪੁਰ ਜ਼ਿਲ੍ਹੇ ’ਚ ਹੁਣ ਤੱਕ ਕਰੀਬ 800 ਖੇਤਾਂ ਨੂੰ ਲਾਈ ਗਈ ਅੱਗ, ਇਕ FIR ਵੀ ਨਹੀਂ ਹੋਈ ਦਰਜ

05/10/2022 5:13:50 PM

ਗੁਰਦਾਸਪੁਰ - ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ 'ਤੇ ਪਾਬੰਦੀ ਲਗਾਈ ਗਈ ਹੈ। ਕਿਸਾਨ ਪ੍ਰਸ਼ਾਸਨ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਗੈਰ ਨਾੜ ਨੂੰ ਖੇਤਾਂ ’ਚ ਅੱਗ ਲੱਗਾ ਰਹੇ ਹਨ, ਜਿਸ ਕਾਰਨ ਜਾਨਲੇਵਾ ਹਾਦਸੇ ਵਾਪਰ ਰਹੇ ਹਨ। ਦੱਸ ਦੇਈਏ ਕਿ ਗੁਰਦਾਸਪੁਰ ਜ਼ਿਲ੍ਹੇ ’ਚ ਦੂਸਰੀ ਵਾਰ ਵਾਹੀਯੋਗ ਜ਼ਮੀਨ ਦੀ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਵੱਡੇ ਪੱਧਰ ’ਤੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੇ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਲਿਆ ਹੈ। ਇਸ ਸਮੱਸਿਆ ਨੂੰ ਹੱਲ ਕਰਨ ਦੀ ਥਾਂ ਅਧਿਕਾਰੀ ਸਿਆਸੀ ਦਬਾਅ ਹੋਣ ਕਾਰਨ ਕਿਸਾਨਾਂ ਖ਼ਿਲਾਫ਼ ਕੋਈ ਬਣਦੀ ਕਾਰਵਾਈ ਨਹੀਂ ਕਰ ਰਹੇ। 

ਸੂਬੇ ’ਚ ਚੱਲ ਰਹੀ ਇਸ ਸਮੱਸਿਆ ਨੂੰ ਅਧਿਕਾਰੀਆਂ ਦੇ ਨਾਲ-ਨਾਲ ਸਰਕਾਰ ਵੀ ਨਜ਼ਰਅੰਦਾਜ਼ ਕਰਦੀ ਨਜ਼ਰ ਆ ਰਹੀ ਹੈ। ਹੈਰਾਨੀ ਕਰਨ ਵਾਲੀ ਇਹ ਗੱਲ ਹੈ ਜਿਸ ਵੇਲੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ, ਉਦੋਂ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਪੰਜਾਬ ’ਚ ਲਾਈ ਜਾ ਰਹੀ ਅੱਗ ਦਿੱਲੀ ਦੇ ਪ੍ਰਦੂਸ਼ਨ ਦਾ ਕਾਰਨ ਹੈ। ਹੁਣ ਤਾਂ ਪੰਜਾਬ ’ਚ ਕੇਜਰੀਵਾਲ ਦੀ ਸਰਕਾਰ ਹੀ ਕੰਮ ਕਰ ਰਹੀ ਹੈ, ਜਿਸ ਦੇ ਬਾਵਜੂਦ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਦੇਖਿਆ ਜਾ ਰਿਹਾ।

ਇਸ ਸਬੰਧ ’ਚ ਇਕ ਪੁਲਸ ਅਧਿਕਾਰੀ ਨੇ ਮੰਨਿਆ ਕਿ ਨਾੜ ਨੂੰ ਲਾਈ ਜਾ ਰਹੀ ਅੱਗ ਖ਼ਿਲਾਫ਼ ਥਾਣੇ ’ਚ ਹੁਣ ਤੱਕ ਇਕ ਵੀ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸ਼ਿਕਾਇਤਾਂ ਉਸ ਵੇਲੇ ਹੀ ਦਰਜ ਕੀਤੀਆਂ ਜਾਣਗੀਆਂ, ਜਦੋਂ ਸਾਨੂੰ ਖੇਤੀਬਾੜੀ ਵਿਭਾਗ ਵਲੋ ਹਦਾਇਤਾਂ ਜਾਰੀ ਹੋਣਗੀਆਂ। ਮੁੱਖ ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਲੁਧਿਆਣਾ ਵਿਖੇ ਪੰਜਾਬ ਰੀਮੋਟ ਸੈਸਿੰਗ ਸੈਟਰ (ਪੀ.ਆਰ.ਐੱਸ.ਸੀ.) ਨੇ ਇਸ ਸੀਜ਼ਨ ਵਿਚ 800 ਦੇ ਕਰੀਬ ਥਾਵਾਂ ਨੂੰ ਟ੍ਰੇਸ ਕੀਤਾ ਸੀ, ਜਿਥੇ ਕਿਸਾਨਾਂ ਵਲੋਂ ਨਾੜ ਨੂੰ ਅੱਗ ਲਾਈ ਗਈ ਸੀ। ਹਾਲਾਂਕਿ ਇਸ ਬਾਰੇ ਕੋਈ ਸ਼ਿਕਾਇਤਾਂ ਦਰਜ ਨਹੀਂ ਕਰਵਾਈਆਂ ਗਈਆਂ ਹਨ। 

ਇਸ ਸਮੱਸਿਆ ਦੀ ਗੰਭੀਰਤਾਂ ਨੂੰ ਸਮਝਦੇ ਹੋਏ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਇਕ ਪੱਤਰ ਵੀ ਲਿਖਿਆ ਗਿਆ ਹੈ। ਖੇਤੀਬਾੜੀ ਅਧਿਕਾਰੀ ਇਸ ਤੋਂ ਆਪਣਾ ਪੱਲ੍ਹਾ ਝਾੜਦੇ ਹੋਏ ਵਿਖਾਈ ਦੇ ਰਹੇ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਾੜ ਨੂੰ ਅੱਗ ਇਕ ਕਿਸਾਨ ਲਿਆਉਂਦਾ ਹੈ ਪਰ ਉਸ ਕਾਰਨ ਬਾਕੀ ਖੇਤਾਂ ਨੂੰ ਵੀ ਅੱਗ ਲੱਗ ਜਾਂਦੀ ਹੈ। ਇਸ ਵਿਚ ਦੂਸਰੇ ਕਿਸਾਨਾਂ ਦਾ ਕੀ ਕਸੂਰ ਹੈ? ਅਧਿਕਾਰੀਆਂ ਦਾ ਕਹਿਣ ’ਤੇ ਜਦੋ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਗੁਰਦਾਸਪੁਰ ਦੇ ਹਰ ਪਿੰਡ ’ਚ ਖੇਤਾਂ ਨੂੰ ਅੱਗ ਲਾਈ ਗਈ ਸੀ। ਗੁਰਦਾਸਪੁਰ ਨੂੰ ਲੱਗਦੇ 4 ਮੁੱਖ ਹਾਈਵੇਅ ਤੋਂ ਲਗਾਤਾਰ ਧੂੰਆ ਦੇਖਣ ਨੂੰ ਮਿਲ ਰਿਹਾ ਸੀ, ਜਿਸ ਕਾਰਨ ਵਾਤਾਵਰਣ ਦਾ ਬੁਰਾ ਹਾਲ ਹੋਇਆ ਪਿਆ ਹੈ।

ਧਾਰਾ 188 ਦੇ ਤਹਿਤ ਲਿਆ ਜਾਵੇਗਾ ਐਕਸ਼ਨ
ਮੁੱਖ ਖੇਤੀਬਾੜੀ ਅਫ਼ਸਰ ਰਣਧੀਰ ਸਿੰਘ ਨੇ ਕਿਹਾ ਕਿ ਦੋਸ਼ੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਜਾਵੇਗਾ ਪਰ ਕਿਸਾਨਾਂ ਨੂੰ ਇਸ ’ਤੇ ਫਿਕਰ ਕਰਨ ਦੀ ਲੋੜ ਨਹੀਂ, ਕਿਉਕਿ ਇਸ ਧਾਰਾਂ ’ਚ ਉਨ੍ਹਾਂ ਨੂੰ ਜ਼ਮਾਨਤ ਮਿਲ ਸਕਦੀ ਹੈ।


 


rajwinder kaur

Content Editor

Related News