ਗੁਰਦਾਸਪੁਰ ਦਾ ਪੁਰਾਣਾ ਬੱਸ ਸਟੈਂਡ ਬਣਿਆ ਨਸ਼ੇੜੀਆਂ ਦਾ ਅੱਡਾ, ਗੰਦਗੀ ਦੇ ਆਲਮ ਨਾਲ ਸਰਿੰਜ਼ਾਂ ਦੀ ਭਰਮਾਰ
Wednesday, Feb 19, 2025 - 01:14 PM (IST)

ਗੁਰਦਾਸਪੁਰ (ਵਿਨੋਦ)-ਜਦੋਂ ਤੋਂ ਨਵਾਂ ਬੱਸ ਸਟੈਂਡ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-7 ਵਿਚ ਤਬਦੀਲ ਹੋ ਗਿਆ ਹੈ, ਉਦੋਂ ਤੋਂ ਪੁਰਾਣੇ ਬੱਸ ਸਟੈਂਡ ਦੀ ਸਾਂਭ ਸੰਭਾਲ ਵੀ ਰੱਬ ਆਸਰੇ ਹੋ ਚੁੱਕੀ ਹੈ। ਭਾਵੇਂ ਇਹ ਬੱਸ ਸਟੈਂਡ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਪੈਂਦਾ ਹੈ ਪਰ ਇਸ ਸਮੇਂ ਇਸ ਦੀ ਕੋਈ ਵੀ ਸਾਫ ਸਫਾਈ ਨਾ ਹੋਣ ਅਤੇ ਕੋਈ ਵੀ ਕਰਮਚਾਰੀ ਇਥੇ ਤਾਇਨਾਤ ਨਾ ਹੋਣ ਕਾਰਨ ਇਹ ਬੱਸ ਸਟੈਂਡ ਹੁਣ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ। ਪੀਣ ਵਾਲੇ ਪਾਣੀ ਦੀਆਂ ਟੁਟੀਆਂ ’ਚ ਵੀ ਸਰਿੰਜ਼ਾ ਨਜ਼ਰ ਆ ਰਹੀਆਂ ਹਨ ਅਤੇ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਵੀ ਵੇਖੇ ਜਾ ਰਹੇ ਹਨ ਪਰ ਇਸ ਸਬੰਧੀ ਨਾ ਤਾਂ ਸਿਟੀ ਪੁਲਸ ਗੰਭੀਰ ਦਿਖਾਈ ਦੇ ਰਹੀ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ।
ਇਸ ਸਬੰਧੀ ਜਦੋਂ ਅੱਜ ਇਸ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਬੱਸ ਸਟੈਂਡ ਵਿਚ ਹਰ ਜਗ੍ਹਾ ਨਸ਼ੇੜੀਆਂ ਵੱਲੋਂ ਬੀੜੀਆਂ, ਸਿਗਰੇਟਾਂ, ਨਸ਼ਾ ਦੀ ਪੂਰਤੀ ਲਈ ਵਰਤਿਆ ਜਾਣ ਵਾਲਾ ਸਿਲਵਰ ਪੇਪਰ ਸਮੇਤ ਹੋਰ ਕਈ ਪਦਾਰਥ ਖਿਲਰੇ ਨਜ਼ਰ ਆਏ। ਪਾਣੀ ਪੀਣ ਵਾਲੀਆਂ ਟੁਟੀਆਂ ’ਚ ਸਰਿੰਜ਼ਾ ਖੂਨ ਦੇ ਨਾਲ ਭਰੀਆਂ ਨਜ਼ਰ ਆ ਰਹੀਆਂ ਸਨ।
ਇਹ ਵੀ ਪੜ੍ਹੋ- ਪੰਜਾਬ ਦੇ 10 ਹੋਟਲਾਂ 'ਤੇ ਵੱਡੀ ਕਾਰਵਾਈ
ਇਸ ਸਮੇਂ ਬੱਸ ਸਟੈਂਡ ਵਿਚ ਗੰਦਗੀ ਦਾ ਪੂਰਾ ਬੋਲਬਾਲਾ ਦਿਖਾਈ ਦੇ ਰਿਹਾ ਹੈ। ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਦਿਖਾਈ ਦੇ ਰਹੇ ਹਨ। ਇਸ ਦੇ ਇਲਾਵਾ ਬਾਥਰੂਮਾਂ ਦਾ ਵੀ ਬੁਰਾ ਹਾਲ ਹੈ। ਕਈ ਨੌਜਵਾਨ ਰਾਤ ਸਮੇਂ ਇਥੇ ਠਹਿਰਦੇ ਹਨ ਅਤੇ ਨਸ਼ੇ ਦੀ ਪੂਰਤੀ ਕਰਦੇ ਸਮੇਂ ਇਥੇ ਹੀ ਸੌ ਜਾਂਦੇ ਹਨ। ਜਦਕਿ ਜ਼ਿਆਦਾਤਰ ਨੌਜਵਾਨ ਘਰੋਂ ਨਸ਼ੇ ਦੀ ਪੂਰਤੀ ਲਈ ਇਸ ਬੱਸ ਸਟੈਂਡ ਦਾ ਇਸਤੇਮਾਲ ਵੀ ਕਰ ਰਹੇ ਹਨ। ਸ਼ਾਮ ਸਮੇਂ ਹੀ ਕਈ ਨੌਜਵਾਨ ਇਸ ਬੱਸ ਸਟੈਂਡ 'ਤੇ ਪਹੁੰਚ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੇ ਵਿਦਿਆਰਥੀ ਨੂੰ ਦਰੜਿਆ
ਆਸਪਾਸ ਦੇ ਦੁਕਾਨਦਾਰ ਅਤੇ ਲੋਕ ਪ੍ਰੇਸ਼ਾਨ
ਰਾਤ ਸਮੇਂ ਨੌਜਵਾਨ ਵੱਲੋਂ ਨਸ਼ਾ ਦੇ ਪੂਰਤੀ ਕਰਨ ਲਈ ਇਸਤੇਮਾਲ ਕੀਤੇ ਜਾ ਰਹੇ ਬੱਸ ਸਟੈਂਡ ਦੇ ਕਾਰਨ ਆਸਪਾਸ ਦੇ ਦੁਕਾਨਦਾਰ ਅਤੇ ਲੋਕ ਵੀ ਕਾਫੀ ਪ੍ਰੇਸ਼ਾਨ ਹਨ। ਲੋਕਾਂ ਅਨੁਸਾਰ ਕਈ ਵਾਰ ਨੌਜਵਾਨਾਂ ਨੂੰ ਨਸ਼ਾ ਪੂਰਤੀ ਨਾ ਕਰਨ ਸਬੰਧੀ ਕਿਹਾ ਗਿਆ ਹੈ ਪਰ ਕਈ ਨੌਜਵਾਨ ਉਨ੍ਹਾਂ ਨਾਲ ਝਗੜਾ ਕਰਨ 'ਤੇ ਉਤਾਰੂ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਅਨੁਸਾਰ ਕਈ ਨੌਜਵਾਨ ਬਾਹਾਂ ’ਤੇ ਟੀਕੇ ਲਗਾਉਦੇ ਨਜ਼ਰ ਆਉਂਦੇ ਹਨ। ਇਸ ਤੋਂ ਬਾਅਦ ਬੱਸ ਸਟੈਂਡ ਤੇ ਹੀ ਸੌ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ
ਕੀ ਕਹਿਣਾ ਹੈ ਸਿਟੀ ਪੁਲਸ ਸਟੇਸ਼ਨ ਇੰਚਾਰਜ ਦਾ
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ। ਇਸ ਸਬੰਧੀ ਪੀ. ਸੀ. ਆਰ. ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇਗੀ ਕਿ ਉਹ ਰਾਤ ਸਮੇਂ ਪੁਰਾਣੇ ਬੱਸ ਸਟੈਂਡ ਦੀ ਚੈਕਿੰਗ ਕਰਨ। ਜੇਕਰ ਕੋਈ ਵੀ ਨੌਜਵਾਨ ਨਸ਼ਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8