ਮਜ਼ਦੂਰ ਨੂੰ ਇਨਸਾਫ ਦਿਵਾਉਣ ਲਈ ਕੀਤਾ ਜਾਵੇਗਾ ਤਿੱਖਾ ਸੰਘਰਸ਼

01/24/2019 2:14:31 PM

ਗੁਰਦਾਸਪੁਰ (ਵਿਨੋਦ) - ਸਿਵਲ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਇਕ ਡਾਕਟਰ ਵਲੋਂ ਚੂਲੇ ਦੇ ਆਪ੍ਰੇਸ਼ਨ ਸਮੇਂ ਦਿਖਾਈ ਅਣਗਹਿਲ਼ੀ ਖਿਲਾਫ ਸਿਵਲ ਹਸਪਤਾਲ, ਜੀਵਨ ਵਾਲਾ ਬੱਬਰੀ (ਗੁਰਦਾਸਪੁਰ) ਵਿਖੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਦੀ ਅਗਵਾਈ 'ਚ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੱਖਾ ਨਥਾਨਿਆਲ ਦਾ ਅੱਜ ਤੋਂ ਦੋ ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਅਤੇ ਡਾਕਟਰ ਨੇ ਉਸ ਦੇ ਚੂਲ਼ੇ ਦਾ ਆਪ੍ਰੇਸ਼ਨ ਕਰਕੇ ਚੂਲ਼ਾ ਬਦਲ ਦਿੱਤਾ ਸੀ। ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਸਮੱਸਿਆ ਆਉਣ 'ਤੇ ਡਾਕਟਰ ਨੇ ਉਸ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾ ਦਿੱਤਾ ਅਤੇ ਉਸ ਦੇ ਚੂਲ਼ੇ ਦਾ ਮੁੜ ਆਪ੍ਰੇਸ਼ਨ ਕਰ ਦਿੱਤਾ। ਡਾਕਟਰਾਂ ਵਲੋਂ ਕੀਤੇ ਮੁੜ ਇਸ ਆਪ੍ਰੇਸ਼ਨ ਨੇ ਉਸ ਨੂੰ ਠੀਕ ਕਰਨ ਦੀ ਥਾਂ ਹਮੇਸ਼ਾ ਲਈ ਮੰਜੇ 'ਤੇ ਪਾ ਦਿੱਤਾ ਸੀ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਲੱਖਾ ਨਥਾਨਿਆਲ ਨੇ ਦੱਸਿਆ ਕਿ ਉਹ ਇਸ ਸੰਬੰਧੀ ਕਈ ਵਾਰ ਸਿਵਲ ਹਸਪਤਾਲ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਨੂੰ ਮਿਲ ਕੇ ਆਪਣੇ ਨਾਲ ਹੋਏ ਧੱਕੇ ਬਾਰੇ ਦੱਸ ਚੁੱਕਾ ਹੈ ਪਰ ਡਾਕਟਰ ਆਪਣੇ ਅਸਰ-ਰਸੂਖ ਦਾ ਫਾਇਦਾ ਚੁੱਕ ਕੇ ਉਕਤ ਅਧਿਕਾਰੀਆਂ ਨਾਲ ਮਿਲੀ-ਭੁਗਤ ਕਰ ਲੈਂਦਾ ਹੈ। ਉਸ ਨੇ ਜ਼ਿਲਾ ਪ੍ਰਸ਼ਾਸਨ ਕੋਲ ਵੀ ਇਨਸਾਫ ਦੀ ਗੁਹਾਰ ਲਾਈ ਸੀ ਪਰ ਜ਼ਿਲਾ ਪ੍ਰਸ਼ਾਸਨ ਨੇ ਵੀ ਡਾਕਟਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਮੰਜੇ 'ਤੇ ਪਿਆ ਹੋਇਆ ਹੈ।ਉਸ ਦੇ ਪੁੱਤਰਾਂ ਨੇ ਘਰ ਦੀ ਆਰਥਿਕ ਹਾਲਾਤ ਨੂੰ ਦੇਖਦਿਆ ਆਪਣੀ ਪੜ੍ਹਾਈ ਛੱਡ ਦਿੱਤੀ ਹੈ ਅਤੇ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ। ਉਸ ਦੇ ਦੋਵਾਂ ਆਪ੍ਰੇਸ਼ਨਾਂ 'ਤੇ ਉਸ ਦਾ ਕਰੀਬ ਲੱਖ ਰੁਪਏ ਤੋਂ ਵੀ ਵੱਧ ਦਾ ਖਰਚਾ ਹੋਇਆ ਹੈ, ਜਿਸ ਦੀ ਅਦਾਇਗੀ ਉਸ ਨੇ ਕਰਜ਼ਾ ਲੈ ਕੇ ਕੀਤੀ ਸੀ। ਉਸ ਦੇ ਕਰਜ਼ੇ ਦਾ ਵਿਆਜ਼ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਮੇਤ ਪਰਿਵਾਰ ਸਿਵਿਲ ਹਸਪਤਾਲ ਦੇ ਬਾਹਰ ਪੱਕਾ ਧਰਨਾ ਲੱਗਾ ਕੇ ਬੈਠ ਜਾਵੇਗਾ।

ਉਧਰ ਦੂਜੇ ਪਾਸੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਦੇ ਜ਼ਿਲਾ ਆਗੂ ਸੁਖਦੇਵ ਰਾਜ ਬਹਿਰਾਮਪੁਰ ਤੇ ਦਫਤਰ ਸਕੱਤਰ ਜੋਗਿੰਦਰਪਾਲ ਘੁਰਾਲਾ ਨੇ ਕਿਹਾ ਕਿ ਡਾਕਟਰ ਵਲੋਂ ਆਪ੍ਰੇਸ਼ਨ ਦੇ ਸਮੇਂ ਵਰਤੀ ਕੁਤਾਹੀ ਨੇ ਮਜ਼ਦੂਰ ਦਾ ਹੀ ਨਹੀਂ ਸਗੋਂ ਉਸ ਦੇ ਪਰਿਵਾਰ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮਜ਼ਦੂਰ ਨੂੰ ਇਨਸਾਫ ਦਿਵਾਉਣ ਲਈ ਉਸ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕਰਨਗੇ।


rajwinder kaur

Content Editor

Related News