ਸਰਕਾਰ ਦੇ ਫੈਸਲੇ ਨਾਲ ਲੋਕਾਂ ਨੂੰ ਹੋਵੇਗੀ ਵੱਡੀ ਖੱਜ਼ਲ ਖੁਆਰੀ : ਵਲਟੋਹਾ

06/12/2020 12:38:57 AM

ਸੁਰਸਿੰਘ/ਤਰਨਤਾਰਨ, (ਗੁਰਪ੍ਰੀਤ ਢਿੱਲੋਂ, ਰਮਨ ਚਾਵਲਾ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੁਲਸ ਰੇਂਜਾਂ ਦੇ ਪੁਨਰਗਠਨ ਸਮੇਂ ਤਰਨਤਾਰਨ ਜ਼ਿਲੇ ਨੂੰ ਅੰਮ੍ਰਿਤਸਰ ਰੇਂਜ 'ਚੋਂ ਕੱਢ ਕੇ ਫਿਰੋਜ਼ਪੁਰ ਰੇਂਜ 'ਚ ਜੋੜਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਅਜਿਹਾ ਕਰਨ ਨਾਲ ਜ਼ਿਲੇ ਦੇ ਲੋਕਾਂ ਨੂੰ ਵੱਡੀ ਖੱਜ਼ਲ ਖੁਆਰੀ ਹੋਵੇਗੀ। ਇੱਥੇ ਜਾਰੀ ਕੀਤੇ ਇਕ ਬਿਆਨ 'ਚ ਪਾਰਟੀ ਦੇ ਸੀਨੀਅਰ ਨੇਤਾ ਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਬੰਧਕੀ ਫੈਸਲੇ ਹਮੇਸ਼ਾ ਲੋਕਾਂ ਦੇ ਭਲੇ ਲਈ ਤੇ ਉਨ੍ਹਾਂ ਨੂੰ ਨੇੜੇ ਤੋਂ ਨੇੜੇ ਹੋਰ ਵਧੀਆ ਸਹੂਲਤਾਂ ਦੇਣ ਲਈ ਲਏ ਜਾਂਦੇ ਹਨ ਪਰ ਮੌਜੂਦਾ ਕੈਪਟਨ ਸਰਕਾਰ ਨੇ ਜ਼ਿਲੇ ਤਰਨਤਾਰਨ ਨੂੰ ਪੁਲਸ ਰੇਂਜ ਅੰਮ੍ਰਿਤਸਰ ਨਾਲੋਂ ਤੋੜ ਕੇ ਫਿਰੋਜ਼ਪੁਰ ਰੇਂਜ ਨਾਲ ਜੋੜ ਕੇ ਹੈਰਾਨੀਜਨਕ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਤਰਨਤਾਰਨ ਨੂੰ ਫਿਰੋਜ਼ਪੁਰ ਨਾਲ ਜੋੜਦਿਆਂ ਪ੍ਰਸ਼ਾਸਕੀ ਤੇ ਭੁਗੌਲਿਕ ਸਥਿਤੀਆਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਫੈਸਲੇ ਹਮੇਸ਼ਾ ਲੋਕ ਹਿੱਤਾਂ ਵਾਸਤੇ ਲੈਣੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲੇ ਅੰਮ੍ਰਿਤਸਰ 'ਚੋਂ ਹੀ ਨਿਕਲਿਆ ਹੈ ਤੇ ਤਰਨਤਾਰਨ ਜ਼ਿਲੇ ਦੀਆਂ ਹੱਦਾਂ ਅੰਮ੍ਰਿਤਸਰ ਸ਼ਹਿਰ ਨਾਲ ਜੁੜਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਹਰ ਪੱਖੋਂ ਰੁਝਾਨ ਅੰਮ੍ਰਿਤਸਰ ਵੱਲ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲੇ ਦੇ ਵਸਨੀਕਾਂ ਬਾਰੇ ਲਿਆ ਗਿਆ ਇਹ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਵਲਟੋਹਾ ਨੇ ਕਿਹਾ ਕਿ ਮੁੱਖ ਮੰਤਰੀ ਆਪ ਇਸ ਮਾਮਲੇ 'ਚ ਦਖਲ ਦੇਣ 'ਤੇ ਉਨ੍ਹਾਂ ਦੀ ਸਰਕਾਰ ਵਲੋਂ ਲਏ ਫੈਸਲੇ ਨੂੰ ਵਾਪਸ ਕਰਵਾਉਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।


Bharat Thapa

Content Editor

Related News