ਮਾਮਲਾ ਸਰਕਾਰੀ ਸੈਟੇਲਾਈਟ ਹਸਪਤਾਲ ’ਚ ਬੱਚੇ ਦੀ ਮੌਤ

Sunday, Sep 16, 2018 - 01:59 AM (IST)

ਮਾਮਲਾ ਸਰਕਾਰੀ ਸੈਟੇਲਾਈਟ ਹਸਪਤਾਲ ’ਚ ਬੱਚੇ ਦੀ ਮੌਤ

ਅੰਮ੍ਰਿਤਸਰ,   (ਦਲਜੀਤ)- ਸਰਕਾਰੀ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ ’ਚ ਇਕ ਗਰਭਵਤੀ ਦੇ ਗਰਭ ’ਚ ਬੱਚੇ ਦੀ ਹੋਈ ਮੌਤ ਦੇ ਮਾਮਲੇ ’ਚ ਸਿਹਤ ਵਿਭਾਗ ਦੀ ਮਹਿਲਾ ਮੁਲਾਜ਼ਮ ਨੂੰ ਪਰਿਵਾਰ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਪੀਡ਼ਤ ਪਰਿਵਾਰ ਨੇ ਜਿਥੇ ਖੂਬ ਖਰੀਆਂ-ਖੋਟੀਆਂ ਸੁਣਥੇ ਹੀ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਡਰਾਮਾ ਕਰਾਰ ਦਿੱਤਾ। ਪੀਡ਼ਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਬੱਚਾ ਚਲਾ ਗਿਆ, ਸਿਹਤ ਵਿਭਾਗ ਹੁਣ ਉਨ੍ਹਾਂ ਨਾਲ ਮਾਤਮ ਮਨਾਉਣ ਆਇਆ ਹੈ।
ਜਾਣਕਾਰੀ ਅਨੁਸਾਰ ਰਜਨੀ ਦੇਵੀ (26) ਵਾਸੀ ਚੌਕ ਖਜ਼ਾਨਚੀ ਨੇੜੇ ਗਲੀ ਨਿਹਾਲ ਸਿੰਘ ਪਿਛਲੇ 9 ਮਹੀਨਿਅਾਂ ਤੋਂ ਸਕੱਤਰੀ ਬਾਗ ਸੈਟੇਲਾਈਟ ਹਸਪਤਾਲ ’ਚ ਆਪਣੀ ਜਾਂਚ ਕਰਵਾ ਰਹੀ ਸੀ, 10 ਸਤੰਬਰ ਨੂੰ ਅਚਾਨਕ ਉਸ ਨੂੰ ਜਣੇਪੇ ਦੀ ਦਰਦ ਹੋਈ ਤਾਂ ਰਜਨੀ ਦੇ ਪਰਿਵਾਰ ਵਾਲੇ ਪਿਛਲੇ ਦਿਨੀਂ 6 ਵਜੇ ਉਸ ਨੂੰ ਲੈ ਕੇ ਹਸਪਤਾਲ ਪੁੱਜੇ। ਡਿਊਟੀ ’ਤੇ ਮੌਜੂਦ ਸਟਾਫ ਰਜਨੀ ਨੂੰ ਤੁਰੰਤ ਲੇਬਰ ਰੂਮ ਵਿਚ ਲੈ ਗਿਆ। ਗਰਭਵਤੀ ਦੇ ਪਤੀ ਗਗਨ ਤੇ ਜੀਜਾ ਸੁਮਿਤ ਨੇ ਦੋਸ਼ ਲਾਇਆ ਸੀ ਕਿ 9:30 ਵਜੇ ਲੇਬਰ ਰੂਮ ’ਚੋਂ ਬਾਹਰ ਸਟਾਫ ਦਾ ਇਕ ਕਰਮਚਾਰੀ ਆਇਆ, ਜਿਸ ਨੇ ਕਿਹਾ ਕਿ ਮਰੀਜ਼ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਉਨ੍ਹਾਂ ਨੇ ਜਦੋਂ ਸਟਾਫ ਕਰਮਚਾਰੀ ਤੋਂ ਪੁੱਛਿਆ ਕਿ ਜੱਚਾ-ਬੱਚਾ ਦੋਵੇਂ ਠੀਕ ਹਨ ਤਾਂ ਉਨ੍ਹਾਂ ਕਿਹਾ ਕਿ ਹਾਂ ਠੀਕ ਹਨ, ਅਸੀਂ 108 ਐਂਬੂਲੈਂਸ ਨੂੰ ਫੋਨ ਕਰ ਦਿੱਤਾ ਹੈ।
®®ਗਗਨ ਤੇ ਸੁਮਿਤ ਅਨੁਸਾਰ 9:45 ਵਜੇ ਐਂਬੂਲੈਂਸ ਹਸਪਤਾਲ ਵਿਚ ਆ ਗਈ। ਇਸ ਦੌਰਾਨ ਮੌਕੇ ’ਤੇ ਮੌਜੂਦ ਇਕ ਸਟਾਫ ਮੈਂਬਰ ਨੇ ਉਨ੍ਹਾਂ ਨੂੰ ਬੇਬੇ ਨਾਨਕੀ ਹਸਪਤਾਲ ’ਚ ਮਰੀਜ਼ ਨੂੰ ਲਿਜਾਣ ਲਈ 4 ਮਹੀਨੇ ਪਹਿਲਾਂ ਪਟਿਆਲਾ ਤਬਾਦਲਾ ਕਰਵਾ ਕੇ ਜਾ ਚੁੱਕੀ ਡਾ. ਚਿੰਕੀ ਦੇ ਨਾਂ ਦੀ ਰੈਫਰ ਸਲਿਪ ਕੱਟ ਕੇ ਦੇ ਦਿੱਤੀ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਡਾਕਟਰਾਂ ਨੇ 9:45 ’ਤੇ ਉਨ੍ਹਾਂ ਨੂੰ ਰੈਫਰ ਕੀਤਾ, ਜਦੋਂ ਕਿ ਸਰਕਾਰੀ ਪਰਚੀ ’ਤੇ ਸਵੇਰੇ 7:30 ਵਜੇ ਦਾ ਸਮਾਂ ਪਾ ਦਿੱਤਾ ਗਿਆ। ਪਰਿਵਾਰ ਵਾਲਿਆਂ ਅਨੁਸਾਰ ਜਦੋਂ ਉਹ ਬੇਬੇ ਨਾਨਕੀ ਹਸਪਤਾਲ ’ਚ ਕਰੀਬ 10 ਵਜੇ ਰਜਨੀ ਨੂੰ ਲੈ ਕੇ ਪੁੱਜੇ ਤਾਂ ਉਥੇ  ਡਾਕਟਰਾਂ ਵੱਲੋਂ ਕੀਤੇ ਗਏ ਜਣੇਪੇ ਦੌਰਾਨ ਮਰਿਆ ਬੱਚਾ ਪੈਦਾ ਹੋਇਆ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਜੇਕਰ ਰਜਨੀ ਨੂੰ ਸਮੇਂ ’ਤੇ ਸਿਹਤ ਸੇਵਾਵਾਂ ਮਿਲ ਜਾਂਦੀਅਾਂ ਤਾਂ ਉਨ੍ਹਾਂ ਦਾ ਬੱਚਾ ਅੱਜ ਜਿਊਂਦਾ ਹੋਣਾ ਸੀ।
ਉਕਤ ਘਟਨਾਚੱਕਰ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਸਨ, ਜਿਸ ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਇਕ ਮਹਿਲਾ ਮੁਲਾਜ਼ਮ ਸਿਵਲ ਸਰਜਨ ਦੇ ਹੁਕਮਾਂ ਤਹਿਤ ਪੀਡ਼ਤ ਪਰਿਵਾਰ ਦੇ ਘਰ ਪੁੱਜੀ ਸੀ। ਰਜਨੀ ਦੇ ਪਿਤਾ ਅਸ਼ੋਕ ਕੁਮਾਰ ਘਰ ’ਚ ਮੌਜੂਦ ਸਨ ਤੇ ਉਨ੍ਹਾਂ ਮਹਿਲਾ ਮੁਲਾਜ਼ਮ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਜਦੋਂ ਰਜਨੀ ਦਾ ਜਣੇਪਾ ਹੋਣਾ ਸੀ, ਉਦੋਂ ਡਾਕਟਰਾਂ ਨੇ ਧਿਆਨ ਨਹੀਂ ਦਿੱਤਾ, ਤੁਸੀਂ ਆਪਣਾ ਤੇ ਸਾਡਾ ਸਮਾਂ ਬਰਬਾਦ ਕਰ ਰਹੇ ਹੋ, ਇਥੋਂ ਚਲੇ ਜਾਓ, ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ। ਉਧਰ ਰਜਨੀ ਦੇ ਪਤੀ ਗਗਨ ਨੇ ਕਿਹਾ ਕਿ ਸਿਹਤ ਵਿਭਾਗ ਜਾਂਚ ਦੇ ਨਾਂ ’ਤੇ ਡਰਾਮੇਬਾਜ਼ੀ ਕਰ ਰਿਹਾ ਹੈ, ਉਨ੍ਹਾਂ ਨੂੰ ਉਮੀਦ ਨਹੀਂ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ।


Related News