ਚਮਗਿੱਦੜਾਂ ਤੋਂ ਲੀਚੀਆਂ ਨੂੰ ਬਚਾਉਣ ਲਈ ਪੂਰੀ ਰਾਤ ਜਾਗਦੇ ਹਨ ਬਾਗ ਦੇ ਮਾਲਕ ਤੇ ਮਜ਼ਦੂਰ (ਵੀਡੀਓ)
Friday, Jun 23, 2023 - 01:43 AM (IST)

ਗੁਰਦਾਸਪੁਰ (ਹਰਮਨ) : ਵੱਖ-ਵੱਖ ਫਸਲਾਂ ਨੂੰ ਕੀੜੇ-ਮਕੌੜਿਆਂ ਅਤੇ ਹੋਰ ਬੀਮਾਰੀਆਂ ਤੋਂ ਬਚਾਉਣ ਲਈ ਤਾਂ ਕਿਸਾਨਾਂ ਵੱਲੋਂ ਅਕਸਰ ਵੱਖ-ਵੱਖ ਤਰ੍ਹਾਂ ਦੀਆਂ ਖਾਦਾਂ ਤੇ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਬਾਗਾਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਬਹੁਤ ਹੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਇਥੋਂ ਤੱਕ ਕਿ ਲੀਚੀ ਦੇ ਬਾਗ ਨੂੰ ਚਮਗਿੱਦੜਾਂ ਤੋਂ ਬਚਾਉਣ ਲਈ ਬਾਗਾਂ ਦੇ ਮਾਲਕਾਂ ਜਾਂ ਉੱਥੇ ਦੇਖ-ਰੇਖ ਕਰ ਰਹੇ ਮਜ਼ਦੂਰਾਂ ਨੂੰ ਪੂਰੀ ਰਾਤ ਜਾਗਣਾ ਪੈਂਦਾ ਹੈ। ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਮਜ਼ਦੂਰਾਂ ਨੂੰ ਲੀਚੀ ਦੇ ਹਰੇਕ ਬੂਟੇ ਦੇ ਉੱਪਰ ਬਣਾਈ ਲੱਕੜ ਦੇ ਮਣਿਆ ਰੂਪੀ ਜਗ੍ਹਾ ਉਪਰ ਬੈਠਣਾ ਪੈਂਦਾ ਹੈ ਅਤੇ ਪੂਰੀ ਰਾਤ ਜਾਗ ਕੇ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਕੋਈ ਚਮਗਿੱਦੜ ਆ ਕੇ ਬੂਟਿਆਂ ’ਤੇ ਹਮਲਾ ਨਾ ਕਰੇ।
ਲਾਈਆਂ ਜਾਂਦੀਆਂ ਹਨ ਤੇਜ਼ ਰੌਸ਼ਨੀ ਵਾਲੀਆਂ ਸਰਚ ਲਾਈਟਾਂ
ਗੁਰਦਾਸਪੁਰ ਨੇੜਲੇ ਪਿੰਡ ਬਰਿਆਰ ਵਿਖੇ ਉੱਘੇ ਬਾਗਬਾਨ ਦਿਲਬਾਗ ਸਿੰਘ ਲਾਲੀ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੇ ਬਾਗ ’ਚ ਤਕਰੀਬਨ 400 ਲੀਚੀ ਦੇ ਬੂਟੇ ਹਨ ਅਤੇ ਤਕਰੀਬਨ ਹਰੇਕ ਬੂਟੇ ਦੇ ਉਪਰ ਹੀ ਬੈਠਣ ਲਈ ਜਗ੍ਹਾ ਬਣਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਬੂਟੇ ਦੇ ਅੰਦਰ ਹੀ ਪੌੜੀ ਲਗਾ ਕੇ ਬੂਟੇ ਉਪਰ ਚੜ੍ਹਨ ਦਾ ਰਸਤਾ ਬਣਿਆ ਹੋਇਆ ਹੈ। ਨਾਲ ਹੀ ਬੂਟੇ ਦੇ ਉੱਪਰ ਇਕ ਤੇਜ਼ ਰੌਸ਼ਨੀ ਵਾਲੀ ਲਾਈਟ ਵੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਕੰਮ ’ਚ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ ਪਰ ਬਾਗਾਂ ਨੂੰ ਬਚਾਉਣ ਲਈ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
ਪੂਰੀ ਰਾਤ ਜਾਗ ਕੇ ਕਰਨੀ ਪੈਂਦੀ ਹੈ ਰਖਵਾਲੀ
ਲਾਲੀ ਚੀਮਾ ਨੇ ਦੱਸਿਆ ਕਿ ਜਦੋਂ ਹੀ ਹਨੇਰਾ ਹੋਣਾ ਸ਼ੁਰੂ ਹੁੰਦਾ ਹੈ ਤਾਂ ਉਨ੍ਹਾਂ ਵੱਲੋਂ ਬਾਗ ’ਚ ਰੱਖੇ ਮਜ਼ਦੂਰ ਇਨ੍ਹਾਂ ਬੂਟਿਆਂ ਉਪਰ ਬਣਾਈ ਜਗ੍ਹਾ ਉਪਰ ਬੈਠ ਜਾਂਦੇ ਹਨ ਅਤੇ ਪੂਰੀ ਰਾਤ ਇਕ ਤੇਜ਼ ਆਵਾਜ਼ ਕਰਨ ਵਾਲੇ ਯੰਤਰਾਂ ਰਾਹੀਂ ਚਮਗਿੱਦੜਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਮਜ਼ਦੂਰਾਂ ਨੂੰ ਬਾਗਾਂ ਦੀ ਰਾਖੀ ਕਰਨ ਮੌਕੇ ਪੂਰੀ ਤਰ੍ਹਾਂ ਮੁਸਤੈਦ ਰਹਿਣਾ ਪੈਂਦਾ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਾਗ ਦੇ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਫਲ ਪੱਕ ਜਾਂਦਾ ਹੈ ਤਾਂ ਉਨ੍ਹਾਂ ਦਿਨਾਂ ’ਚ ਲਗਾਤਾਰ ਹਰ ਰਾਤ ਅਜਿਹਾ ਕਰਨਾ ਪੈਂਦਾ ਹੈ ਕਿਉਂਕਿ ਜੇਕਰ ਉਹ ਲਾਪ੍ਰਵਾਹੀ ਕਰਨ ਤਾਂ ਇਕ ਰਾਤ ਵਿਚ ਹੀ ਪੂਰਾ ਬਾਗ ਤਬਾਹ ਹੋ ਸਕਦਾ ਹੈ।
ਵੱਡੀ ਗਿਣਤੀ ’ਚ ਆਉਂਦੇ ਹਨ ਚਮਗਿੱਦੜ
ਲਾਲੀ ਚੀਮਾ ਨੇ ਦੱਸਿਆ ਕਿ ਜਦੋਂ ਵੀ ਚਮਗਿੱਦੜ ਹਮਲਾ ਕਰਦੇ ਹਨ ਤਾਂ ਉਹ ਬਹੁਤ ਵੱਡੀ ਗਿਣਤੀ ’ਚ ਇਕੱਠੇ ਹੀ ਆਉਂਦੇ ਹਨ ਅਤੇ ਉਨ੍ਹਾਂ ਦੀ ਡਾਰ ਨੂੰ ਦੇਖ ਕੇ ਪਹਿਰਾ ਦੇ ਰਹੇ ਮਜ਼ਦੂਰ ਆਵਾਜ਼ ਕਰਨ ਵਾਲਾ ਯੰਤਰ ਚਲਾ ਦਿੰਦੇ ਹਨ ਅਤੇ ਨਾਲ ਹੀ ਬੂਟਿਆਂ ਦੇ ਜਿਹੜੇ ਕੋਨਿਆਂ ’ਤੇ ਰੌਸ਼ਨੀ ਨਹੀਂ ਪਹੁੰਚਦੀ, ਉੱਥੇ ਤੇਜ਼ ਰੌਸ਼ਨੀ ਵਾਲੀਆਂ ਲਾਈਟਾਂ ਮਾਰ ਕੇ ਉਨ੍ਹਾਂ ਨੂੰ ਭਜਾਉਂਦੇ ਹਨ। ਚਮਗਿੱਦੜ ਕੁਝ ਹੀ ਸਮੇਂ ਵਿਚ ਪੂਰੇ ਦਾ ਪੂਰਾ ਬੂਟਾ ਖਤਮ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਾਗਬਾਨਾਂ ਦੇ ਅਜਿਹੇ ਵੱਡੇ ਮਸਲੇ, ਸਮੱਸਿਆਵਾਂ ਅਤੇ ਮੁਸ਼ਕਿਲਾਂ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨੂੰ ਰਾਹਤ ਦੇਣ ਲਈ ਵੀ ਵਿਸ਼ੇਸ਼ ਨੀਤੀ ਬਣਾਈ ਜਾਵੇ ਅਤੇ ਖਾਸ ਤੌਰ ’ਤੇ ਉਨ੍ਹਾਂ ਦੇ ਬਾਗਾਂ ਦੇ ਬੀਮੇ ਕਰਵਾਏ ਜਾਣ।