ਕੂੜਾ ਚੁੱਕਣ ਵਾਲੇ ਦੇ ਭੇਸ ''ਚ ਆਇਆ ਨਕਾਬਪੋਸ਼

Thursday, Jan 31, 2019 - 01:15 AM (IST)

ਅੰਮ੍ਰਿਤਸਰ, (ਸੰਜੀਵ)- ਮਦਨ ਮੋਹਨ ਮਾਲਵੀਆ ਰੋਡ 'ਤੇ ਸਟਿਰ ਯੂਨੀਕ ਕਲਰ ਲੈਬ ਦੇ ਤਾਲੇ ਤੋੜ ਕੇ ਇਕ ਨਕਾਬਪੋਸ਼ ਅੰਦਰ ਪਿਆ ਹਜ਼ਾਰਾਂ ਦਾ ਸਾਮਾਨ ਚੋਰੀ ਕਰ ਕੇ ਲੈ ਗਿਆ। ਵਾਰਦਾਤ ਤੋਂ ਪਹਿਲਾਂ ਕਲਰ ਲੈਬ 'ਚ ਦਾਖਲ ਹੋ ਰਹੇ ਨਕਾਬਪੋਸ਼ ਨੇ ਲੋਹੇ ਦੀ ਰਾਡ ਨਾਲ ਪਹਿਲਾਂ ਸੀ. ਸੀ. ਟੀ. ਵੀ. ਕੈਮਰਾ ਤੋੜਿਆ ਤੇ ਫਿਰ ਅੰਦਰ ਜਾ ਕੇ ਲੈਬ ਦੀਆਂ ਲਾਈਟਾਂ ਜਗਾ ਕੇ 28 ਮਿੰਟ ਤੱਕ ਲੈਬ ਦਾ ਚੱਪਾ-ਚੱਪਾ ਖੰਗਾਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।  
ਨਕਾਬਪੋਸ਼ ਨੇ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ- ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈ ਪੂਰੀ ਵਾਰਦਾਤ ਕੁਝ ਇਸ ਤਰ੍ਹਾਂ ਸੀ ਕਿ ਰਾਤ 3:08 ਵਜੇ ਇਕ ਨਕਾਬਪੋਸ਼ ਜਵਾਨ ਕੂੜੇ ਵਾਲੀ ਰੇਹੜੀ ਲੈ ਕੇ ਆਉਂਦਾ ਹੈ ਅਤੇ ਯੂਨੀਕ ਕਲਰ ਲੈਬ ਦੇ ਬਾਹਰ ਰੇਹੜੀ ਲਾ ਕੇ ਇਧਰ-ਉਧਰ ਦੀ ਹਾਲਤ ਨੂੰ ਪਰਖਣ ਉਪਰੰਤ ਇਕ ਲੰਬੀ ਲੋਹੇ ਦੀ ਰਾਡ ਹੱਥਾਂ ਵਿਚ ਲਈ ਦੁਕਾਨ ਵੱਲ ਵਧਦਾ ਹੈ, ਜਿਸ ਤੋਂ ਬਾਅਦ ਉਹ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਤੋੜਦਾ ਹੈ। ਇਸ ਉਪਰੰਤ ਨਕਾਬਪੋਸ਼ ਲੈਬ ਦੇ ਸ਼ਟਰ ਨੂੰ ਤੋੜ ਕੇ ਅੰਦਰ ਦਾਖਲ ਹੋ ਜਾਂਦਾ ਹੈ। ਅੰਦਰ ਜਾਣ ਤੋਂ ਬਾਅਦ ਉਹ ਲੈਬ ਦੀਆਂ ਲਾਈਟਾਂ ਜਗਾ ਕੇ ਚੱਪਾ-ਚੱਪਾ ਖੰਗਾਲਣ ਲੱਗਦਾ ਹੈ। ਕੁਝ ਨਾ ਮਿਲਣ ਉਪਰੰਤ ਉਹ ਪੌੜੀਆਂ ਦੇ ਰਸਤੇ ਲੈਬ ਦੀ ਉਪਰਲੀ ਮੰਜ਼ਿਲ ਵੱਲ ਜਾਂਦਾ ਹੈ। ਨਕਾਬਪੋਸ਼ ਦੀ ਹਰ ਹਰਕਤ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਰਹੀ ਸੀ, ਜਿਸ ਨੂੰ ਉਹ ਪੂਰੀ ਤਰ੍ਹਾਂ ਜਾਣਦਾ ਸੀ। 3:28 'ਤੇ ਉਸ ਦੇ ਹੱਥ ਦੁਕਾਨ ਵਿਚ ਪਏ 2 ਕੈਮਰੇ, ਹਾਰਡ ਡਿਸਕ ਤੇ 2 ਮੋਬਾਇਲ ਲੱਗਦੇ ਹਨ, ਜਿਨ੍ਹਾਂ ਨੂੰ ਚੁੱਕ ਕੇ ਉਹ ਲੈਬ 'ਚੋਂ ਬਾਹਰ ਨਿਕਲ ਕੇ ਉਸੇ ਕੂੜੇ ਵਾਲੀ ਰੇਹੜੀ 'ਤੇ ਸਵਾਰ ਹੋ ਕੇ ਉਥੋਂ ਨਿਕਲ ਜਾਂਦਾ ਹੈ। ਜਦੋਂ ਸਵੇਰੇ ਦੁਕਾਨ ਮਾਲਕ ਨਰਿੰਦਰ ਸਿੰਘ ਤੇ ਉਨ੍ਹਾਂ ਦੇ ਹੋਰ ਪਾਰਟਨਰ ਤੇ ਕਰਮਚਾਰੀ ਮੌਕੇ 'ਤੇ ਪੁੱਜਦੇ ਹਨ ਤਾਂ ਵਾਰਦਾਤ ਬਾਰੇ ਪੁਲਸ ਨੂੰ ਸੂਚਿਤ ਕੀਤਾ ਜਾਂਦਾ ਹੈ।  
ਕੀ ਕਹਿਣਾ ਹੈ ਪੁਲਸ ਦਾ? 
ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵਦਰਸ਼ਨ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਵਿਚ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਬਹੁਤ ਛੇਤੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
 


Related News