ਬੈਂਕ ਚੇਅਰਮੈਨ ਦੇ ਘਰ ’ਤੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Thursday, Sep 28, 2023 - 04:22 PM (IST)

ਬਟਾਲਾ (ਬੇਰੀ, ਸਾਹਿਲ, ਵਿਪਨ) : ਥਾਣਾ ਕਾਦੀਆਂ ਦੀ ਪੁਲਸ ਨੇ ਘਰ ਦੇ ਗੇਟ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਦੀਦਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਹਰਜੀਤ ਸਿੰਘ ਪੱਡਾ ਪੁੱਤਰ ਜਸਬੀਰ ਸਿੰਘ ਪੱਡਾ ਵਾਸੀ ਡੱਲਾ ਨੇ ਦੱਸਿਆ ਕਿ ਉਹ ਕੋ-ਆਪ੍ਰੇਟਿਵ ਬੈਂਕ ਬਟਾਲਾ ਦਾ ਚੇਅਰਮੈਨ ਅਤੇ ਬਟਾਲਾ ਸਰਕਲ ਦਾ ਪ੍ਰਧਾਨ ਹੈ।
ਉਸ ਦੀ ਰਿਹਾਇਸ਼ ਪਿੰਡ ’ਚ ਹੈ ਅਤੇ 25 ਸਤੰਬਰ ਨੂੰ ਰਾਤ ਕਰੀਬ 10.42 ਵਜੇ ਉਸ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਦੇ ਗੁਆਂਢੀ ਗੁਰਮੀਤ ਸਿੰਘ ਪੁੱਤਰ ਦਿਆਲ ਸਿੰਘ ਨੇ ਉਸ ਨੂੰ ਦੱਸਿਆ ਕਿ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਦੇ ਘਰ ਦੇ ਗੇਟ ’ਤੇ 2 ਗੋਲੀਆਂ ਚਲਾ ਕੇ ਫ਼ਰਾਰ ਹੋ ਗਏ।
ਉਸ ਨੇ ਦੱਸਿਆ ਕਿ ਅਗਲੇ ਦਿਨ ਸਵੇਰੇ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ’ਤੇ ਉਕਤ ਵਿਅਕਤੀ ਨੇ ਉਸ ਨੂੰ ਸਰਪੰਚ ਦੀ ਚੋਣ ਨਾ ਲੜਨ ਦੀ ਧਮਕੀ ਦਿੱਤੀ। ਪੁਲਸ ਨੇ ਹਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।