ਤਰਨਤਾਰਨ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰ 'ਚ ਬਜ਼ੁਰਗ ਔਰਤ ਨੂੰ ਥਾਣੇਦਾਰ ਨੇ ਮਾਰੇ ਧੱਕੇ

03/25/2022 2:39:53 PM

ਤਰਨਤਾਰਨ (ਰਮਨ) : ਇਕ ਪਾਸੇ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ 'ਚ ਲੋਕਾਂ ਨਾਲ ਹੁੰਦੀ ਧੱਕੇਸ਼ਾਹੀ ਅਤੇ ਰਿਸ਼ਵਤਖੋਰੀ ਨੂੰ ਬੰਦ ਕਰਦਿਆਂ ਆਮ ਲੋਕਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਇਨ੍ਹਾਂ ਸਰਕਾਰੀ ਹੁਕਮਾਂ ਨੂੰ ਅਫਸਰਸ਼ਾਹੀ ਟਿਚ ਸਮਝ ਰਹੀ ਹੈ। ਅਜਿਹੀ ਇਕ ਮਿਸਾਲ ਸਥਾਨਕ ਜ਼ਿਲ੍ਹਾ ਖਜ਼ਾਨਾ ਦਫ਼ਤਰ 'ਚ ਸਾਹਮਣੇ ਆਈ, ਜਿੱਥੇ ਆਪਣੇ ਸਰਕਾਰੀ ਕੰਮ ਲਈ ਪੁੱਜੀ ਇਕ ਬਜ਼ੁਰਗ ਔਰਤ ਤੇ ਉਸ ਦੇ ਪੋਤੇ ਨੂੰ ਥਾਣੇਦਾਰ ਨੇ ਧੱਕੇ ਮਾਰਦਿਆਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ। ਪੀੜਤ ਬਜ਼ੁਰਗ ਔਰਤ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਆਮ ਆਦਮੀ ਪਾਰਟੀ ਦੇ ਚਾਰਾਂ ਵਿਧਾਇਕਾਂ ਕੋਲੋਂ ਥਾਣੇਦਾਰ ਅਤੇ ਦਫ਼ਤਰੀ ਸਟਾਫ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਖੌਫ਼ : ਸਰਕਾਰੀ ਹਸਪਤਾਲ 'ਚ ਤਾਇਨਾਤ ਮਹਿਲਾ ਡਾਕਟਰ ਨੇ ਚੁੱਕਿਆ ਵੱਡਾ ਕਦਮ

ਸਥਾਨਕ ਪੁਰਾਣੀਆਂ ਕਚਹਿਰੀਆਂ 'ਚ ਮੌਜੂਦ ਜ਼ਿਲ੍ਹਾ ਖਜ਼ਾਨਾ ਦਫ਼ਤਰ ਪਹਿਲਾਂ ਵੀ ਕਈ ਵਾਰ ਸੁਰਖੀਆਂ 'ਚ ਰਹਿ ਚੁੱਕਾ ਹੈ, ਜਿੱਥੇ ਮੌਜੂਦ ਕੁਝ ਸਟਾਫ ਵੱਲੋਂ ਅਸ਼ਟਾਮ ਫਰੋਸ਼ਾਂ ਨਾਲ ਕਈ ਤਰ੍ਹਾਂ ਦੀਆਂ ਜ਼ਿਆਦਤੀਆਂ ਕਰਨ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਇਸ ਦਫ਼ਤਰ 'ਚ ਮੌਜੂਦ ਜ਼ਿਆਦਾਤਰ ਕਰਮਚਾਰੀ ਆਪਣੇ-ਆਪ ਨੂੰ ਜ਼ਿਲ੍ਹਾ ਖਜ਼ਾਨਾ ਅਫ਼ਸਰ ਸਮਝਦੇ ਹਨ, ਜੋ ਵੱਖ-ਵੱਖ ਕੰਮਾਂ ਲਈ ਪੁੱਜਣ ਵਾਲੇ ਸਰਕਾਰੀ ਕਰਮਚਾਰੀਆਂ ਅਤੇ ਸੇਵਾਮੁਕਤ ਕਰਮਚਾਰੀਆਂ ਨਾਲ ਅਕਸਰ ਮਾੜਾ ਵਿਵਹਾਰ ਕਰਦੇ ਹਨ। ਜਾਣਕਾਰੀ ਅਨੁਸਾਰ ਸਿਹਤ ਵਿਭਾਗ 'ਚੋਂ ਸੇਵਾਮੁਕਤ ਹੋ ਚੁੱਕੀ ਬਜ਼ੁਰਗ ਔਰਤ ਆਪਣੇ ਬਣਦੇ ਹੱਕ ਦੀ ਜਾਣਕਾਰੀ ਲੈਣ ਦਫ਼ਤਰ ਅੰਦਰ ਦਾਖਲ ਹੋ ਗਈ। ਉਹ ਆਪਣੇ ਪੋਤੇ ਸਮੇਤ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਇਕ ਕਮਰੇ 'ਚ ਮੌਜੂਦ ਸਟਾਫ ਕੋਲੋਂ ਜਦੋਂ ਆਪਣੀ ਬਣਦੀ ਬਕਾਇਆ ਰਕਮ ਸਬੰਧੀ ਜਾਣਕਾਰੀ ਲੈਣ ਪੁੱਜੀ ਤਾਂ ਉਥੇ ਕਮਰੇ 'ਚ ਮੌਜੂਦ ਥਾਣੇਦਾਰ ਦਿਲਬਾਗ ਸਿੰਘ ਨੇ ਉਨ੍ਹਾਂ ਨੂੰ ਧੱਕੇ ਮਾਰਦਿਆਂ ਕਿਹਾ ਕਿ ਤੁਹਾਡਾ ਅਜੇ ਕੋਈ ਕੰਮ ਨਹੀਂ ਹੋਣਾ, ਤੁਸੀਂ ਇੱਥੋਂ ਚਲੇ ਜਾਓ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਕਰੀਬੀ ਕਰਨ ਘੁਮਾਣ ਕੋਰਟ 'ਚ ਪੇਸ਼, ਜਾਣੋ ਪੂਰਾ ਮਾਮਲਾ

ਪੀੜਤਾ ਨੇ ਦੱਸਿਆ ਕਿ ਪੁਲਸ ਦੀ ਡਿਊਟੀ ਦਫ਼ਤਰ ਦੇ ਬਾਹਰ ਸਕਿਓਰਿਟੀ ਵਜੋਂ ਤਾਇਨਾਤ ਹੋਣੀ ਚਾਹੀਦੀ ਹੈ, ਜਦਕਿ ਥਾਣੇਦਾਰ ਦਿਲਬਾਗ ਸਿੰਘ ਕਮਰੇ ਅੰਦਰ ਬਾਹਰੋਂ ਆਏ ਅਸ਼ਟਾਮ ਫਰੋਸ਼ਾਂ ਨੂੰ ਅਸ਼ਟਾਮ ਗਿਣ ਕੇ ਵੰਡ ਰਿਹਾ ਸੀ, ਜੋ ਉਸ ਦੀ ਡਿਊਟੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਥਾਣੇਦਾਰ ਵੱਲੋਂ ਉਸ ਨਾਲ ਕੀਤੇ ਅਜਿਹੇ ਵਤੀਰੇ ਨੂੰ ਦੇਖ ਕੇ ਉਹ ਬਹੁਤ ਹੈਰਾਨ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ 'ਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਸ ਦਫ਼ਤਰ 'ਚ ਤਾਇਨਾਤ ਅਜਿਹੇ ਕਰਮਚਾਰੀਆਂ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਹੈ, ਜੋ ਲੋਕਾਂ 'ਤੇ ਨਾਜਾਇਜ਼ ਰੋਅਬ ਝਾੜਦੇ ਹਨ।

ਇਹ ਵੀ ਪੜ੍ਹੋ : ਗੰਭੀਰ ਵਿੱਤੀ ਸੰਕਟ 'ਚ ਪੰਜਾਬੀ ਯੂਨੀਵਰਸਿਟੀ, ਤਨਖਾਹਾਂ ਦੇਣ ਲਈ ਵੀ ਨਹੀਂ ਹਨ ਪੈਸੇ

ਇਸ ਸਬੰਧੀ ਜਦੋਂ ਡਿਊਟੀ 'ਤੇ ਤਾਇਨਾਤ ਥਾਣੇਦਾਰ ਦਿਲਬਾਗ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਦੀ ਡਿਊਟੀ ਸਕਿਓਰਿਟੀ ਦੇ ਨਾਲ-ਨਾਲ ਅਸ਼ਟਾਮ ਫਰੋਸ਼ਾਂ ਨੂੰ ਅਸ਼ਟਾਮ ਵੰਡਣ ਦੀ ਵ ਲਾਈ ਗਈ ਹੈ, ਜਿਸ ਤਹਿਤ ਉਸ ਵੱਲੋਂ ਬਜ਼ੁਰਗ ਔਰਤ ਨੂੰ ਬਾਹਰ ਜਾਣ ਲਈ ਕਿਹਾ ਗਿਆ ਸੀ, ਨਾ ਕਿ ਧੱਕੇ ਮਾਰੇ ਗਏ ਹਨ। ਇਸ ਸਬੰਧੀ ਜ਼ਿਲ੍ਹਾ ਖਜ਼ਾਨਾ ਅਫ਼ਸਰ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਕਿਸੇ ਕੰਮ ਲਈ ਡਿਪਟੀ ਕਮਿਸ਼ਨਰ ਦਫ਼ਤਰ ਗਏ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਬਜ਼ੁਰਗ ਔਰਤ ਜਾਂ ਕਰਮਚਾਰੀ ਨਾਲ ਬਦਸਲੂਕੀ ਨਹੀਂ ਕੀਤੀ ਜਾਂਦੀ ਤੇ ਦਫ਼ਤਰ ਆਉਣ ਵਾਲੇ ਲੋਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ।


Harnek Seechewal

Content Editor

Related News