ਕਿਸਾਨਾਂ ਦੀਆਂ 10 ਬਿਜਲੀ ਤੇ ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ

Tuesday, Oct 14, 2025 - 06:33 PM (IST)

ਕਿਸਾਨਾਂ ਦੀਆਂ 10 ਬਿਜਲੀ ਤੇ ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ

ਗੁਰਦਾਸਪੁਰ (ਹਰਮਨ)- ਪੁਲਸ ਚੌਂਕੀ ਬਰਿਆਰ ਤੋਂ ਸਿਰਫ਼ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਘੁੱਲੇ ਵਿਖੇ ਕਿਸਾਨਾਂ ਦੀ ਜ਼ਮੀਨ ਵਿੱਚੋਂ ਦਸ ਬਿਜਲੀ ਦੀਆਂ ਮੋਟਰਾਂ ਅਤੇ ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਬਾਬਾ ਸੁੱਖਾ ਸਿੰਘ, ਸੁਖਵਿੰਦਰ ਸਿੰਘ, ਪਲਵਿੰਦਰ ਸਿੰਘ, ਸੁੱਚਾ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਘੁੱਲੇ ਵਿਖੇ ਉਨ੍ਹਾਂ ਦੀ ਜ਼ਮੀਨ ਹੈ ਜਿੱਥੇ ਚੋਰਾਂ ਵੱਲੋਂ ਮੋਟਰਾਂ ਦੀਆਂ ਅਤੇ ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਹਨ।

ਇਸ ਦੇ ਨਾਲ ਹੀ ਚੋਰਾਂ ਵੱਲੋਂ ਮੋਟਰਾਂ ਦੇ ਕਮਰਿਆਂ ਦੇ ਤਾਲੇ ਤੋੜ ਕੇ ਉੱਥੋਂ ਦਾ ਸਮਾਨ ਵੀ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਪੁਲਿਸ ਚੌਂਕੀ ਬਰਿਆਰ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਕਿਸਾਨਾਂ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਦੀ ਪੂਰਤੀ ਹੋ ਸਕੇ ਅਤੇ ਅੱਗੇ ਤੋਂ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।


author

Shivani Bassan

Content Editor

Related News