ਸ਼੍ਰੋਮਣੀ ਅਕਾਲੀ ਦਲ ਵੱਲੋਂ 3 ਵਿਧਾਨ ਸਭਾ ਹਲਕਿਆਂ ’ਚ ਚੋਣਾਂ ਦੇ ਬਾਈਕਾਟ ਦਾ ਐਲਾਨ

Wednesday, Sep 12, 2018 - 02:03 PM (IST)

 ਗੁਰਦਾਸਪੁਰ,   (ਵਿਨੋਦ, ਹਰਮਨਪ੍ਰੀਤ)-  ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰਨ ਅਤੇ ਕਾਂਗਰਸ ਵੱਲੋਂ  ਗੁੰਡਾਗਰਦੀ ਅਤੇ ਧੱਕੇਸ਼ਾਹੀ  ਦੇ ਗੰਭੀਰ ਦੋਸ਼ ਲਾਉਂਦਿਆਂ 3 ਵਿਧਾਨ ਸਭਾ ਹਲਕਿਆਂ ਦੀਆਂ ਬਲਾਕ ਸੰਮਤੀਆਂ ’ਚ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਤਹਿਤ ਅੱਜ ਗੁਰਦਾਸਪੁਰ ਵਿਖੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ  ਬੱਬੇਹਾਲੀ ਨੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਜਗਰੂਪ ਸਿੰਘ ਸੇਖਵਾਂ, ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਬਿੱਟੂ ਸਮੇਤ ਹੋਰ ਅਕਾਲੀ ਅਹੁਦੇਦਾਰਾਂ ਦੀ ਹਾਜ਼ਰੀ ’ਚ ਕਿਹਾ ਕਿ ਕਾਂਗਰਸ ਨੇ ਆਪਣੀ ਹਾਰ ਦੇਖ ਕੇ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰਵਾਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਲਕਾ ਗੁਰਦਾਸਪੁਰ, ਡੇਰਾ ਬਾਬਾ ਨਾਨਕ, ਫਤਿਹਗਡ਼੍ਹ ਚੂਡ਼ੀਆਂ ’ਚ ਮੁਕੰਮਲ ਬਾਈਕਾਟ ਕਰੇਗਾ ਕਿਉਂਕਿ ਇਨ੍ਹਾਂ ਸੰਮਤੀਆਂ ’ਚ ਕਾਂਗਰਸ ਨੇ ਅਕਾਲੀ ਉਮੀਦਵਾਰਾਂ ਦੇ ਬਹੁ-ਗਿਣਤੀ ਕਾਗਜ਼ ਰੱਦ ਕਰਵਾ ਦਿੱਤੇ ਹਨ, ਜਿਸ ਕਾਰਨ ਇਥੇ ਅਕਾਲੀ ਦਲ ਦੇ ਚੇਅਰਮੈਨ ਜਾਂ ਉਪ ਚੇਅਰਮੈਨ ਬਣਨ ਦੀ ਸੰਭਾਵਨਾ ਹੀ ਨਹੀਂ ਰਹੀ ਪਰ ਬਟਾਲਾ, ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ’ਚ ਅਜੇ ਤੱਕ ਕਾਫੀ ਅਕਾਲੀ ਉਮੀਦਵਾਰਾਂ ਦੇ ਕਾਗਜ਼ ਬਚੇ ਹੋਣ ਕਾਰਨ ਉਹ ਇਥੇ ਚੋਣ ਲਡ਼ਨਗੇ ਅਤੇ ਕਾਂਗਰਸ ਨੂੰ ਜਿੱਤ ਕੇ ਦਿਖਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਦੀਨਾਨਗਰ ਭਾਜਪਾ ਨਾਲ ਸਬੰਧਤ ਹੈ, ਜਿਥੇ ਭਾਜਪਾ ਆਗੂਆਂ ਨਾਲ ਸਲਾਹ ਕਰ ਕੇ ਜਲਦੀ ਫ਼ੈਸਲਾ ਲਿਆ ਜਾਵੇਗਾ। 
‘ਵਿਕਾਸ ਕਾਰਜਾਂ ’ਤੇ ਭਰੋਸਾ ਹੈ ਤਾਂ  ਅਕਾਲੀ ਉਮੀਦਵਾਰਾਂ ਦੇ ਕਾਗਜ਼ ਬਹਾਲ ਕਰਵਾ ਕੇ ਚੋਣ ਕਰਵਾਉਣ ਦੀ ਹਿੰਮਤ ਦਿਖਾਉਣ ਕਾਂਗਰਸੀ’
ਹਲਕਾ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਸਮੇਤ ਜ਼ਿਲੇ ਨਾਲ ਸਬੰਧਤ ਵੱਖ-ਵੱਖ ਕਾਂਗਰਸੀਆਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੇ ਲੋਕ ਆਧਾਰ ਅਤੇ ਸਰਕਾਰ ਦੇ ਕਰਵਾਏ ਵਿਕਾਸ ਕਾਰਜਾਂ ’ਤੇ ਭਰੋਸਾ ਹੈ ਤਾਂ  ਉਹ ਅਕਾਲੀ ਉਮੀਦਵਾਰਾਂ ਦੇ ਕਾਗਜ਼ ਬਹਾਲ ਕਰਵਾ ਕੇ ਚੋਣ ਕਰਵਾਉਣ ਦੀ ਹਿੰਮਤ ਦਿਖਾਉਣ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋਡ਼ ਦੀ ਸਰਕਾਰ ਦੇ ਕਾਰਜਕਾਲ ਦੌਰਾਨ 2 ਵਾਰ ਪੰਚਾਇਤੀ ਚੋਣਾਂ ਹੋਈਆਂ ਸਨ, ਜਿਸ ਦੌਰਾਨ ਜੇਕਰ ਕੋਈ ਇਹ ਸਿੱਧ ਕਰ ਦੇਵੇ ਕਿ ਉਨ੍ਹਾਂ ਨੇ ਇਕ ਵੀ ਕਾਂਗਰਸੀ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਕਰਵਾਇਆ ਸੀ ਤਾਂ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਬੌਖਲਾਹਟ ’ਚ ਆਏ ਕਾਂਗਰਸੀ ਕਾਨੂੰਨ ਅਤੇ ਆਮ ਲੋਕਾਂ ਦੀ ਸ਼ਕਤੀ ਨੂੰ ਭੁੱਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਸ ਦੀ ਭੂਮਿਕਾ ਵੀ ਇਕ ਤਰਫਾ ਰਹੀ ਹੈ, ਜਿਸ ਸਬੰਧੀ ਉਹ ਹਾਈਕੋਰਟ ’ਚ ਸਬੰਧਤ ਅਧਿਕਾਰੀਆਂ ਵੱਲੋਂ ਕੀਤੀ ਪੱਖਪਾਤੀ ਕਾਰਵਾਈ ਨੂੰ ਚੁਣੌਤੀ ਦੇਣÎਗੇ। ਉਨ੍ਹਾਂ ਕਿਹਾ ਕਿ ਬੀਤੇ ਕੱਲ ਕਾਂਗਰਸੀਆਂ ਨੇ ਅਕਾਲੀਆਂ ਨੂੰ ਨਿਸ਼ਾਨਾ ਬਣਾਇਆ ਪਰ ਪੁਲਸ ਨੇ ਉਲਟਾ ਅਕਾਲੀ ਆਗੂਆਂ ’ਤੇ ਹੀ ਪਰਚੇ ਦਰਜ ਕਰ ਕੇ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ  ਪਰ ਉਹ ਇਹ ਗੱਲ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਅਕਾਲੀ ਦਲ ਕਿਸੇ ਵੀ ਹਾਲਤ ’ਚ ਕਾਂਗਰਸ ਕੋਲੋਂ ਡਰਨ ਵਾਲਾ ਨਹੀਂ ਅਤੇ ਪਰਚੇ ’ਚ ਸ਼ਾਮਲ ਕੀਤੇ ਸਾਰੇ 14 ਆਗੂ ਗ੍ਰਿਫਤਾਰੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਕ ਵੱਡਾ ਇਕੱਠ ਕਰ ਕੇ ਇਨ੍ਹਾਂ ਆਗੂਆਂ ਨੂੰ ਪੇਸ਼ ਕਰਾਏਗਾ ਤਾਂ ਜੋ ਲੋਕਾਂ ਨੂੰ ਵੀ ਕਾਂਗਰਸ ਦੀ ਅਸਲੀਅਤ ਦਾ ਪਤਾ ਲੱਗ ਸਕੇ।


Related News