ਅੰਮ੍ਰਿਤਸਰ-ਹਰੀਕੇ ਨੈਸ਼ਨਲ ਹਾਈਵੇ ’ਤੇ ਪੁਲਸ ਗਸ਼ਤ ਦੀ ਘਾਟ ਕਾਰਨ ਮਾਡ਼ੇ ਅਨਸਰਾਂ ਦੇ ਹੌਸਲੇ ਬੁਲੰਦ

Thursday, Dec 13, 2018 - 04:59 AM (IST)

ਅੰਮ੍ਰਿਤਸਰ-ਹਰੀਕੇ ਨੈਸ਼ਨਲ ਹਾਈਵੇ ’ਤੇ ਪੁਲਸ ਗਸ਼ਤ  ਦੀ ਘਾਟ ਕਾਰਨ ਮਾਡ਼ੇ ਅਨਸਰਾਂ ਦੇ ਹੌਸਲੇ ਬੁਲੰਦ

ਤਰਨ ਤਾਰਨ,   (ਰਮਨ)-  ਕੇਂਦਰ ਸਰਕਾਰ ਵੱਲੋਂ ਸਡ਼ਕੀ ਹਾਦਸਿਆਂ ਦੀ ਦਰ ਨੂੰ ਘਟਾਉਣ ਦੇ ਮਕਸਦ ਨਾਲ ਮਾਨਾਂਵਾਲਾ ਅੰਮ੍ਰਿਤਸਰ ਤੋਂ ਬਠਿੰਡਾ ਨੈਸ਼ਨਲ ਹਾਈਵੇ ਨੂੰ ਕਰੋਡ਼ਾਂ ਅਰਬਾਂ ਰੁਪਏ ਦੀ ਲਾਗਤ ਨਾਲ ਤਿਆਰ ਕਰਦੇ ਹੋਏ ਜਨਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋ ਹਰੀਕੇ ਪੱਤਣ ਤੱਕ ਤਿਆਰ ਕੀਤੇ ਗਏ ਨੈਸ਼ਨਲ ਹਾਈਵੇ ਉੱਪਰ 558 ਕਰੋਡ਼ ਰੁਪਏ ਦੀ ਲਾਗਤ ਦਾ ਖਰਚ ਆਇਆ ਹੈ ਜਿਥੇ ਆਮ ਤੌਰ ’ਤੇ ਵਾਹਨ ਚਾਲਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਐਗਰੀਮੈਂਟ ਵੀ ਕੀਤੇ ਗਏ ਹਨ। ਪਰੰਤੂ ਇਸ ਨੈਸ਼ਨਲ ਹਾਈਵੇ ਉੱਪਰ ਪੁਲਸ ਅਤੇ ਨੈਸ਼ਨਲ ਹਾਈਵੇੇ ਵਿਭਾਗ ਦੀ ਗਸ਼ਤ ਘੱਟ ਹੋਣ ਕਾਰਨ ਜਿਥੇ ਵਾਹਨ ਚਾਲਕਾਂ ਨੂੰ ਲੁੱਟ ਆਦਿ ਦੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉਥੇ ਮਾਡ਼ੇ ਅਨਸਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ।
 ਕਈ ਘਟਨਾਵਾਂ ਨੂੰ ਦਿੱਤਾ ਜਾ ਚੁੱਕਾ ਅੰਜਾਮ
ਇਸ ਨੈਸ਼ਨਲ ਹਾਈਵੇ ਉੱਪਰ ਰਾਤ ਸਮੇਂ ਕਈ ਤਸਕਰਾਂ ਵੱਲੋਂ ਕਥਿਤ ਤੌਰ ’ਤੇ ਹਥਿਆਰਾਂ, ਸ਼ਰਾਬ, ਕਰੰਸੀ ਅਤੇ ਨਸ਼ੇ ਦਾ ਕਾਰੋਬਾਰ ਕੀਤਾ ਜਾਂਦਾ ਹੈ। ਜਿਸ ਦੀ ਮਿਸਾਲ ਇਸ ਤਰ੍ਹਾਂ ਹੈ। ਬੀਤੇ ਕੁੱਝ ਮਹੀਨਿਆਂ ਦੌਰਾਨ ਜਲੰਧਰ ਦੀ ਇਕ ਯੁੂਨੀਵਰਸਿਟੀ ਦੇ ਵਿਦਿਆਰਥੀ ਦੇ ਕਸ਼ਮੀਰ ਦੇ ਅੱਤਵਾਦੀਆਂ ਨਾਲ ਸਬੰਧ ਸਾਬਤ ਹੋਣ ’ਤੇ ਉਸ ਨੇ ਪੁਲਸ ਦੀ ਪੁੱਛਗਿਛ ਦੌਰਾਨ ਮੰਨਿਆ ਸੀ ਕਿ ਤਰਨ ਤਾਰਨ ਦੇ ਨੈਸ਼ਨਲ ਹਾਈਵੇ ਤੋਂ ਉਸ ਨੇ ਪਿਸਤੌਲ ਲਿਆਂਦਾ ਸੀ। ਇਸੇ ਤਰ੍ਹਾਂ ਨਵੰਬਰ ਮਹੀਨੇ ’ਚ ਕੁੱਝ ਵਿਅਕਤੀਆਂ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਫਾਇਰਿੰਗ ਕਰਨ ਤੋਂ ਬਾਅਦ ਤਰਨਤਾਰਨ ਨੈਸ਼ਨਲ ਹਾਈਵੇ ’ਤੇ ਫਰਾਰ ਹੋ ਰਹੇ ਗੱਡੀ ਸਵਾਰਾਂ ਨੂੰ ਰੋਕਣ ਸਮੇਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਤੋਂ ਇਲਾਵਾ ਪਿਛਲੇ ਮਹੀਨੇ ਇਸ ਨੈਸ਼ਨਲ ਹਾਈਵੇ ਤੋਂ ਇਕ ਟਰੱਕ ਨੂੰ 427 ਪੇਟੀਆਂ ਅੰਗ੍ਰੇਜ਼ੀ ਸ਼ਰਾਬ ਜਿਸ ਉੱਪਰ ਦੂਸਰੇ ਰਾਜ ਦੀ ਮੋਹਰ ਲੱਗੀ ਸੀ ਨੂੰ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਇਸ ਹਾਈਵੇ ਉੱਪਰ ਖੁੱਲ੍ਹੇ ਕੁੱਝ ਹੋਟਲਾਂ ਅਤੇ ਢਾਬਿਆਂ ’ਚ ਬਿਨਾਂ ਕਿਸੇ ਰੋਕ ਟੋਕ ਤੋਂ ਦੇਹ ਵਪਾਰ ਦਾ ਧੰਦਾ ਜਾਰੀ ਹੈ। ਜੇ ਇਸ ਨੈਸ਼ਨਲ ਹਾਈਵੇ ਉੱਪਰ ਪੁਲਸ ਪੈਟਰੋਲਿੰਗ ਦੀ ਗਸ਼ਤ ਨੂੰ ਪੂਰੀ ਤਰ੍ਹਾਂ ਤੇਜ਼ ਕਰ ਦਿੱਤਾ ਜਾਵੇ ਤਾਂ ਹੋਣ ਵਾਲੀਆਂ ਘਟਨਾਵਾਂ ਦੀ ਦਰ ਘੱਟ ਸਕਦੀ ਹੈ।
 ਪੁਲਸ ਗਸ਼ਤ ਤੇਜ਼ ਕਰਨ ਦੀ ਕੀਤੀ ਮੰਗ
ਡਾ. ਗੁਰਕੀਰਤ ਸਿੰਘ ਅੌਲਖ, ਡਾ. ਰਾਜਬਰਿੰਦਰ ਸਿੰਘ ਰੰਧਾਵਾ, ਡਾ. ਐੱਸ.ਐੱਸ.ਮਾਨ, ਡਾ. ਅਜੀਤ ਸਿੰਘ, ਡਾ. ਸੰਤੋਖ ਸਿੰਘ, ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਇਸ ਨੈਸ਼ਨਲ ਹਾਈਵੇ ਉੱਪਰ ਆਮ ਤੌਰ ’ਤੇ ਕਈ ਛੋਟੇ ਮੋਟੇ ਹਾਦਸੇ ਹੁੰਦੇ ਰਹਿੰਦੇ ਹਨ ਪਰੰਤੂ ਉਨ੍ਹਾਂ ਦੀ ਮਦਦ ਲਈ ਪੁਲਸ ਅਕਸਰ ਨਜ਼ਰ ਨਹੀਂ ਆਉਂਦੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲਸ ਗਸ਼ਤ ਨੂੰ ਤੇਜ਼ ਕੀਤਾ ਜਾਵੇ।
 ਦੋਵਾਂ ਜ਼ਿਲਿਆਂ ਨੂੰ ਦਿੱਤਾ ਜਾਵੇਗਾ ਆਦੇਸ਼
ਆਈ.ਜੀ. ਬਾਰਡਰ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਮਾਨਾਂ ਵਾਲਾ ਤੋਂ ਹਰੀਕੇ ਪੱਤਣ ਤੱਕ ਨੈਸ਼ਨਲ ਹਾਈਵੇ ਨੂੰ ਤਰਨ ਤਾਰਨ ਅਤੇ ਅੰਮ੍ਰਿਤਸਰ ਦੀ ਪੁਲਸ ਡੀਲ ਕਰਦੀ ਹੈ,ਜਿਸ ਸਬੰਧੀ ਉਹ ਦੋਵਾਂ ਜ਼ਿਲਿਆਂ ਦੇ ਮੁਖੀਆਂ ਨੂੰ ਗਸ਼ਤ ਪ੍ਰਣਾਲੀ ਹੋਰ ਤੇਜ਼ ਕਰਨ ਸਬੰਧੀ ਆਦੇਸ਼ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਪੁਲਸ ਜਨਤਾ ਦੀ ਸੁਰੱਖਿਆ ਲਈ ਹਮੇਸ਼ਾ ਹਾਜ਼ਰ ਹੈ। ਕ੍ਰਾਈਮ ਨੂੰ ਖਤਮ ਕਰਨ ਲਈ ਜਨਤਾ ਪੁਲਸ ਨੂੰ ਸਹਿਯੋਗ ਦੇਵੇ।

 


Related News