ਮੱਥਾ ਟੇਕ ਵਾਪਸ ਪਰਤ ਰਹੇ ਦਿਓਰ-ਭਰਜਾਈ ਨੂੰ ਲੁਟੇਰਿਆਂ ਬਣਾਇਆ ਸ਼ਿਕਾਰ, ਦੋਵਾਂ ਦੀਆਂ ਟੁੱਟੀਆਂ ਪੱਸਲੀਆਂ

04/21/2022 1:40:33 PM

ਤਰਨਤਾਰਨ (ਰਮਨ) - ਪੁਲਸ ਵਲੋਂ ਕੁਝ ਦਿਨਾਂ ਤੋਂ ਕੀਤੀ ਸਖ਼ਤੀ ਤੋਂ ਬਾਅਦ ਜਿੱਥੇ ਸ਼ਹਿਰ ਵਿਚ ਲੁੱਟਾਂ-ਖੋਹਾਂ ਕਰਨ ਵਾਲਿਆਂ ਦੀਆਂ ਵਾਰਦਾਤਾਂ ’ਚ ਠੱਲ ਪਈ ਹੈ, ਉੱਥੇ ਲੁਟੇਰਿਆਂ ਵਲੋਂ ਮੇਨ ਸੜਕਾਂ ’ਤੇ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੀ ਮਿਸਾਲ ਉਸ ਵੇਲੇ ਮਿਲੀ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਵਾਪਸ ਪਰਤ ਰਹੇ ਦਿਓਰ-ਭਰਜਾਈ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾ ਲਿਆ। ਲੁਟੇਰਿਆਂ ਨੇ ਜਨਾਨੀ ਤੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਉਨ੍ਹਾਂ ਨੂੰ ਫੇਟ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਲੁੱਟ ਦੌਰਾਨ ਸੜਕ ਉੱਪਰ ਡਿੱਗਣ ਕਾਰਨ ਦੋਵਾਂ ਦੀਆਂ ਪੱਸਲੀਆਂ ਟੁੱਟ ਗਈਆਂ ਹਨ। ਜਾਣਕਾਰੀ ਦਿੰਦੇ ਹੋਏ ਅਮਨਦੀਪ ਕੌਰ ਨਿਵਾਸੀ ਕਾਜੀਕੋਟ ਰੋਡ ਤਰਨਤਾਰਨ ਨੇ ਦੱਸਿਆ ਕਿ ਉਸ ਦੀ ਮਾਤਾ ਗੁਰਜੀਤ ਕੌਰ (65) ਪਤਨੀ ਪੂਰਨ ਸਿੰਘ ਅਤੇ ਚਾਚਾ ਇਕਬਾਲ ਸਿੰਘ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੀ 9 ਅਪ੍ਰੈਲ ਤੋਂ ਲੈ ਰੋਜ਼ਾਨਾ ਕਿਸੇ ਸੁਖਨਾ ਨੂੰ ਲੈ ਕੇ ਸੇਵਾ ਕਰਨ ਜਾਂਦੇ ਸਨ। ਬੀਤੀ 16 ਅਪ੍ਰੈਲ ਨੂੰ ਜਦੋਂ ਦੋਵੇਂ ਐਕਟਿਵਾ ’ਤੇ ਸਵਾਰ ਹੋ ਮੱਥਾ ਟੇਕਣ ਉਪਰੰਤ ਵਾਪਸ ਤਰਨਤਾਰਨ ਪਰਤ ਰਹੇ ਸਨ।

ਇਸ ਦੌਰਾਨ ਅੰਮ੍ਰਿਤਸਰ ਰੋਡ ਅੱਡਾ ਗੋਹਲਵੜ ਨਜ਼ਦੀਕ ਉਨ੍ਹਾਂ ਦਾ ਪਿੱਛਾ ਕਰ ਰਹੇ ਦੋ ਮੋਟਰਸਾਈਕਲ ਸਵਾਰ ਮੋਨੇ ਨੌਜਵਾਨਾਂ ਨੇ ਮਾਤਾ ਗੁਰਜੀਤ ਕੌਰ ਦੇ ਕੰਨਾਂ ’ਚ ਪਾਈਆਂ ਇਕ ਤੋਲਾ ਸੋਨੇ ਦੀਆਂ ਵਾਲੀਆਂ ਝਪਟ ਮਾਰ ਕੇ ਖੋਹ ਲਈਆਂ। ਜਿਸ ਤੋਂ ਬਾਅਦ ਦੋਵੇਂ ਲੁਟੇਰੇ ਐਕਟਿਵਾ ਨੂੰ ਫੇਟ ਮਾਰ ਮੌਕੇ ਤੋਂ ਫ਼ਰਾਰ ਹੋ ਗਏ। ਫੇਟ ਮਾਰਨ ਨਾਲ ਐਕਟਿਵਾ ਜ਼ਮੀਨ ਉੱਪਰ ਡਿੱਗਣ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਅਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਚਾਚਾ ਦੀਆਂ 9 ਪੱਸਲੀਆਂ ਟੁੱਟ ਗਈਆਂ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਜ਼ੇਰੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਤਾ ਗੁਰਜੀਤ ਕੌਰ ਦੀ ਹੱਡੀ ਟੁੱਟ ਗਈ ਹੈ, ਜਿਸ ਦਾ ਇਲਾਜ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਸਬ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ਼ ਦੇ ਆਧਾਰ ਉੱਪਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


rajwinder kaur

Content Editor

Related News