ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ''ਚ ਪਿਉ-ਪੁੱਤ ਦੀ ਮੌਕੇ ''ਤੇ ਮੌਤ

05/15/2019 11:07:04 PM

ਤਰਨਤਾਰਨ, (ਰਮਨ)- ਅੱਜ ਇਕ ਮੋਟਰਸਾਈਕਲ ਅਤੇ ਟਰੱਕ ਦੀ ਹੋਈ ਟੱਕਰ ਦੌਰਾਨ ਪਿਉ-ਪੁੱਤ ਸਮੇਤ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵਲੋਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਫਰਾਰ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅੰਨਗੜ੍ਹ ਜ਼ਿਲਾ ਅੰਮ੍ਰਿਤਸਰ ਆਪਣੇ ਸਹੁਰੇ ਪਿੰਡ ਚੂਸਲੇਵੜ ਵਿਖੇ ਬੀਤੇ ਕੱਲ ਪਰਿਵਾਰ ਸਮੇਤ ਆਇਆ ਸੀ। ਅੱਜ ਸਵੇਰੇ ਉਹ ਆਪਣੇ ਰਿਸ਼ਤੇਦਾਰ ਨੂੰ ਖੇਮਕਰਨ ਤੋਂ ਮਿਲ ਕੇ ਵਾਪਸ ਪਰਤ ਰਹੇ ਸਨ।PunjabKesariਮੋਟਰਸਾਈਕਲ ਨੰਬਰ ਪੀ.ਬੀ.46-ਐੱਸ-9743 'ਤੇ ਸਵਾਰ ਮਲਕੀਤ ਸਿੰਘ ਉਸ ਦਾ ਵੱਡਾ ਬੇਟਾ ਹਨੀਪ੍ਰੀਤ ਸਿੰਘ (7) , ਛੋਟਾ ਬੇਟਾ ਹਰਦਿਕ (5) ਅਤੇ ਸਾਲੇਹਾਰ ਜਸਬੀਰ ਕੌਰ ਪਤਨੀ ਸੰਜੀਵ ਮਸੀਹ ਵਾਸੀ ਖੇਮਕਰਨ ਜਦੋਂ ਵਾਪਸ ਪਰਤ ਰਹੇ ਸਨ ਤਾਂ ਪੱਟੀ ਵਾਲੀ ਸਾਈਡ ਤੋਂ ਜਾ ਰਹੇ ਦਸ ਟਾਇਰੀ ਟਰੱਕ ਨੰਬਰ ਪੀ.ਬੀ.05-ਏ.ਐੱਚ-7676 ਨਾਲ ਟਕਰਾ ਗਏ। ਇਸ ਹਾਦਸੇ 'ਚ ਮੌਕੇ 'ਤੇ ਹੀ ਮਲਕੀਤ ਸਿੰਘ ਅਤੇ ਉਸਦੇ ਵੱਡੇ ਬੇਟੇ ਹਨੀਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਛੋਟਾ ਬੇਟਾ ਹਰਦਿਕ ਅਤੇ ਜਸਬੀਰ ਕੌਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਪੱਟੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ , ਬਾਅਦ 'ਚ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਘਟਨਾ ਵਾਲੀ ਥਾਂ 'ਤੇ ਪੁੱਜੇ ਚੌਕੀ ਘਰਿਆਲਾ ਦੇ ਮੁਖੀ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਮੋਟਰਸਾਈਕਲ ਸਵਾਰਾਂ ਪਿੱਛੇ ਆ ਰਹੇ ਸੰਜੀਵ ਮਸੀਹ ਦੇ ਬਿਆਨਾਂ ਹੇਠ ਟਰੱਕ ਡਰਾਈਵਰ ਜੰਗਾ ਸਿੰਘ ਪੁੱਤਰ ਗਹੁਰਦੀਪ ਸਿੰਘ ਵਾਸੀ ਮਸਤਗੜ੍ਹ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਡੈੱਡ ਹਾਉੂਸ ਪੱਟੀ 'ਚ ਰਖਵਾ ਦਿੱਤਾ ਗਿਆ ਹੈ ਜਿਨ੍ਹਾਂ ਦਾ ਵੀਰਵਾਰ ਨੂੰ ਪੋਸਟਮਾਰਟਮ ਡਾਕਟਰਾਂ ਵਲੋਂ ਕੀਤਾ ਜਾਵੇਗਾ।


Bharat Thapa

Content Editor

Related News