ਮੂਲ ਅਨਾਜਾਂ ਦੀ ਖ਼ੇਤੀ ਸਿਰਫ਼ ਆਰਥਿਕ ਪੱਖੋਂ ਲਾਹੇਵੰਦ ਹੀ ਨਹੀਂ, ਸਗੋਂ ਮਿੱਟੀ ਦੀ ਸਿਹਤ ਲਈ ਵੀ ਵਰਦਾਨ : ਕਿਸਾਨ ਗੁਰਮੁੱਖ
Sunday, Aug 27, 2023 - 12:31 PM (IST)

ਬਟਾਲਾ/ਅੱਚਲ ਸਾਹਿਬ (ਬੇਰੀ, ਗੋਰਾ ਚਾਹਲ)- ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਕਲਸੀ ਵਾਸੀ ਪਿੰਡ ਰੰਗੀਲਪੁਰ (ਗੁਰਦਾਸਪੁਰ) ਨੇ ਮੂਲ ਅਨਾਜਾਂ ਦੀ ਖੇਤੀ ਕਰਕੇ ਪੂਰੇ ਇਲਾਕੇ ’ਚ ਮਿਸਾਲ ਪੈਦਾ ਕੀਤੀ ਹੈ ਤੇ ਆਪਣੇ ਤਜਰਬੇ ਨਾਲ ਸਿੱਧ ਕੀਤਾ ਹੈ ਕਿ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਮੂਲ ਅਨਾਜ ਦੀ ਖੇਤੀ ਆਰਥਿਕ ਤੇ ਸਿਹਤ ਪੱਖੋਂ ਬਹੁਤ ਲਾਹਵੰਦ ਹੈ। ਗ੍ਰੈਜੂਏਟ ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਦੇ ਗ੍ਰਹਿ ਵਿਖੇ ਅੱਜ ਸੰਦੀਪ ਸਿੰਘ ਪ੍ਰਾਜੈਕਟ ਡਾਇਰੈਕਟਰ ਆਤਮਾ ਤੇ ਉਨ੍ਹਾਂ ਦੀ ਟੀਮ ਪਹੁੰਚੀ। ਕਿਸਾਨ ਗੁਰਮੁੱਖ ਸਿੰਘ ਨੇ ਟੀਮ ਨਾਲ ਗੱਲਬਾਤ ਦੌਰਾਨ ਵਿਸਥਾਰ ’ਚ ਦੱਸਿਆ ਕਿ ਉਸਦੀ ਪਤਨੀ ਅਤੇ ਦੋ ਬੱਚੇ ਅਤੇ ਇਕ ਭਰਾ ਦਾ ਪਰਿਵਾਰ ਕੁਦਰਤੀ ਖੇਤੀ ਕਰ ਰਿਹਾ ਹੈ ਅਤੇ ਛੋਟੀ ਉਮਰ ’ਚ ਮਾਤਾ ਪਿਤਾ ਦਾ ਸਾਇਆ ਉੱਠ ਜਾਣ ਕਰਕੇ ਬਚਪਨ ’ਚ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਿਦਆਂ ਆਪਣੇ ਪਿਤਾ ਪੂਰਖੀ ਕਾਰਜ ਖੇਤੀ ਨੂੰ ਅੱਗੇ ਵਧਾਇਆ।
ਮੂਲ ਅਨਾਜ ਦੀ ਖੇਤੀ ਵੱਲ ਆਉਣ ਦਾ ਕਾਰਨ ਦੱਸਦਿਆਂ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਭਾਈ ਲਾਲੋ ਦੇ ਘਰ ਗਏ ਸਨ ਤਾਂ ਉਨ੍ਹਾਂ ਨੇ ਕੋਧਰੇ ਦੀ ਰੋਟੀ ਖਾਧੀ ਸੀ। ਇਸ ਗੱਲ ਤੋਂ ਉਹ ਬਹੁਤ ਪ੍ਰਭਾਵਿਤ ਸਨ, ਜਿਸ ਲਈ ਉਹ ਵੀ ਕੋਧਰੇ ਤੇ ਹੋਰ ਮੂਲ ਅਨਾਜਾਂ ਦੀ ਖੇਤੀ ਕਰਨ ਵੱਲ ਆਏ। ਉਨ੍ਹਾਂ ਦੱਸਿਆ ਕਿ ਉਹ ਕਣਕ ਤੇ ਝੋਨੇ ਤੋਂ ਇਲਾਵਾ ਮਸਰ, ਛੋਲੇ ਤੇ ਸਰ੍ਹੋਂ ਦੀ ਖੇਤੀ ਕਰਦੇ ਸਨ ਪਰ ਸਾਲ 2015 ਤੋਂ ਉਨ੍ਹਾਂ ਮੂਲ ਅਨਾਜਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਤਿਹਾਸਕ ਕਿਲ੍ਹੇ ਬਣਨਗੇ ਸੈਰ ਸਪਾਟੇ ਦਾ ਕੇਂਦਰ, ਇਹ ਸ਼ਹਿਰ ਬਣੇਗਾ ਵੈਡਿੰਗ ਡੈਸਟੀਨੇਸ਼ਨ
ਉਨ੍ਹਾਂ ਮੂਲ ਅਨਾਜ ਜਿਵੇਂ ਕੋਧਰਾ, ਸਵਾਂਕ, ਕੰਗਣੀ, ਕੁਟਕੀ, ਹਰੀ ਕੰਗਣੀ, ਚੀਨਾ, ਜਵਾਰ ਤੇ ਬਾਜਰਾ ਦੀ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਪਹਿਲਾਂ 5-5 ਮਰਲਿਆਂ ’ਚ ਇਨ੍ਹਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਤੇ ਹੁਣ ਕਰੀਬ 3 ਏਕੜ ’ਚ ਮੂਲ ਅਨਾਜਾਂ ਦੀ ਖੇਤੀ ਕਰ ਰਹੇ ਹਨ। ਪਹਿਲੇ ਸਾਲ ਫਸਲ ’ਚ ਪਾਣੀ ਖੜ੍ਹਨ ਨਾਲ ਨੁਕਸਾਨ ਵੀ ਹੋਇਆ ਪਰ ਹੁਣ ਉਹ ਇਨ੍ਹਾਂ ਫਸਲਾਂ ਦੀ ਬਿਜਾਈ ਆਦਿ ਕਰਨ ’ਚ ਕਾਫੀ ਕੁਝ ਸਿੱਖ ਚੁੱਕੇ ਹਨ। ਮੂਲ ਅਨਾਜ ਖੇਤੀ ਸਾਉਣੀ ਦੀਆਂ ਫਸਲਾਂ ’ਚ ਆਉਂਦੀ ਹੈ। ਉਨ੍ਹਾਂ ਮੂਲ ਅਨਾਜ ਖੇਤੀ ਨੂੰ ਲਾਹਵੰਦ ਦੱਸਿਆ ਤੇ ਕਿਹਾ ਕਿ ਇਕ ਏਕੜ ਵਿੱਚ ਕਰੀਬ 14 ਕੁਇੰਟਲ ਕੋਧਰਾ ਨਿਕਲਦਾ ਹੈ। ਇਸ ਉੱਪਰ ਬਿਜਾਈ, ਲਵਾਈ (ਪਨੀਰੀ ਬੀਜ ਕੇ), ਗੋਡੀਆਂ, ਕਟਾਈ (ਲੇਬਰ/ਕੰਬਾਈਨ) ਕਰੀਬ 27 ਹਜ਼ਾਰ ਰੁਪਏ ਖਰਚ ਆਉਂਦਾ ਹੈ।
ਉਨ੍ਹਾਂ ਦੱਸਿਆ ਕਿ ਮਾਰਕੀਟ ’ਚ ਇਕ ਕਿਲੋ ਕੋਧਰਾ 125 ਰੁਪਏ ਤੱਕ ਵਿਕ ਜਾਂਦਾ ਹੈ ਤੇ 14 ਕੁਇੰਟਲ ਦੇ ਹਿਸਾਬ ਨਾਲ ਕੁਲ 1 ਲੱਖ 75 ਹਜ਼ਾਰ ਰੁਪਏ ਬਣਦਾ ਹੈ। ਇਸ ’ਚੋਂ ਜੇਕਰ ਪੂਰੀ ਤਿਆਰੀ ਕਰਕੇ ਸਾਰਾ ਖਰਚਾ 40 ਹਜ਼ਾਰ ਰੁਪਏ ਤੱਕ ਵੀ ਕੱਢ ਲਿਆ ਜਾਵੇ ਤਾਂ ਵੀ 1 ਲੱਖ 35 ਹਜ਼ਾਰ ਰੁਪਏ ਦਾ ਫਾਇਦਾ ਹੁੰਦਾ ਹੈ। ਜੇਕਰ ਸਾਰੇ ਮੂਲ ਅਨਾਜਾਂ ਨੂੰ ਮਿਕਸ ਕਰ ਲਿਆ ਜਾਵੇ ਤਾਂ ਉਹ 150 ਰੁਪਏ ਕਿਲੋ ਤੱਕ ਵੀ ਵਿਕਦਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕੋਧਰਾ ਅਤੇ ਬਾਕੀ ਮੂਲ ਅਨਾਜਾਂ ’ਚ ਕਾਸ਼ਤ, ਖਰਚਾ ਤੇ ਪੈਦਾਵਰ ਅਲੱਗ-ਅਲੱਗ ਹੈ ਪਰ ਆਰਥਿਕ ਫਾਇਦਾ ਰਵਾਇਤੀ ਫਸਲਾਂ ਨਾਲ ਵੱਧ ਹੀ ਹੈ ਮੂਲ ਅਨਾਜਾਂ ਦੀ ਬਿਜਾਈ ਦੌਰਾਨ ਹੀ ਪਾਣੀ ਲੱਗਦਾ ਹੈ ਅਤੇ ਇਹ ਬਿਨਾਂ ਦਵਾਈ ਦੇ ਫਸਲ ਹੈ, ਕੋਈ ਕੀੜਾ ਨਹੀਂ ਲੱਗਦਾ ਹੈ। ਇਹ ਨਾ ਸਿਰਫ ਆਰਥਿਕ ਪੱਖੋਂ ਲਾਹਵੰਦ ਹੈ ਸਗੋਂ ਸਿਹਤ, ਪਾਣੀ, ਵਾਤਾਵਰਣ ਤੇ ਮਿੱਟੀ ਦੀ ਸਿਹਤ ਲਈ ਵੀ ਵਰਦਾਨ ਹੈ। ਮੂਲ ਅਨਾਜ ਸ਼ੂਗਰ, ਬਲੱਡ ਪ੍ਰੈਸ਼ਰ, ਥਾਇਰਾਈਡ ਦੇ ਮਰੀਜ਼ਾਂ ਲਈ ਵਰਦਾਨ ਹਨ ਅਤੇ ਮੋਟਾਪਾ ਘੱਟ ਕਰਨ ’ਚ ਇਸਦਾ ਕੋਈ ਤੋੜ ਨਹੀਂ ਹੈ।
ਇਹ ਵੀ ਪੜ੍ਹੋ- ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ 'ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ
ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਚੱਕਰ ਤੋਂ ਕੱਢ ਕੇ ਮੂਲ ਅਨਾਜਾਂ ਦੀ ਖੇਤੀ ਵੱਲ ਲਿਆਉਣ ਦੀ ਗੱਲ ਕਰਦਿਆਂ ਕਿਸਾਨ ਗੁਰਮੁੱਖ ਸਿੰਘ ਕਲਸੀ ਨੇ ਦੱਸਿਆ ਕਿ ਜਿਵੇਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਫਸਲ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ, ਉਸੇ ਤਰਜ਼ ’ਤੇ ਮੂਲ ਅਨਾਜਾਂ ’ਤੇ ਦਿੱਤੀ ਜਾਵੇ। ਪ੍ਰੋਸੈਸਿੰਗ ਪਲਾਂਟ ਹਾਈਟੈੱਕ ਕੀਤੇ ਜਾਣ। ਸਿੱਧੀ ਫਸਲ ਵੇਚਣ ਦੀ ਥਾਂ ਪ੍ਰੋਡੈਕਟ ਤਿਆਰ ਕਰਨ ’ਚ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਮੂਲ ਅਨਾਜ ਤੋਂ ਪਾਸਤਾ, ਬਿਸਕੁਟ, ਨਮਕੀਨ, ਸੇਵੀਆਂ, ਕੇਕ ਤੇ ਪਾਪੜ ਆਦਿ ਕੀਤੇ ਜਾ ਸਕਦੇ ਹਨ। ਕਿਸਾਨਾਂ ਨੂੰ ਹੁਨਰਮੰਦ ਬਣਾਉਣ ਲਈ ਹੋਰ ਯਤਨ ਕੀਤੇ ਜਾਣ।
ਇਸ ਮੌਕੇ ਗੱਲ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਕਿਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਸਾਡੇ ਜ਼ਿਲੇ ਦਾ ਮਾਣ ਹਨ। ਇਨ੍ਹਾਂ ਨੂੰ ਆਤਮਾ ਸਕੀਮ ਬਟਾਲਾ ਵੱਲੋਂ ਬਲਾਕ ਫਾਰਮਰ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਅਤੇ ਕਿਸਾਨ ਮਿੱਤਰ ਵਜੋਂ ਸ਼ਾਮਲ ਕੀਤਾ ਗਿਆ ਹੈ। ਸਮੇਂ ਸਮੇਂ ਤੇ ਜ਼ਿਲਾ ਪ੍ਰਸ਼ਾਸਨ, ਖੇਤੀਬਾੜੀ ਵਿਭਾਗ ਤੇ ਪੀ. ਏ. ਯੂ. ਵਲੋਂ ਇਨਾਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਵਾਇਤੀ ਫਸਲਾਂ ਦੇ ਚੱਕਰ ’ਚ ਬਾਹਰ ਨਿਕਲਣ ਤੇ ਮੂਲ ਅਨਾਜਾਂ ਦੀ ਖੇਤੀ ਕਰਨ। ਆਉਣ ਵਾਲਾ ਸਮਾਂ ਮੂਲ ਅਨਾਜ ਖੇਤੀ ਦਾ ਹੈ। ਇਸ ਮੌਕੇ ਸੰਦੀਪ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ, ਕੁਲਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਬਟਾਲਾ ਤੇ ਹਰਗੁਰਨੇਕ ਸਿੰਘ ਸਹਾਇਕ ਟੈਕਨਾਲੋਜੀ ਮੈਨੇਜਰ ਵੀ ਮੋਜੂਦ ਸਨ।
ਇਹ ਵੀ ਪੜ੍ਹੋ- ਗੈਂਗਸਟਰ ਲਖਵੀਰ ਲੰਡਾ ਖ਼ਿਲਾਫ਼ NIA ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜ਼ਮੀਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8