ਗੰਨੇ ਦੀ ਜੂੰ ਨਾਮਕ ਕੀੜੇ ਤੋਂ ਬਚਾਅ ਲਈ ਫਸਲ ਦਾ ਨਿਰੀਖਣ ਜ਼ਰੂਰੀ : ਕੇਨ ਕਮਿਸ਼ਨਰ
Saturday, Jun 27, 2026 - 02:09 PM (IST)
ਗੁਰਦਾਸਪੁਰ (ਵਿਨੋਦ)- ਹਰ ਸਾਲ ਜੂਨ-ਜੁਲਾਈ ਮਹੀਨੇ ਦੌਰਾਨ ਗੰਨੇ ਦੀ ਫਸਲ ਦਾ ਸਹਿਕਾਰੀ ਅਤੇ ਨਿੱਜੀ ਖੰਡ ਵਲੋਂ ਸਰਵੇਅ ਕੀਤਾ ਜਾਂਦਾ ਹੈ ਤਾਂ ਗੰਨੇ ਦੀ ਫਸਲ ਹੇਠ ਰਕਬੇ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਉਸ ਅਨੁਸਾਰ ਕਲੰਡਰ ਨਿਰਧਾਰਤ ਕੀਤਾ ਜਾ ਸਕੇ। ਇੰਡੀਅਨ ਸੁਕਰੋਜ਼ ਲਿਮਿਟਡ ਮੁਕੇਰੀਆਂ ਦੇ ਅਧਿਕਾਰਿਤ ਖੇਤਰ ਵਿਚ ਚੱਲ ਰਹੇ ਸਰਵੇਖਣ ਦੇ ਕੰਮ ਦਾ ਜਾਇਜ਼ਾ ਲੈਣ ਲਈ ਗੰਨਾ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।
ਦੌਰੇ ਦੌਰਾਨ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਗੰਨੇ ਦੀ ਫਸਲ ਨਾਲ ਸੰਬੰਧਤ ਮੁਸ਼ਕਲਾਂ ਦਾ ਮੌਕੇ ’ਤੇ ਹੱਲ ਕੀਤਾ। ਇਸ ਟੀਮ ਵਿਚ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਨਿਰਦੇਸ਼ਕ ਖੇਤਰੀ ਖੋਜ ਕੇਂਦਰ, ਡਾਕਟਰ ਸੰਜੇ ਸਿੰਘ ਵਾਈਸ ਪ੍ਰੈਜ਼ੀਡੈਂਟ ਖੰਡ ਮਿੱਲ, ਡਾਕਟਰ ਰਜਿੰਦਰ ਕੁਮਾਰ ਕੀਟ ਵਿਗਿਆਨੀ, ਡਾਕਟਰ ਜਸਨ ਜੀਤ ਕੌਰ, ਡਾਕਟਰ ਅਨੁਰਾਧਾ , ਡਾਕਟਰ ਮਿੱਤਰ ਮਾਨ ਸਿੰਘ ਖੇਤੀ ਵਿਕਾਸ ਅਧਿਕਾਰੀ (ਗੰਨਾ) ਅਤੇ ਹੋਰ ਅਧਿਕਾਰੀ ਸ਼ਾਮਲ ਸਨ।
ਪਿੰਡ ਭੈਣੀ ਪਸਵਾਲ ਵਿਚ ਗੱਲਬਾਤ ਕਰਦਿਆਂ ਕੇਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਹਰ ਸਾਲ ਜੂਨ-ਜੁਲਾਈ ਮਹੀਨੇ ਦੌਰਾਨ ਗੰਨੇ ਦੀ ਫਸਲ 'ਤੇ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਦਫਤਰ ਗੰਨਾ ਕਮਿਸ਼ਨਰ ਪੰਜਾਬ, ਖੇਤਰੀ ਖੋਜ ਕੇਂਦਰ ਕਪੂਰਥਲਾ ਅਤੇ ਖੰਡ ਮਿੱਲਾਂ ਵਲੋਂ ਸਾਂਝੇ ਤੌਰ 'ਤੇ ਗੰਨੇ ਦੀ ਫਸਲ ਦਾ ਸਰਵੇਖਣ ਕੀਤਾ ਜਾਂਦਾ ਹੈ ਤਾਂ ਜੋ ਸਮੇਂ ਸਿਰ ਗੰਨਾ ਕਾਸ਼ਤਕਾਰਾਂ ਨੂੰ ਸਹੀ ਤਕਨੀਕੀ ਅਗਵਾਈ ਦਿੱਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮੂਢੀ ਫਸਲ ਦੀ ਸੰਭਾਲ ਵੱਲ ਸਹੀ ਸਮੇਂ 'ਤੇ ਧਿਆਨ ਨਾ ਦੇਣ ਨਾਲ ਪੈਦਾਵਾਰ ਘੱਟਦੀ ਹੈ, ਜੋ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲਾਂ ਨੂੰ ਆਰਥਿਕ ਨੁਕਸਾਨ ਦਾ ਕਾਰਨ ਬਣਦੀ ਹੈ ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਅਤਿ ਦੀ ਗਰਮੀ ਅਤੇ ਲੂਅ ਨੂੰ ਮੁੱਖ ਰੱਖਦਿਆਂ ਗੰਨੇ ਦੀ ਫਸਲ ਨੂੰ 10-15 ਦਿਨ ਦੇ ਵਕਫੇ 'ਤੇ ਪਾਣੀ ਦਿੰਦੇ ਰਹਿਣਾ ਚਾਹੀਦਾ ਤਾਂ ਜੋ ਪਾਣੀ ਦੀ ਘਾਟ ਨਾਲ ਗੰਨੇ ਦੀ ਫਸਲ ਪ੍ਰਭਾਵਤ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਵਲੋਂ ਗੰਨੇ ਦੀ ਪੂਰੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਨਿੱਜੀ ਮਿੱਲਾਂ 'ਤੇ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਸਬਸਿਡੀ ਦੀ ਅਦਾਇਗੀ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਬਹੁਤ ਜਲਦ ਸਾਰੀ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੰਨੇ ਦੀ ਚੰਗੀ ਗੁਣਵੱਤਾ ਅਤੇ ਵਧੇਰੇ ਪੈਦਾਵਾਰ ਲੈਣ ਲਈ ਗੰਨੇ ਦੀ ਮੂਢੀ ਫਸਲ ਦਾ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਕੰਮ ਹੈ ਕਿਉਂਕਿ ਜੇਕਰ ਸ਼ੁਰੂਆਤੀ ਪੜਾਅ ਦੌਰਾਨ ਮੂਢੀ ਫਸਲ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਗੰਨੇ ਦੀ ਪੈਦਾਵਾਰ ਦੇ ਨਾਲ-ਨਾਲ ਖੰਡ ਦੀ ਰਿਕਵਰੀ ਘੱਟਦੀ ਹੈ ਜਿਸ ਨਾਲ ਗੰਨਾਂ ਕਾਸ਼ਤਕਾਰ ਅਤੇ ਖੰਡ ਮਿੱਲ ਦੋਹਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ।
ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਮਿੱਲਾਂ ਦੇ ਅਧਿਕਾਰਤ ਖੇਤਰਾਂ ਵਿਚ ਕੀਤੇ ਗਏ ਸਰਵੇਖਣ ਦੌਰਾਨ ਪਾਇਆ ਕਿ ਗੰਨੇ ਦੀ ਫਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਜਿਸ ਮੂਢੀ ਫਸਲ ਦੀ ਦੇਖਭਾਲ ਸਹੀ ਨਹੀਂ ਹੋਈ, ਉੱਥੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਬੀਜੜ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਅੱਜ ਕੀਤੇ ਦੌਰੇ ਦੌਰਾਨ ਦੇਖਿਆ ਗਿਆ ਕਿ ਗੰਨੇ ਦੀ ਫਸਲ ਖਾਸ ਕਰਕੇ ਮੂਢੀ ਫਸਲ 'ਤੇ ਗੜੂਏ ਦਾ ਹਮਲਾ ਹੋਇਆ ਹੈ ,ਪਰ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ,ਕਿਉਂਕਿ ਇਸ ਕੀੜੇ ਦਾ ਹਮਲਾ ਆਰਥਿਕ ਨੁਕਸਾਨ ਦੇ ਪੱਧਰ ਤੋਂ ਹੇਠਾਂ ਹੀ ਹੈ।
ਉਨ੍ਹਾਂ ਕਿਹਾ ਕਿ ਮੂਢੀ ਫਸਲ ਦੇ ਪੁੰਗਰਨ ਤੋਂ 20-25 ਦਿਨਾਂ ਬਾਅਦ ਖੇਤ ਦਾ ਨਿਰੀਖਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੂਢੀ ਫਸਲ ਦੇ ਬਿਹਤਰ ਵਾਧੇ ਲਈ ਖਾਦਾਂ ਨੂੰ ਮੁੱਢਲੀ ਅਵਸਥਾ ਵਿਚ ਹੀ ਪਾ ਦੇਣਾ ਚਾਹੀਦਾ । ਉਨ੍ਹਾਂ ਕਿਹਾ ਕਿ ਮੂਢੀ ਫਸਲ ਨੂੰ ਬੀਜੜ ਫਸਲ ਨਾਲੋਂ 20 ਫੀਸਦੀ ਵੱਧ ਜਾਨੀ 195 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਹਿੱਸਿਆਂ ਪਹਿਲੀ ਗੁਡਾਈ ਕਰਨ ਸਮੇਂ , ਦੂਜੀ ਅਪ੍ਰੈਲ ਮਈ ਅਤੇ ਤੀਜੀ ਜੂਨ ਦੇ ਅਖੀਰ ਵਿੱਚ ਪਾਉਣੀ ਚਾਹੀਦੀ ਹੈ।
ਜਨਰਲ ਮੈਨੇਜਰ ਸੰਜੇ ਸਿੰਘ ਨੇ ਦੱਸਿਆ ਕਿ ਖੰਡ ਮਿੱਲ ਵਲੋਂ ਕੀੜਿਆਂ ਦੀ ਰੋਕਥਾਮ, ਵਾਜਬ ਮੁੱਲ, ਕਲੋਐਂਟਰਾਨਿਲੀਪ੍ਰੋਲ ਅਤੇ ਕਲੋਰੋਪੈਰੀਫਾਸ ਦਿੱਤੀ ਜਾ ਰਹੀ ਹੈ ਤਾਂ ਜੋਂ ਗੰਨਾ ਕਾਸ਼ਤਕਾਰ ਸਮੇਂ ਸਿਰ ਇਹ ਕੀਟ ਨਾਸ਼ਕ ਵਰਤ ਕੇ ਕੀੜਿਆਂ ਦੀ ਰੋਕਥਾਮ ਕਰ ਸਕਣ।
