ਗੁਰਦਾਸਪੁਰ ''ਚ 5 ਡਿਗਰੀ ਡਿੱਗਿਆ ਤਾਪਮਾਨ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ

Thursday, Jun 25, 2026 - 05:44 PM (IST)

ਗੁਰਦਾਸਪੁਰ ''ਚ 5 ਡਿਗਰੀ ਡਿੱਗਿਆ ਤਾਪਮਾਨ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ

ਗੁਰਦਾਸਪੁਰ (ਹਰਮਨ)– ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਈ 12 ਐਮਐਮ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਝੋਨੇ ਦੀ ਫਸਲ ਦੀ ਸਾਂਭ-ਸੰਭਾਲ ਵਿੱਚ ਲੱਗੇ ਕਿਸਾਨਾਂ ਲਈ ਵੀ ਇਹ ਬਾਰਿਸ਼ ਵੱਡੀ ਰਾਹਤ ਲੈ ਕੇ ਆਈ ਹੈ। ਬਾਰਿਸ਼ ਕਾਰਨ ਖੇਤਰ ਦੇ ਤਾਪਮਾਨ ਵਿੱਚ ਔਸਤਨ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਦਿਨ ਦਾ ਤਾਪਮਾਨ ਲਗਭਗ 31 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 24 ਤੋਂ 25 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨਾਂ ਦੌਰਾਨ ਦਿਨ ਦਾ ਤਾਪਮਾਨ 36 ਤੋਂ 38 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ ਕਰੀਬ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਕਾਰਨ ਲੋਕ ਗਰਮੀ ਅਤੇ ਹੁੰਮਸ ਤੋਂ ਪ੍ਰੇਸ਼ਾਨ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਮੁਲਜ਼ਮ ਵਿਚਾਲੇ ਚੱਲੀਆਂ ਅੰਨ੍ਹੇਵਾਹ ਗੋਲੀਆਂ

ਖੇਤੀਬਾੜੀ ਮਾਹਰਾਂ ਅਨੁਸਾਰ ਇਹ ਬਾਰਿਸ਼ ਝੋਨੇ ਦੀ ਫਸਲ ਲਈ ਬਹੁਤ ਲਾਭਦਾਇਕ ਹੈ। ਪਿਛਲੇ ਕੁਝ ਦਿਨਾਂ ਤੋਂ ਕਿਸਾਨ ਝੋਨੇ ਦੀ ਸਿੰਚਾਈ ਲਈ ਟਿਊਬਵੈੱਲਾਂ ਅਤੇ ਨਹਿਰੀ ਪਾਣੀ ’ਤੇ ਨਿਰਭਰ ਸਨ, ਪਰ ਹੁਣ ਹੋਈ ਬਾਰਿਸ਼ ਨਾਲ ਫਸਲ ਨੂੰ ਲੋੜੀਂਦੀ ਨਮੀ ਮਿਲਣ ਕਾਰਨ ਸਿੰਚਾਈ ਦਾ ਬੋਝ ਘਟੇਗਾ ਅਤੇ ਕਿਸਾਨਾਂ ਦੇ ਖਰਚਿਆਂ ਵਿੱਚ ਵੀ ਕਮੀ ਆਵੇਗੀ। ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸ਼ਾਹਬਾਜ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਬਾਰਿਸ਼ ਫਸਲਾਂ ਲਈ ਢੁੱਕਵੀਂ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਮਿੱਟੀ ਵਿੱਚ ਨਮੀ ਦੀ ਕਮੀ ਦੂਰ ਹੋਵੇਗੀ, ਫਸਲ ਦੇ ਵਾਧੇ ਨੂੰ ਹੁਲਾਰਾ ਮਿਲੇਗਾ ਅਤੇ ਕਈ ਕਿਸਮ ਦੇ ਕੀੜਿਆਂ ਤੇ ਬਿਮਾਰੀਆਂ ਦੇ ਪ੍ਰਭਾਵ ਵਿੱਚ ਵੀ ਕਮੀ ਆ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫਾਸ਼, ਖ਼ਤਰਨਾਕ ਹਥਿਆਰਾਂ ਤੇ ਲੱਖਾਂ ਦੀ ਨਕਦੀ ਸਮੇਤ 7 ਮੁਲਜ਼ਮ ਗ੍ਰਿਫਤਾਰ

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਨੂੰ ਲੋੜ ਅਨੁਸਾਰ ਹੀ ਪਾਣੀ ਦਿੱਤਾ ਜਾਵੇ ਅਤੇ ਬੇਲੋੜੀ ਖਾਦਾਂ ਜਾਂ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਖਾਦ ਜਾਂ ਦਵਾਈ ਦੀ ਵਰਤੋਂ ਤੋਂ ਪਹਿਲਾਂ ਖੇਤੀ ਮਾਹਰਾਂ ਨਾਲ ਸਲਾਹ ਜ਼ਰੂਰ ਕੀਤੀ ਜਾਵੇ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਮੁੜ ਵਾਧਾ ਹੋ ਸਕਦਾ ਹੈ, ਹਾਲਾਂਕਿ ਅਗਲੇ ਹਫ਼ਤੇ ਦੇ ਮੱਧ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਹੋਰ ਰਾਹਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, 2 ਦਿਨਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News