ਗੁਰਦੁਆਰਾ ਸਾਹਿਬ ਦੇ ਬਰਤਨਾਂ ’ਚ ਮੀਟ ਪਰੋਸਨ ਨੂੰ ਰੋਕਣ ''ਤੇ ਪਤੀ-ਪਤਨੀ ''ਤੇ ਹਮਲਾ, 6 ਖਿਲਾਫ ਮਾਮਲਾ ਦਰਜ
Monday, Oct 13, 2025 - 06:32 PM (IST)

ਤਰਨਤਾਰਨ(ਰਮਨ)-ਦਾਦੀ ਦੇ ਭੋਗ ਨੂੰ ਲੈ ਗੁਰਦੁਆਰਾ ਸਾਹਿਬ ਤੋਂ ਲਿਆਂਦੇ ਬਰਤਨਾਂ ਵਿਚ ਭੋਗ ਪੈਣ ਉਪਰੰਤ ਮੀਟ ਪਰੋਸਣ ਦਾ ਵਿਰੋਧ ਕਰਨਾ ਸ਼ਰੀਕੇ ’ਚ ਪਤੀ-ਪਤਨੀ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਸਬੰਧਤ ਪਰਿਵਾਰਕ ਮੈਂਬਰਾਂ ਵੱਲੋਂ ਦੋਵਾਂ ਨੂੰ ਮਾਰਕੁੱਟ ਕਰਦੇ ਹੋਏ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧ ’ਚ ਥਾਣਾ ਵੈਰੋਂਵਾਲ ਦੀ ਪੁਲਸ ਨੇ ਰਿਸ਼ਤੇਦਾਰੀ ’ਚ ਮੌਜੂਦ ਔਰਤਾਂ ਸਣੇ 6 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰਮੇਲ ਸਿੰਘ ਪੁੱਤਰ ਸ਼ਹੀਦ ਸਿੰਘ ਵਾਸੀ ਪਿੰਡ ਭਲੋਜਲਾ ਨੇ ਆਪਣੇ ਬਿਆਨਾਂ ’ਚ ਪੁਲਸ ਨੂੰ ਦੱਸਿਆ ਕਿ ਬੀਤੀ 22 ਸਤੰਬਰ ਨੂੰ ਵਕਤ ਕਰੀਬ 7 ਵਜੇ ਸ਼ਾਮ ਦਾ ਹੋਵੇਗਾ, ਮੈਂ ਆਪਣੀ ਘਰਵਾਲੀ ਮਨਿੰਦਰਜੀਤ ਕੌਰ ਨਾਲ ਦੁਕਾਨ ’ਤੇ ਖੜ੍ਹਾ ਸੀ ਕਿ ਤੇਜਿੰਦਰ ਸਿੰਘ ਉਰਫ ਬੱਬੂ ਪੁੱਤਰ ਸੁਰਜੀਤ ਸਿੰਘ ਮੁਸੱਲਾ ਕਹੀ, ਅਵਤਾਰ ਸਿੰਘ ਪੁੱਤਰ ਪੂਰਨ ਸਿੰਘ ਮੁਸੱਲਾ ਬੇਸਬਾਲ, ਇੰਦਰਜੀਤ ਕੌਰ ਪਤਨੀ ਸੁਰਜੀਤ ਸਿੰਘ, ਅੰਜੂ ਪਤਨੀ ਅਵਤਾਰ ਸਿੰਘ, ਈਸ਼ਾ ਪਤਨੀ ਕੰਵਲਜੀਤ ਸਿੰਘ, ਪ੍ਰਿਯਾ ਪਤਨੀ ਤੇਜਿੰਦਰ ਸਿੰਘ ਵਾਸੀਆਨ ਭਲੋਜਲਾ ਮੇਰੀ ਦੁਕਾਨ ਦੇ ਬਾਹਰ ਆਏ ਤੇ ਤੇਜਿੰਦਰ ਸਿੰਘ ਨੇ ਮੈਨੂੰ ਤੇ ਮੇਰੀ ਘਰਵਾਲੀ ਨੂੰ ਦੇਖ ਕੇ ਲਲਕਾਰਾ ਮਾਰਿਆ ਕਿ ਇਨ੍ਹਾਂ ਨੂੰ ਅੱਜ ਫੜ੍ਹ ਲਓ, ਅੱਜ ਬੱਚ ਕੇ ਨਾ ਜਾਣ, ਇਹ ਸਾਨੂੰ ਰਸਤੇ ਵਿਚ ਇੱਟਾ ਪੁੱਟਣ ਤੋਂ ਰੋਕਦੇ ਹਨ।
ਇਨ੍ਹਾਂ ਵੱਲੋਂ ਮੇਰੀ ਅਤੇ ਮੇਰੀ ਘਰਵਾਲੀ ਦੀ ਕੁੱਟਮਾਰ ਕੀਤੀ ਗਈ ਤੇ ਜਦੋਂ ਮਾਰ ਦਿੱਤਾ ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਉਕਤ ਸਾਰੇ ਹਮਲਾਵਰ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਰੌਲਾ ਸੁਣ ਕੇ ਮੇਰਾ ਜੀਜਾ ਸੁਖਵਿੰਦਰ ਸਿੰਘ ਤੇ ਮੇਰੇ ਰਿਸ਼ਤੇਦਾਰਾਂ ਨੇ ਸਵਾਰੀ ਦਾ ਪ੍ਰਬੰਧ ਕਰਕੇ ਮੈਨੂੰ ਸਿਵਲ ਹਸਪਤਾਲ ਮੀਆਂਵਿੰਡ ਦਾਖਲ ਕਰਾਇਆ। ਇਨ੍ਹਾਂ ਸਾਰਿਆਂ ਨੇ ਮੇਰੇ ਘਰ ਵਿਚ ਪਿਆ ਸ਼ੈੱਡ ਵੀ ਢਾਹ ਦਿੱਤਾ। ਗੁਰਮੇਜ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੀ ਵਜ੍ਹਾ ਰੰਜ਼ਿਸ਼ ਇਹ ਹੈ ਕਿ ਇਹ ਸਾਰੇ ਮੇਰੇ ਤਾਏ ਦੇ ਲੜਕੇ ਤੇ ਉਸਦਾ ਪਰਿਵਾਰ ਹਨ। ਤੇਜਿੰਦਰ ਸਿੰਘ ਦੀ 3-4 ਮਹੀਨੇ ਪਹਿਲਾਂ ਦਾਦੀ ਦਾ ਭੋਗ ਸੀ, ਜਿਸ ਦੇ ਸਬੰਧ ਵਿਚ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਤੋਂ ਬਰਤਨ ਭੋਗ ਲਈ ਲਿਆਂਦੇ ਸਨ। ਭੋਗ ਤੋਂ ਬਾਅਦ ਇਨ੍ਹਾਂ ਨੇ ਘਰ ਵਿਚ ਮੀਟ ਬਣਾਇਆ ਸੀ, ਜੋ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਬਰਤਨਾਂ ’ਚ ਪਾ ਕੇ ਖਾਦਾ ਸੀ, ਜਿਸ ਸਬੰਧੀ ਮੈਨੂੰ ਪਤਾ ਲੱਗਣ ’ਤੇ ਅਸੀਂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ, ਹੁਣ ਤੱਕ ਮੋਹਤਬਰਾਂ ਨੇ ਸਾਡਾ ਆਪਸ ਵਿਚ ਰਾਜ਼ੀਨਾਮਾ ਕਰਾਉਂਦੇ ਰਹੇ, ਜੋ ਸਿਰੇ ਨਹੀਂ ਚੜ੍ਹ ਸਕਿਆ। ਜਿਸ ਦੀ ਰੰਜਿਸ਼ ਤਹਿਤ ਸਾਡੇ ਉਪਰ ਹਮਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਵਾਲ ਦੇ ਮੁਖੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ’ਚ ਗੁਰਮੇਲ ਸਿੰਘ ਦੇ ਬਿਆਨਾਂ ਹੇਠ ਤੇਜਿੰਦਰ ਸਿੰਘ ਉਰਫ ਬੱਬੂ ਪੁੱਤਰ ਸੁਰਜੀਤ ਸਿੰਘ, ਅਵਤਾਰ ਸਿੰਘ ਪੁੱਤਰ ਪੂਰਨ ਸਿੰਘ, ਇੰਦਰਜੀਤ ਕੌਰ ਪਤਨੀ ਸੁਰਜੀਤ ਸਿੰਘ, ਅੰਜੂ ਪਤਨੀ ਅਵਤਾਰ ਸਿੰਘ, ਈਸ਼ਾ ਪਤਨੀ ਕਵਲਜੀਤ ਸਿੰਘ ਅਤੇ ਪ੍ਰਿਯਾ ਪਤਨੀ ਤੇਜਿੰਦਰ ਸਿੰਘ ਸਾਰੇ ਨਿਵਾਸੀ ਪਿੰਡ ਭਲੋਜਲਾ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।