ਕੋਰੋਨਾ ਸੰਕਟ : ਸੌਖ਼ਾ ਨਹੀਂ, ਚੁਣੌਤੀਆਂ ਭਰਪੂਰ ਹੋਵੇਗਾ ਇਸ ਵਾਰ ਕਣਕ ਦੀ ਖਰੀਦ ਦਾ ਸੀਜ਼ਨ
Wednesday, Apr 15, 2020 - 11:25 AM (IST)
ਬਟਾਲਾ (ਮਠਾਰੂ): ਕੋਰੋਨਾ ਵਾਇਰਸ ਕਾਰਣ ਲੱਗੇ ਕਰਫਿਊ ਦੌਰਾਨ ਸੂਬੇ ’ਚ ਕੱਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਸਰਕਾਰੀ ਖਰੀਦ ਸਬੰਧੀ ਸਰਕਾਰ ਅਤੇ ਸਬੰਧਤ ਵਿਭਾਗ ਸਮੇਤ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਮਹਾਮਾਰੀ ਤੋਂ ਬਚਾਅ ਸਬੰਧੀ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਸਰੇ ਪਾਸੇ ਕੋਰੋਨਾ ਕਾਰਣ ਕਣਕ ਦੇ ਇਸ ਸੀਜ਼ਨ ’ਚ ਕਿਸਾਨਾਂ, ਆਡ਼੍ਹਤੀਆਂ, ਮਜ਼ਦੂਰਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਕਿਉਂਕਿ ਸਰਕਾਰ ਵੱਲੋਂ ਕੋਰੋਨਾ ਦੇ ਹਾਲਾਤ ਨੂੰ ਦੇਖਦਿਆਂ ਮੰਡੀਆਂ ’ਚ ਹਰੇਕ ਕਿਸਾਨ ਲਈ ਵੱਖਰੇ ਤੌਰ ’ਤੇ ਯਾਰਡ ਬਣਾਇਆ ਗਿਆ ਹੈ, ਤਾਂ ਜੋ ਵੱਡੀਆਂ ਮੰਡੀਆਂ ’ਚ ਭੀਡ਼ ਇਕੱਠੀ ਨਾ ਹੋ ਸਕੇ ਅਤੇ ਸੋਸ਼ਲ ਡਿਸਟੈਂਸ ਨੂੰ ਕਾਇਮ ਕਰਦਿਆਂ ਇਸ ਮਹਾਮਾਰੀ ਤੋਂ ਬਚਾਅ ਕੀਤਾ ਜਾ ਸਕੇ।
ਇਸ ਸਬੰਧੀ ਕੱਚਾ ਆਡ਼੍ਹਤੀਆ ਐਸੋਸੀਏਸ਼ਨ ਅਨਾਜ ਮੰਡੀ ਬਟਾਲਾ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੋਰੋਨਾ ਨੂੰ ਦੇਖਦਿਆਂ ਸਰਕਾਰ ਵੱਲੋਂ ਇਕ ਆਡ਼੍ਹਤੀ ਨੂੰ ਰੋਜ਼ਾਨਾ ਲਈ 5 ਪਾਸ ਕਿਸਾਨਾਂ ਨੂੰ ਮੰਡੀ ’ਚ ਫਸਲ ਲਿਆਉਣ ਵਾਸਤੇ ਜਾਰੀ ਕੀਤੇ ਗਏ ਹਨ, ਜੋ ਕਿ ਬਹੁਤ ਹੀ ਘੱਟ ਹਨ, ਜਦ ਕਿ ਬਹੁਤ ਵੱਡੀ ਸਮੱਸਿਆ ਲੇਬਰ ਦੀ ਆਵੇਗੀ ਕਿਉਂਕਿ ਕਣਕ ਦੇ ਸੀਜ਼ਨ ਦੌਰਾਨ 70 ਫ਼ੀਸਦੀ ਲੇਬਰ ਪ੍ਰਵਾਸੀ ਮਜ਼ਦੂਰਾਂ ਦੀ ਹੁੰਦੀ ਹੈ, ਜਦ ਕਿ 30 ਫ਼ੀਸਦੀ ਲੇਬਰ ਪੰਜਾਬ ਦੀ ਹੁੰਦੀ ਹੈ। ਇਹ ਲੇਬਰ ਮੰਡੀਆਂ ਵਿੱਚ ਕੰਮ ਕਰਨ ਤੋਂ ਇਲਾਵਾ ਕਣਕ ਦੀ ਸਾਂਭ-ਸੰਭਾਲ ਲਈ ਗੁਦਾਮਾਂ ’ਚ ਵੀ ਕੰਮ ਕਰਦੀ ਹੈ। ਇਸ ਲਈ ਪ੍ਰਵਾਸੀ-ਮਜ਼ਦੂਰਾਂ ਦੀ ਘਾਟ ਕਾਰਣ ਮੰਡੀਆਂ ਅਤੇ ਗੁਦਾਮਾਂ ਦਾ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗਾ।ਪ੍ਰਧਾਨ ਰੰਧਾਵਾ ਨੇ ਦੱਸਿਆ ਕਿ 16 ਅਪ੍ਰੈਲ ਨੂੰ ਬਿਹਾਰ ਤੋਂ ਇਕ ਵਿਸ਼ੇਸ਼ ਗੱਡੀ ਚਲਾਈ ਜਾਣੀ ਸੀ, ਜਿਸ ’ਚ ਬਿਹਾਰ ਤੋਂ ਲੇਬਰ ਮੰਗਵਾਉਣ ਲਈ ਆਡ਼੍ਹਤੀਆਂ ਵੱਲੋਂ ਲੇਬਰ ਦੀਆਂ ਟਿਕਟਾਂ ਦੀ ਰਿਜ਼ਰਵੇਸ਼ਨ ਵੀ ਕਰਵਾਈ ਗਈ ਸੀ, ਪਰ ਕੋਰੋਨਾ ਦੇ ਕਹਿਰ ਕਾਰਣ ਇਹ ਰੇਲ ਗੱਡੀ ਵੀ ਰੱਦ ਕਰ ਦਿੱਤੀ ਗਈ ਹੈ, ਿਂਜਸ ਕਰ ਕੇ ਲੇਬਰ ਦੀਆਂ ਬੁੱਕ ਕੀਤੀਆਂ ਟਿਕਟਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ ਅਤੇ ਆਡ਼੍ਹਤੀਆਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਇਆ ਹੈ।
1925 ਰੁਪਏ ਸਰਕਾਰੀ ਰੇਟ ’ਤੇ ਖਰੀਦ ਕਰਨਗੀਆਂ 4 ਸਰਕਾਰੀ ੲੇਜੰਸੀਆਂ
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਕਣਕ ਦਾ ਖਰੀਦ ਰੇਟ 1925 ਰੁਪਏ ਪ੍ਰਤੀ ਕੁਇੰਟਲ ਤੈਅ ਕਰਦਿਆਂ 12 ਮਾਇਸਚਰ ਦੀ ਹੱਦ ਰੱਖੀ ਗਈ ਹੈ, ਜਦ ਕਿ 4 ਖਰੀਦ ਏਜੰਸੀਆਂ ’ਚ ਸ਼ਾਮਲ ਮਾਰਕਫੈੱਡ, ਪਨਸਪ, ਵੇਅਰਹਾਊਸ ਅਤੇ ਪਨਗਰੇਨ ਵੱਲੋਂ ਇਹ ਸਰਕਾਰੀ ਖਰੀਦ ਕਰਦਿਆਂ 24 ਘੰਟੇ ’ਚ ਪੇਮੈਂਟ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਜਦਕਿ ਹਰ ਸਾਲ ਬਟਾਲਾ ਅਨਾਜ ਮੰਡੀ ਵੱਲੋਂ 16 ਲੱਖ ਬੋਰੀ ਕਣਕ ਦੀ ਤੋਲੀ ਜਾਂਦੀ ਹੈ
ਪੰਜਾਬ ਤੇ ਹਰਿਆਣਾ ਸਰਕਾਰ ਨੇ ਕਣਕ ਦਾ ਸੀਜ਼ਨ ਲੰਬਾ ਕਰਨ ਲਈ ਕੇਂਦਰ ਸਰਕਾਰ ਨੂੰ ਭੇਜੀ ਤਜਵੀਜ਼
ਪ੍ਰਧਾਨ ਰੰਧਾਵਾ ਨੇ ਦੱਸਿਆ ਕਿ ਉਧਰ ਦੂਸਰੇ ਪਾਸੇ ਕੋਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੇ ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਚੀਫ ਸੈਕਟਰੀ ਵੱਲੋਂ ਕੇਂਦਰ ਸਰਕਾਰ ਨੂੰ ਇਹ ਤਜਵੀਜ਼ ਭੇਜੀ ਗਈ ਹੈ ਕਿ ਕਣਕ ਦੇ ਖਰੀਦ ਸੀਜ਼ਨ ਨੂੰ ਲੰਬਾ ਕੀਤਾ ਜਾਵੇ, ਤਾਂ ਜੋ ਕਿਸਾਨ, ਮਜ਼ਦੂਰ, ਆਡ਼੍ਹਤੀ, ਸਰਕਾਰੀ ਅਧਿਕਾਰੀ ਅਤੇ ਹੋਰ ਵਿਅਕਤੀ ਮੰਡੀਆਂ ’ਚ ਇੱਕਠੇ ਨਾ ਹੋਣ ਅਤੇ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕੇ। ਪ੍ਰਧਾਨ ਰੰਧਾਵਾ ਨੇ ਦੱਸਿਆ ਕਿ ਜੋ ਹਾਲਾਤ ਬਣੇ ਪਏ ਹਨ, ਉਨ੍ਹਾਂ ਨੂੰ ਕਣਕ ਦੇ ਸੀਜ਼ਨ ਨੂੰ ਲੰਬਾ ਕਰਨ ਦੀ ਲੋਡ਼ ਹੈ ਤਾਂ ਕਿ ਸੰਕਟ ਦੀ ਘਡ਼ੀ ’ਚ ਇੱਕਜੁਟ ਹੋ ਕੇ ਕਣਕ ਦੇ ਸੀਜ਼ਨ ਨੂੰ ਨੇਪਰੇ ਚਾਡ਼੍ਹਿਆ ਜਾ ਸਕੇ।