ਗੁਰਦੁਆਰੇ ਨੂੰ ਬੋਧੀ ਸਥਾਨ ’ਚ ਬਦਲਣ ਦੀ ਖ਼ਬਰ ਨੇ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚਾਈ: ਪ੍ਰੋ. ਸਰਚਾਂਦ ਸਿੰਘ

Sunday, Apr 23, 2023 - 06:21 PM (IST)

ਗੁਰਦੁਆਰੇ ਨੂੰ ਬੋਧੀ ਸਥਾਨ ’ਚ ਬਦਲਣ ਦੀ ਖ਼ਬਰ ਨੇ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚਾਈ: ਪ੍ਰੋ. ਸਰਚਾਂਦ ਸਿੰਘ

ਅੰਮ੍ਰਿਤਸਰ- ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਅਸਥਾਨ ਨੂੰ ਬੋਧੀ ਅਸਥਾਨ ਵਿਚ ਤਬਦੀਲ ਕਰਨ ਦੇ ਮਾਮਲੇ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਗੰਭੀਰ ਨੋਟਿਸ ਲਿਆ ਹੈ। ਲਾਲਪੁਰਾ ਨੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਇਸ ਸੰਵੇਦਨਸ਼ੀਲ 'ਤੇ ਸੰਜੀਦਾ ਮਾਮਲੇ ਦੀ ਤਹਿ ਤੱਕ ਜਾਣ ਅਤੇ ਇਸ ਦੇ ਹੱਲ ਲਈ ਅਰੁਣਾਚਲ ਪ੍ਰਦੇਸ਼ ਦੇ ਚੀਫ਼ ਸੈਕਟਰੀ ਤੋਂ ਤੁਰੰਤ ਰਿਪੋਰਟ ਮੰਗਣ ਦਾ ਭਰੋਸਾ ਦਿੱਤਾ ਹੈ।  

ਇਹ ਵੀ ਪੜ੍ਹੋ- ਹਰੀਕੇ ਥਾਣੇ ਨੇੜਿਓਂ ਹੈਂਡ ਗ੍ਰਨੇਡ ਤੇ ਕਾਰਤੂਸ ਬਰਾਮਦ, ਇਲਾਕੇ 'ਚ ਫ਼ੈਲੀ ਸਨਸਨੀ

ਪ੍ਰੋ: ਸਰਚਾਂਦ ਸਿੰਘ ਨੇ ਉਕਤ ਮਾਮਲੇ ਦੀ ਮੀਡੀਆ ਵਿਚ ਚਰਚਾ ਛਿੜਨ ’ਤੇ ਕੇਂਦਰ ਸਰਕਾਰ ਨੂੰ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਪੱਤਰ ਲਿਖ ਕੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿਖੇ ਸਿੱਖ ਧਰਮ ਦੇ ਪ੍ਰਥਮ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਅਸਥਾਨ ਨੂੰ ਬੋਧੀ ਧਰਮ ਅਸਥਾਨ ਵਿਚ ਤਬਦੀਲ ਕੀਤੇ ਜਾਣ ਦੀ ਖ਼ਬਰ ਨੇ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਕਿਸੇ ਵੀ ਧਰਮ ਦੇ ਧਾਰਮਿਕ ਅਸਥਾਨ ਨੂੰ ਦੂਜੇ ਧਰਮ ਦੇ ਅਸਥਾਨ ਵਿਚ ਤਬਦੀਲ ਕਰਨਾ ਨੈਤਿਕ ਅਤੇ ਸੰਵਿਧਾਨਕ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਮਨੁੱਖਤਾ ਦੇ ਭਲੇ ਲਈ ਵੱਖ-ਵੱਖ ਦੇਸ਼ਾਂ ਅਤੇ ਪ੍ਰਦੇਸ਼ਾਂ ਦੀ ਯਾਤਰਾ/ਉਦਾਸੀ ਸਮੇਂ ਮੇਚੁਕਾ ਜਾਣ ਦਾ ਜ਼ਿਕਰ ਅਨੇਕਾਂ ਪੁਰਾਤਨ ਗ੍ਰੰਥਾਂ ਵਿਚ ਮਿਲਦਾ ਹੈ। 

ਇਹ ਵੀ ਪੜ੍ਹੋ- 25 ਲੱਖ ਤੋਂ ਵੱਧ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼, 27 ਨੂੰ ਗਵਰਨਰ ਨੂੰ ਸੌਂਪੇ ਜਾਣਗੇ ਪ੍ਰੋਫ਼ਾਰਮੇ

ਮੇਚੁਕਾ ਵਿਖੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੀ ਯਾਦ ਵਿਚ ’ਗੁਰਦੁਆਰਾ ਗੁਰੂ ਨਾਨਕ ਤਪੋ ਅਸਥਾਨ’ ਦੀ ਸਥਾਪਨਾ ਕੀਤੀ ਸੀ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਯਾਦ ਨਾਲ ਸੰਬੰਧਿਤ ਉਤਰਾਖੰਡ ਦੇ ਹਰਿਦੁਆਰ ਵਿਖੇ ’ਗੁਰਦੁਆਰਾ ਗਿਆਨ ਗੋਦੜੀ ਸਾਹਿਬ’, ਸਿੱਕਮ ਦੀ ਕਚਨ ਜੰਗਾ ਪਹਾੜੀਆਂ ਵਿੱਚ ’ਗੁਰਦਵਾਰਾ ਗੁਰੂ ਡਾਂਗ ਮਾਰ ਸਾਹਿਬ’, ਉੜੀਸਾ ’ਚ ’ਗੁਰਦੁਆਰਾ ਪੰਜਾਬੀ ਮੱਠ ਤੇ ਮੰਗੂ ਮੱਠ’ ਦੇ ਮਾਮਲੇ ਅਣ ਸੁਲਝੇ ਪਏ ਹਨ। ਅਰੁਣਾਚਲ ਪ੍ਰਦੇਸ਼ ਵਿਚ ਅਜਿਹਾ ਹੋਇਆ ਹੈ ਤਾਂ ਇਹ ਬਹੁਤ ਹੀ ਮੰਦਭਾਗਾ ਹੈ ਅਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਹੈ। 

ਇਹ ਵੀ ਪੜ੍ਹੋ- ਅਰੁਣਾਚਲ ਪ੍ਰਦੇਸ਼ ’ਚ ਗੁਰਦੁਆਰੇ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ’ਤੇ ਹਮਲਾ : ਐਡਵੋਕੇਟ ਧਾਮੀ

ਪ੍ਰੋ: ਸਰਚਾਂਦ‌ ਸਿੰਘ ਨੇ ਕਿਹਾ ਕਿ ਮੇਚੁਕਾ ਦਾ ’ਗੁਰਦੁਆਰਾ ਗੁਰੂ ਨਾਨਕ ਤਪੋ ਅਸਥਾਨ’ ਹਾਲ ਹੀ ’ਚ ਬੋਧੀ ਅਸਥਾਨ ਵਿਚ ਤਬਦੀਲ ਹੋਣ ਦਾ ਖ਼ਦਸ਼ਾ ਹੈ। ਕੁਝ ਦਿਨ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਪੇਮਾ ਖਾਂਡੂ ਨੇ ਮੇਚੁਕਾ ਦੌਰੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਸਨ। ਜਿਸ ਵਿਚ ਉਕਤ ਸਥਾਨ ’ਤੇ ਇਕ ਬੋਧੀ ਮੂਰਤੀ ਦੇਖੀ ਜਾ ਸਕਦੀ ਹੈ, ਜਿੱਥੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਰਾਜਮਾਨ ਹੁੰਦਾ ਸੀ।  ਉਨ੍ਹਾਂ ਕਿਹਾ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਖ਼ੁਦ ਚੇਅਰਮੈਨ ਕੌਮੀ ਘੱਟਗਿਣਤੀ ਕਮਿਸ਼ਨ ਨੂੰ ਸਿੱਖਾਂ ਦੇ ਇਸ ਗੰਭੀਰ ਮਮਲੇ ਵਿਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ। ਅਤੇ ਇਸ ਮੁੱਦੇ ’ਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਪੇਮਾ ਖਾਂਡੂ ਨਾਲ ਤੁਰੰਤ ਰਾਬਤਾ ਕਰਦਿਆਂ "ਗੁਰਦੁਆਰਾ ਗੁਰੂ ਨਾਨਕ ਤਪੋ ਅਸਥਾਨ" ਨੂੰ ਸਿੱਖ ਭਾਈਚਾਰੇ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News