ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਰਾਂ ’ਤੇ ਕੱਸਿਆ ਸਿਕੰਜ਼ਾ, ਸ਼ਰਾਬ ਵੇਚਣ ਵਾਲੀ ਜਨਾਨੀ ਸਣੇ 25 ਗ੍ਰਿਫ਼ਤਾਰ

07/05/2022 12:36:43 PM

ਅੰਮ੍ਰਿਤਸਰ (ਸੰਜੀਵ)- ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਕ ਰਹੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਿਆਂ ’ਤੇ ਪੁਲਸ ਨੇ ਪੂਰੀ ਤਰ੍ਹਾਂ ਸਿਕੰਜ਼ਾ ਕੱਸ ਦਿੱਤਾ ਹੈ। ਪੁਲਸ ਦਾਅਵਾ ਕਰ ਰਹੀ ਹੈ ਕਿ ਥਾਣਾ ਅਤੇ ਚੌਕੀ ਇੰਚਾਰਜ ਆਪਣੇ-ਆਪਣੇ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾ ਵਿਚ ਭੇਜ ਰਹੇ ਹਨ। ਪੁਲਸ ਨੇ ਦਾਅਵਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਣਿਆਂ ਵਿਚ 25 ਨਸ਼ਾ ਸਮੱਗਲਰਾਂ ਦੇ ਨਾਲ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੀ ਇਕ ਜਨਾਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਹਾਲ ਹੀ ਵਿਚ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਵੱਡੇ ਪੱਧਰ ’ਤੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕਰਕੇ ਥਾਣਿਆਂ ਅਤੇ ਪੁਲਸ ਚੌਕੀਆਂ ਦੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਨਾਲ ਚੁਸਤ-ਦਰੁਸਤ ਕਰਨ ਦਾ ਦਾਅਵਾ ਕੀਤਾ ਹੈ। ਅਪਰਾਧਿਕ ਗ੍ਰਾਫ ਨੂੰ ਦੇਖਿਆ ਜਾਵੇ ਤਾ ਲੱਗ ਰਿਹਾ ਕਿ ਕਿਸੇ ਹੱਦ ਤੱਕ ਨਸ਼ੇ ਦੇ ਖਾਤਮੇ ਲਈ ਕੀਤੇ ਗਏ ਇਹ ਦਾਅਵੇ ਦਿੱਖਣ ਲੱਗੇ ਹਨ। ਵਿਡੰਬਨਾ ਇਹ ਹੈ ਕਿ ਬੇਸ਼ੱਕ ਪੁਲਸ ਨੇ ਪਿਛਲੇ 4 ਦਿਨਾਂ ਵਿਚ ਵੱਖ-ਵੱਖ ਥਾਣਿਆਂ ਵਿਚ 53 ਮਾਮਲੇ ਦਰਜ ਕਰ ਕੇ 61 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਤੋਂ 572 ਗ੍ਰਾਮ ਹੈਰੋਇਨ ਅਤੇ 2698 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਅੰਕੜਾ ਦੱਸ ਰਿਹਾ ਕਿ ਬਰਾਮਦ ਕੀਤੀ ਗਈ ਹੈਰੋਇਨ ਕਿਸੇ ਨਸ਼ਾ ਸਮੱਗਲਰ ਦੀ ਨਹੀਂ, ਬਲਕਿ ਨਸ਼ਾ ਸਮੱਗਲਰ ਦੀ ਹੋ ਸਕਦੀ ਹੈ।

ਥਾਣਾ ਗੇਟ ਹਕੀਮਾ : 
ਥਾਣਾ ਗੇਟ ਹਕੀਮਾ ਦੀ ਪੁਲਸ ਨੇ ਵੱਖ-ਵੱਖ ਇਲਾਕਿਆਂ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਹੈਰੋਇਨ ਵੇਚਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਦੀਪਕ ਕੁਮਾਰ ਅਤੇ ਅਵਿਨਾਸ਼ ਸਿੰਘ ਸ਼ਾਮਲ ਹੈ। ਪੁਲਸ ਨੇ ਉਕਤ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ 39 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਥਾਣਾ ਸਿਵਲ ਲਾਈਨ : 
ਥਾਣਾ ਸਿਵਲ ਲਾਈਨ ਦੀ ਪੁਲਸ ਨੇ ਛਾਪੇਮਾਰੀ ਕਰ ਕੇ ਹੈਰੋਇਨ ਸਮੱਗਲਰ ਸਚਿਨ ਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਬਜ਼ੇ ਤੋਂ 11 ਗ੍ਰਾਮ ਹੈਰੋਇਨ ਬਰਾਮਦ ਹੋਈ।

ਥਾਣਾ ਰਣਜੀਤ ਐਵੇਨਿਊ : 
ਥਾਣਾ ਰਣਜੀਤ ਐਵੇਨਿਊ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਸ਼ੱਕੀ ਹਾਲਾਤਾਂ ਵਿਚ ਆ ਰਹੇ ਮੋਟਰਸਾਈਕਲ ਸਵਾਰ ਸੰਨੀ ਵਿਲਿਅਮ, ਪ੍ਰਗਟ ਸਿੰਘ ਨੂੰ ਜਾਂਚ ਲਈ ਰੋਕਿਆ। ਤਲਾਸ਼ੀ ਦੌਰਾਨ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਤੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਥਾਣਾ ਏਅਰਪੋਰਟ : 
ਥਾਣਾ ਏਅਰਪੋਰਟ ਦੀ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਮੋਟਰਸਾਈਕਲ ਸਵਾਰ ਸਾਜਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਬਜ਼ੇ ਤੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਥਾਣਾ ਮੋਹਕਮਪੁਰਾ : 
ਥਾਣਾ ਮੋਹਕਮਪੁਰਾ ਦੀ ਪੁਲਸ ਨੇ ਵੱਖ-ਵੱਖ ਇਲਾਕਿਆਂ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਨਸ਼ਾ ਵੇਚਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਸੁਖਪ੍ਰੀਤ ਸਿੰਘ ਸੁੱਖ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਤੋਂ 180 ਨਸ਼ੀਲੀਆਂ ਗੋਲੀਆਂ ਅਤੇ ਨਾਕੇ ਦੌਰਾਨ ਗੁਰਚਰਨ ਸਿੰਘ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਥਾਣਾ ਇਸਲਾਮਾਬਾਦ : 
ਥਾਣਾ ਇਸਲਾਮਾਬਾਦ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਨਾਜਾਇਜ਼ ਸਰਾਬ ਦਾ ਕਾਰੋਬਾਰ ਕਰਨ ਵਾਲੀ ਹਰਮਨਪ੍ਰੀਤ ਕੌਰ ਵਾਸੀ ਕੋਟ ਖਾਲਸਾ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਲਾਸ਼ੀ ਦੌਰਾਨ ਉਸ ਦੇ ਕਬਜ਼ੇ ਤੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਦਾ ਦਾਅਵਾ : 
ਕਮਿਸ਼ਨਰੇਟ ਪੁਲਸ ਦਾਅਵਾ ਕਰ ਰਹੀ ਹੈ ਕਿ ਬਹੁਤ ਜਲਦ ਸ਼ਹਿਰ ਵਿਚ ਵਿੱਕ ਰਹੇ ਨਸ਼ਿਆਂ ’ਤੇ ਕਾਬੂ ਪਾ ਲਿਆ ਜਾਵੇਗਾ। ਵਿੰਡਬਨਾ ਇਹ ਹੈ ਕਿ ਪਿਛਲੇ 4 ਦਿਨਾਂ ਤੋਂ ਲਗਾਤਾਰ ਕਮਿਸ਼ਨਰੇਟ ਪੁਲਸ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਪਰ ਇਨ੍ਹਾਂ 96 ਘੰਟਿਆਂ ਦੀ ਸਖ਼ਤ ਕਾਰਵਾਈ ਵਿਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰ ਹਨ, ਜਦਕਿ ਪੁਲਸ ਕਿਸੇ ਇਕ ਵੀ ਵੱਡੇ ਮੱਗਰਮੱਛ ਨੂੰ ਗ੍ਰਿਫ਼ਤਾਰ ਕਰਨ ਵਿਚ ਹੁਣ ਤੱਕ ਸਫਲ ਨਹੀਂ ਹੋ ਸਕੀ ਹੈ। ਭਾਵੇਂ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ 5 ਗ੍ਰਾਮ ਹੈਰੋਇਨ ਤੋਂ ਲੈ ਕੇ 50 ਗ੍ਰਾਮ ਹੈਰੋਇਨ ਤੱਕ ਦੀ ਬਰਾਮਦਗੀ ਕਰ ਰਹੀ ਹੈ। ਹੈਰੋਇਨ ਦੀ ਇਹ ਮਾਤਰਾ ਪੀਣ ਵਾਲਿਆਂ ਜਾ ਫਿਰ ਛਿਟਪੁਟ ਨਸ਼ਾ ਸਮੱਗਲਰਾਂ ਦੀ ਹੋ ਰਹੀ ਹੈ। ਜਦੋਂ ਤੱਕ ਇਨ੍ਹਾਂ ਨਸ਼ਾ ਕਰਨ ਵਾਲਿਆਂ ਅਤੇ ਨਸ਼ਾ ਸਮੱਗਲਾਰਾਂ ਨੂੰ ਨਸ਼ਾ ਸਪਲਾਈ ਕਰ ਰਹੇ ਸਮੱਗਲਰਾਂ ’ਤੇ ਸਿਕੰਜ਼ਾ ਨਹੀਂ ਕੱਸਿਆ ਜਾਂਦਾ, ਉਦੋਂ ਤੱਕ ਸ਼ਹਿਰ ਵਿਚ ਨਸ਼ਾ ਖਤਮ ਕਰਨ ਦਾ ਦਾਅਵਾ ਕਾਗਜ਼ਾਂ ਵਿਚ ਸੀਮਤ ਰਹਿ ਜਾਵੇਗਾ।

ਸਹੀ ਢੰਗ ਨਾਲ ਨਹੀਂ ਹੋ ਰਹੀ ਜਾਂਚ
ਗ੍ਰਿਫ਼ਤਾਰ ਕੀਤੇ ਗਏ ਹੈਰੋਇਨ ਸਮੱਗਲਰਾਂ ਤੋਂ ਪੁਲਸ ਸਹੀ ਢੰਗ ਨਾਲ ਜਾਂਚ ਨਹੀਂ ਕਰ ਰਹੀ ਜਾਂ ਵੱਡੇ ਮੱਗਰਮੱਛਾਂ ਨੂੰ ਹੱਥ ਨਹੀਂ ਪਾਉਣਾ ਚਾਹੁੰਦੀ। ਇੰਨ੍ਹੀ ਵੱਡੀ ਮਾਤਰਾ ਵਿਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰਾਂ ਤੋਂ ਜੇਕਰ ਪੁਛਗਿੱਛ ਕੀਤੀ ਜਾਵੇ ਤਾਂ ਪੁਲਸ ਦਾ ਇਨ੍ਹਾਂ ਦੇ ਅਕਾਵਾਂ ਤੱਕ ਪੁੱਜਣਾ ਮੁਸ਼ਕਲ ਨਹੀਂ ਹੈ ਪਰ ਉਸ ਲਈ ਠੋਸ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਇਨ੍ਹਾਂ ਨਸ਼ਾ ਤਸੱਕਰਾਂ ਦੀ ਸਪਲਾਈ ਲਾਈਨ ਨੂੰ ਕੱਟਿਆ ਜਾ ਸਕੇ।

ਪੁੱਛਗਿੱਛ ਤੋਂ ਬਾਅਦ ਸਪਲਾਈ ਲਾਈਨ ਤੋੜਨੀ ਜ਼ਰੂਰੀ
ਗ੍ਰਿਫ਼ਤਾਰ ਕੀਤੇ ਗਏ ਸਮੱਗਲਰਾਂ ਤੋਂ ਪੁੱਛਗਿੱਛ ਬਾਅਦ ਸਪਲਾਈ ਲਾਈਨ ਤੋੜਨੀ ਜ਼ਰੂਰੀ ਹੈ ਤਾਂ ਜੋ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜੇ ਗਏ ਇਹ ਅਪਰਾਧੀ ਜ਼ਮਾਨਤ ’ਤੇ ਆਉਣ ਤੋਂ ਬਾਅਦ ਫਿਰ ਇਸੇ ਧੰਦੇ ਵਿਚ ਨਾ ਲੱਗ ਸਕਣ। ਇਨ੍ਹਾਂ ਸਮੱਗਲਰਾਂ ਦੀ ਜ਼ਮਾਨਤ ’ਤੇ ਪੁਲਸ ਨੂੰ ਨਜ਼ਰ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਜਦੋਂ ਇਹ ਤਸੱਕਰ ਜ਼ਮਾਨਤ ’ਤੇ ਰਿਹਾਅ ਹੋ ਕੇ ਬਾਹਰ ਆਵੇ ਤਾਂ ਇਹ ਫਿਰ ਤੋਂ ਨਸ਼ਾ ਸਮੱਗਲਰਾਂ ਦੇ ਚੁੰਗਲ ਵਿਚ ਨਾ ਫਸੇ।


rajwinder kaur

Content Editor

Related News