ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਚਾਈਨਾਂ ਡੋਰ ’ਤੇ ਸਿਕੰਜ਼ਾ ਕੱਸਣ ਦੀ ਲੋੜ
Saturday, Sep 13, 2025 - 06:09 PM (IST)

ਗੁਰਦਾਸਪੁਰ (ਵਿਨੋਦ)- ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਬੰਧਿਤ ਵਿਭਾਗ ਨੂੰ ਚਾਈਨਾ ਡੋਰ ’ਤੇ ਸਖਤੀ ਕਰਨ ਦੀ ਲੋੜ ਹੈ ਤਾਂ ਜੋ ਕਿਸੇ ਵੀ ਵਿਅਕਤੀ ਦਾ ਇਸ ਦੀ ਲਪੇਟ ਵਿਚ ਆ ਕੇ ਨੁਕਸਾਨ ਨਾ ਹੋ ਸਕੇ। ਕੁਝ ਨੌਜਵਾਨਾਂ ਵਲੋਂ ਪਤੰਗਬਾਜ਼ੀ ਸ਼ੁਰੂ ਹੋ ਚੁੱਕੀ ਹੈ ਅਤੇ ਲੋਕ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਲੱਗ ਪਏ ਹਨ।
ਅਕਸਰ ਹੀ ਪੇਂਡੂ ਅਤੇ ਸ਼ਹਿਰੀ ਇਲਾਕੇ ਵਿਚੋਂ ਗੁਜ਼ਰਦੇ ਸਕੂਟਰ, ਮੋਟਰਸਾਈਕਲ ਸਵਾਰ ਲੋਕਾਂ ਦੇ ਗਲ਼ਾਂ ਵਿਚ ਚਾਈਨਾ ਡੋਰ ਫ਼ਿਰਨ ਨਾਲ ਉਹ ਜ਼ਖਮੀ ਹੋ ਜਾਂਦੇ ਹਨ। ਮੌਸਮ ਕਰਵਟ ਲੈਣ ਨਾਲ ਪਤੰਗਬਾਜ਼ੀ ਜਲਦੀ ਸ਼ੁਰੂ ਹੋਣ ਦੇ ਚਾਂਸ ਹਨ, ਇਸ ਲਈ ਦੁਕਾਨਦਾਰ ਵੀ ਇਸ ਕਾਰੋਬਾਰ ਨੂੰ ਬੜਾਵਾ ਦੇਣ ਲਈ ਪਤੰਗ ਅਤੇ ਡੋਰ ਆਦਿ ਦੀ ਜਮਾਂ ਖੋਰੀ ਸ਼ੁਰੂ ਕਰ ਦੇਣਗੇ। ਇਸ ਸਭ ਨੂੰ ਦੇਖਦੇ ਹੋਏ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੂੰ ਸ਼ਹਿਰੀ ਅਤੇ ਦਿਹਾਤੀ ਇਲਾਕੇ ਵਿਚ ਪਤੰਗਬਾਜ਼ੀ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਤਾਂ ਜੋ ਉਹ ਚਾਈਨਾ ਡੋਰ ਆਦਿ ਨਾ ਸਟੋਰ ਕਰ ਸਕਣ ਅਤੇ ਨਾ ਵੇਚਣ। ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਮਾਂ ਰਹਿੰਦੇ ਤਾੜਨਾ ਕਰਨੀ ਚਾਹੀਦੀ ਹੈ ਤਾਂ ਜੋ ਚਾਈਨਾ ਡੋਰ ਦੀ ਜਮਾਂ ਖੋਰੀ ਬੰਦ ਹੋ ਸਕੇ ਤੇ ਲੋਕ ਇਸ ਦੀ ਖਰੀਦਦਾਰੀ ਨਾ ਕਰ ਸਕਣ।
ਲੋਕਾਂ ਨੇ ਦੱਸਿਆ ਕਿ ਚਾਈਨਾ ਡੋਰ ਦੀ ਲਪੇਟ ’ਚ ਜਿੱਥੇ ਆਮ ਲੋਕ, ਜਾਨਵਰ ਅਤੇ ਪੰਛੀ ਇਸ ਦੀ ਲਪੇਟ ਵਿਚ ਆਉਣ ਕਾਰਨ ਦਮ ਤੋੜ ਦਿੰਦੇ ਹਨ। ਲੋਕਾਂ ਨੇ ਚਾਈਨਾ ਡੋਰ ਨੂੰ ਨੱਥ ਪਾਉਣ ਲਈ ਡਿਪਟੀ ਕਮਿਸ਼ਨਰ ਪਾਸੋਂ ਸਖ਼ਤੀ ਨਾਲ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਸ ਸਬੰਧੀ ਪਾਬੰਦੀ ਆਦੇਸ਼ ਲਾਗੂ ਕਰਨ ਦੀ ਅਪੀਲ ਕੀਤੀ।