‘ਮਾਨਸਿਕ’ ਅਤੇ ‘ਸਰੀਰਕ’ ਕਮਜ਼ੋਰੀ ਦਾ ਕਾਰਨ ਬਣ ਰਹੀਆਂ ਖਾਣ-ਪੀਣ ਦੀਆਂ ਬਦਲੀਆਂ ਆਦਤਾਂ
Monday, Dec 16, 2024 - 03:56 PM (IST)
ਗੁਰਦਾਸਪੁਰ (ਹਰਮਨ)-ਅਜੋਕੇ ਦੌਰ ਵਿਚ ਲੋਕਾਂ ਦੇ ਰਹਿਣ-ਸਹਿਣ ਦੇ ਤਰੀਕਿਆਂ ਵਿਚ ਆਈਆਂ ਤਬਦੀਲੀਆਂ ਦੇ ਨਾਲ-ਨਾਲ ਖਾਣ ਪੀਣ ਦੇ ਤਰੀਕੇ ਵੀ ਬਦਲ ਗਏ ਹਨ, ਜਿਨਾਂ ਨੇ ਲੋਕਾਂ ਦੀ ਮਾਨਸਿਕ ਅਤੇ ਸਰੀਰਿਕ ਸਮਰੱਥਾ ਨੂੰ ਵੀ ਖੋਰਾ ਲਗਾਇਆ ਹੈ। ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਜ਼ਿਆਦਾਤਰ ਲੋਕ ਸੰਤੁਲਿਤ ਭੋਜਨ ਦੀ ਅਹਿਮੀਅਤ ਅਤੇ ਪਛਾਣ ਹੀ ਭੁੱਲ ਚੁੱਕੇ ਹਨ। ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਰਵਾਇਤੀ ਭੋਜਨ ਪਦਾਰਥਾਂ ਨੂੰ ਛੱਡ ਕੇ ਫਾਸਟ ਫੂਡ ’ਤੇ ਨਿਰਭਰ ਹੁੰਦੀ ਜਾ ਰਹੇ ਹਨ। ਜਦੋਂ ਕਿ ਰਵਾਇਤੀ ਅਨਾਜ ਅਤੇ ਹੋਰ ਪਦਾਰਥਾਂ ਦੀ ਵਰਤੋਂ ਘੱਟ ਰਹੀ ਹੈ ਪਰ ਦੂਜੇ ਪਾਸੇ ਮਾਹਿਰਾਂ ਦਾ ਮੰਨਣਾ ਹੈ ਕਿ ਕਣਕ, ਮੱਕੀ, ਚੌਲ, ਬਾਜਰਾ, ਜੌਂ, ਜਵੀ ਆਦਿ ਸਾਡੀ ਖੁਰਾਕ ਦਾ ਮਹੱਤਵਪੂਰਨ ਅੰਗ ਹਨ, ਜਿਨ੍ਹਾਂ ’ਚੋਂ ਸਾਨੂੰ ਕਈ ਪੌਸ਼ਟਿਕ ਤੱਤ ਮਿਲਦੇ ਹਨ।
ਇਸੇ ਤਰ੍ਹਾਂ ਕਣਕ ਦਾ ਦਲੀਆ, ਸੇਵੀਆਂ, ਕੜਾਹ, ਪੰਜੀਰੀ, ਪਿੰਨੀ, ਮੱਕੀ ਦੇ ਭੁੱਜੇ ਦਾਣੇ ਅਤੇ ਫੁੱਲੀਆਂ, ਚੌਲਾਂ ਦੀ ਖੀਰ, ਮਰੂੰਡਾ, ਫੁੱਲੇ, ਬਾਜਰੇ ਦੀ ਖਿਚੜੀ ਵਰਗੇ ਪਦਾਰਥ ਕਈ ਤਰ੍ਹਾਂ ਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੇ ਹਨ। ਮੂੰਗੀ, ਮੋਠ, ਮਾਹ, ਛੋਲੇ, ਮਸਰ ਰਲ਼ਾ-ਮਿਲਾਕੇ ਬਣਾਉਣ ਨਾਲ ਇਨ੍ਹਾਂ ਦੀ ਪੌਸ਼ਟਿਕਤਾ ਹੋਰ ਵੀ ਕਈ ਗੁਣਾ ਵੱਧ ਜਾਂਦੀ ਹੈ। ਸਰਦੀ ਦੀ ਰੁੱਤ ’ਚ ਮੂੰਗਫਲ਼ੀ, ਤਿਲ ਅਤੇ ਅਲਸੀ ਦੀ ਪੰਜੀਰੀ, ਪਿੰਨੀ, ਗੱਚਕ, ਰਿਓੜੀਆਂ, ਲੱਡੂ ਆਦਿ ਦੀ ਵਰਤੋਂ ਵੀ ਸਰੀਰ ਲਈ ਕਾਫੀ ਲਾਹੇਵੰਦ ਸਿੱਧ ਹੁੰਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਚੀਜ਼ਾਂ ਸਾਰੇ ਘਰਾਂ ਦੀਆਂ ਰਸੋਈਆਂ ’ਚੋਂ ਗਾਇਬ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ-ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਦੋ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ
ਵਧ ਰਹੀਆਂ ਹਨ ਬੀਮਾਰੀਆਂ
ਦਾਲਾਂ ਅਤੇ ਤੇਲਬੀਜ ਪੌਸ਼ਟਿਕ ਤੱਤ ਸਾਡੇ ਸਰੀਰ ਵਿਚ ਪ੍ਰੋਟੀਨ, ਰੇਸ਼ੇ, ਵਿਟਾਮਿਨ, ਖਣਿਜ, ਲੋਹਾ, ਕੈਲਸ਼ੀਅਮ ਅਤੇ ਜ਼ਿੰਕ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ। ਇਸ ਨਾਲ ਸਰੀਰ ਰਿਸ਼ਟ-ਪੁਸ਼ਟ ਅਤੇ ਨਿਰੋਗ ਰਹਿੰਦਾ ਹੈ। ਇਨ੍ਹਾਂ ਦੇ ਸੇਵਨ ਨਾਲ ਸਰੀਰ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਅਟੈਕ, ਗੋਡੇ/ਜੋੜਾਂ ਦੇ ਦਰਦ ਅਤੇ ਕੈਂਸਰ ਵਰਗੇ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਮੌਜੂਦਾ ਦੌਰ ਵਿਚ ਅਜਿਹੇ ਪਦਾਰਥਾਂ ਦਾ ਸੇਵਨ ਘੱਟ ਕਰਨ ਵਾਲੇ ਲੋਕ ਕਈ ਬੀਮਾਰੀਆਂ ਵਿਚ ਘਿਰਦੇ ਜਾ ਰਹੇ ਹਨ। ਬਰੈੱਡ, ਨੂਡਲਸ, ਬਰਗਰ, ਪਿਜ਼ਾ, ਪਾਸਤਾ, ਬਿਸਕੁਟ, ਕੇਕ ਆਦਿ ਮੈਦੇ ਤੋਂ ਬਣਦੇ ਹਨ, ਜੋ ਨਾ ਸਿਰਫ ਮੋਟਾਪੇ ਦਾ ਕਾਰਨ ਬਣਦੇ ਹਨ, ਸਗੋਂ ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਸ਼ੂਗਰ ਅਤੇ ਦਿਲ ਨਾਲ ਸਬੰਧਤ ਰੋਗ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ।
ਕੋਲਡ ਡਰਿੰਕਸ ਵੀ ਹਨ ਕਈ ਸਮੱਸਿਆਵਾਂ ਦਾ ਕਾਰਨ
ਕਈ ਕੋਲਡ ਡਰਿੰਕਸ ਮੋਟਾਪਾ, ਸ਼ੂਗਰ ਅਤੇ ਦੰਦਾਂ ਦੀ ਖਰਾਬੀ ਵਰਗੀਆਂ ਕਈ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਮਾਹਿਰਾਂ ਅਨੁਸਾਰ ਇਨ੍ਹਾਂ ਵਿਚ ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤ ਨਹੀਂ ਹੁੰਦੇ ਅਤੇ ਖੰਡ ਦੀ ਮਾਤਰਾ ਤਕਰੀਬਨ 10-11 ਗ੍ਰਾਮ/100 ਮਿਲੀਲੀਟਰ ਹੁੰਦੀ ਹੈ ਪਰ ਦੂਜੇ ਪਾਸੇ ਨਿੰਬੂ ਪਾਣੀ, ਸ਼ਿਕੰਜਵੀ, ਜਲ-ਜੀਰਾ, ਕਾਂਜੀ, ਅੰਬਾਂ ਦਾ ਪੰਨਾ, ਸ਼ਰਦਾਈ, ਗੁਲਾਬ ਦਾ ਸ਼ਰਬਤ, ਫਲਾਂ ਦਾ ਰਸ ਆਦਿ ਨਾ ਸਿਰਫ ਪਿਆਸ ਬੁਝਾਉਂਦੇ ਹਨ ਸਗੋਂ ਸਰੀਰ ਨੂੰ ਠੰਡਾ ਰੱਖਣ ’ਚ ਵੀ ਮੱਦਦ ਕਰਦੇ ਹਨ। ਹੋਰ ਤੇ ਹੋਰ ਇਨ੍ਹਾਂ ਤੋਂ ਸਰੀਰ ਨੂੰ ਕਈ ਤੱਤ ਮਿਲਦੇ ਹਨ।
ਇਹ ਵੀ ਪੜ੍ਹੋ- ਭੈਣ ਨੂੰ ਲੈਣ ਜਾ ਰਹੇ ਭਰਾ ਨੂੰ ਕਾਲ਼ ਨੇ ਪਾਇਆ ਘੇਰਾ, 24 ਸਾਲਾ ਨੌਜਵਾਨ ਦੀ ਰੂਹ ਕੰਬਾਊ ਮੌਤ
ਲਾਹੇਵੰਦ ਹੈ ਲੱਸੀ ਅਤੇ ਗੁੜ
ਲੱਸੀ ਕੁਦਰਤੀ ਤੌਰ ’ਤੇ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦਾ ਵਧੀਆ ਸੋਮਾ ਹੈ, ਜੋ ਸਰੀਰ ’ਚ ਪਾਚਨ ਪ੍ਰਣਾਲੀ ਨੂੰ ਠੀਕ ਰੱਖਦੀ ਹੈ ਅਤੇ ਕੁਦਰਤੀ ਪ੍ਰੋ-ਬਾਇਓਟਿਕ ਹੋਣ ਕਰ ਕੇ ਪਾਚਨ ਕਿਰਿਆ ਲਈ ਸੂਖਮ ਜੀਵਾਣੂਆਂ ਦੀ ਮਾਤਰਾ ਸਹੀ ਰੱਖਣ ’ਚ ਸਹਾਈ ਹੁੰਦੀ ਹੈ। ਆਮ ਤੌਰ ’ਤੇ ਕਈ ਲੋਕ ਖੰਡ ਅਤੇ ਗੁੜ ਦੀ ਵਰਤੋਂ ਨੂੰ ਲੈ ਕੇ ਵੀ ਗੁੰਮਰਾਹ ਹੋ ਜਾਂਦੇ ਹਨ। ਖੰਡ ਵਿਚ ਕੇਵਲ ਊਰਜਾ ਹੀ ਹੁੰਦੀ ਹੈ, ਜਦੋਂ ਕਿ ਇਸ ਵਿਚ ਕੋਈ ਵਿਟਾਮਿਨ, ਖਣਿਜ ਜਾਂ ਹੋਰ ਕੋਈ ਪੌਸ਼ਟਿਕ ਤੱਤ ਨਹੀਂ ਹੁੰਦਾ ਪਰ ਗੁੜ ਲੋਹੇ ਨਾਲ ਭਰਪੂਰ ਹੈ ਇਸ ’ਚ ਮੈਗਨੀਸ਼ੀਅਮ, ਪੋਟਾਸ਼ੀਅਮ, ਸਲੀਨੀਅਮ ਅਤੇ ਜ਼ਿੰਕ ਵਰਗੇ ਕਈ ਖਣਿਜ ਹੁੰਦੇ ਹਨ।
ਗੁੜ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ, ਲਿਵਰ ਸਿਹਤਮੰਦ ਰਹਿੰਦਾ ਹੈ, ਪਾਚਨ ਕਿਰਿਆ ਤੇਜ਼ ਹੁੰਦੀ ਹੈ ਅਤੇ ਖੂਨ ਦੀ ਕਮੀ ਪੂਰੀ ਹੁੰਦੀ ਹੈ। ਗੁੜ ’ਚ ਐਂਟੀ ਆਕਸੀਡੈਂਟ ਤੱਤ ਵੀ ਪਾਏ ਜਾਂਦੇ ਹਨ, ਜਿਨ੍ਹਾਂ ਦੀ ਦਿਲ ਦੇ ਰੋਗਾਂ ਅਤੇ ਕੈਂਸਰ ਨੂੰ ਰੋਕਣ ’ਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਖੰਡ ਦੇ ਮੁਕਾਬਲੇ ਗੁੜ ਰਸਾਇਣਾਂ ਤੋਂ ਮੁਕਤ ਹੈ ਅਤੇ ਵਧੇਰੇ ਪੌਸ਼ਟਿਕ ਹੋਣ ਦੇ ਨਾਲ ਨਾਲ ਵਾਤਾਵਰਣ ਹਿਤੈਸ਼ੀ ਹੈ।
ਮੌਸਮੀ ਫਲਾਂ ਦੀ ਵਰਤੋਂ ਵੀ ਵਰਦਾਨ
ਮੌਸਮੀ ਫਲਾਂ ਦਾ ਸੇਵਨ ਵੀ ਵਰਦਾਨ ਸਿੱਧ ਹੁੰਦਾ ਹੈ। ਸਾਡੇ ਆਪਣੇ ਖੇਤਾਂ ਵਿਚ ਉਗਾਈਆਂ ਜਾਣ ਵਾਲੀਆਂ ਹਰੇ ਪੱਤੇਦਾਰ ਸਬਜ਼ੀਆਂ, ਸਰੋਂ, ਪਾਲਕ, ਮੇਥੀ, ਗੋਭੀ, ਗਾਜਰ, ਸ਼ਲਗਮ, ਮਟਰ ਆਦਿ ਵੀ ਵਿਟਾਮਿਨ ਅਤੇ ਖਣਿਜ ਭਰਪੂਰ ਹੁੰਦੇ ਹਨ। ਪੰਜਾਬ ’ਚ ਪੈਦਾ ਹੋਣ ਵਾਲੇ ਫਲ ਅਮਰੂਦ, ਅੰਬ, ਆੜੂ, ਬੇਰ, ਨਿੰਬੂ, ਖਰਬੂਜਾ, ਤਰਬੂਜ, ਸ਼ਹਤੂਤ ਆਦਿ ਕਈ ਪੌਸ਼ਟਿਕ ਤੱਤ ਦਿੰਦੇ ਹਨ, ਜਦੋਂ ਕਿ ਦੂਰ-ਦੁਰੇਡੇ ਤੋਂ ਆਉਣ ਵਾਲੇ ਫਲ ਸੇਬ, ਕਿਵੀ, ਡਰੈਗਨ ਫਰੂਟ ਆਦਿ ਸਥਾਨਿਕ ਫਲਾਂ ਨਾਲੋਂ ਵਧੇਰੇ ਮਹਿੰਗੇ ਅਤੇ ਘੱਟ ਪੌਸ਼ਟਿਕ ਹੁੰਦੇ ਹਨ।
ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ
ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕਰਦਾ ਹੈ ਸਰੋਂ ਦਾ ਤੇਲ
ਸਰੋਂ ਦੇ ਤੇਲ ’ਚ ਮੌਜੂਦ ਵੱਖ-ਵੱਖ ਫੈਟੀ ਐਸਿਡਾਂ ਦਾ ਸਹੀ ਅਨੁਪਾਤ ਦਿਲ ਨਾਲ ਸਬੰਧਤ ਬੀਮਾਰੀਆਂ ਉੱਚ-ਬਲੱਡ ਪ੍ਰੈੱਸ਼ਰ ਅਤੇ ਹਾਰਟ ਅਟੈਕ ਹੋਣ ਦੇ ਖਤਰੇ ਨੂੰ ਘੱਟ ਕਰਦਾ ਹੈ। ਦੇਸੀ ਘਿਓ ਅਤੇ ਮੱਖਣ ਵਿਚ ਮੌਜੂਦ ਵਿਟਾਮਿਨ-ਏ ਚਮੜੀ ਨੂੰ ਸੁਰੱਖਿਅਤ ਅਤੇ ਨਿਗਾਹ ਨੂੰ ਬਰਕਰਾਰ ਰੱਖਦਾ ਹੈ। ਹੱਡੀਆਂ ਨੂੰ ਮਜ਼ਬੂਤ ਕਰਨਾ ਵਾਲਾ ਵਿਟਾਮਿਨ-ਡੀ ਵੀ ਇਨ੍ਹਾਂ ’ਚੋਂ ਮਿਲਦਾ ਹੈ।
ਵਿਟਾਮਿਨ-ਡੀ ਦਾ ਸਰੋਤ ਹੈ ਧੁੱਪ
ਅਨੇਕਾਂ ਲੋਕਾਂ ਵਿਚ ਵਿਟਾਮਿਨ-ਡੀ ਦੀ ਘਾਟ ਸਾਹਮਣੇ ਆਉਂਧੀ ਹੈ ਜਦੋਂ ਕਿ ਵਿਟਾਮਿਨ-ਡੀ ਦੀ ਪੂਰਤੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਮੰਤਵ ਜਿਥੇ ਖਾਣ ਪੀਣ ਦਾ ਧਿਆਨ ਚਾਹੀਦਾ ਹੈ, ਉਥੇ ਚਮੜੀ ਦਾ ਰੋਜ਼ਾਨਾ 10-15 ਮਿੰਟ ਸੂਰਜ ਦੀ ਰੌਸ਼ਨੀ ਲੈਣਾ ਵੀ ਜ਼ਰੂਰੀ ਹੈ। ਰੋਜ਼ਾਨਾ 45-60 ਮਿੰਟ ਸਰੀਰਕ ਕਸਰਤ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦੀ ਹੈ। ਰਵਾਇਤੀ ਖੁਰਾਕ ਦੇ ਨਾਲ-ਨਾਲ ਤਣਾਅ ਤੋਂ ਬਚਾਅ ਲਈ 6-8 ਘੰਟੇ ਰੋਜ਼ਾਨਾ ਸੌਣਾ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8