ਪ੍ਰਬੰਧਕਾਂ ਦੀ ਗ੍ਰਿਫ਼ਤਾਰੀ ’ਤੇ ਭੜਕੇ ਪ੍ਰਾਈਵੇਟ ਸਕੂਲਾਂ ਦੇ ਮਾਲਕ, ਚੇਅਰਮੈਨ ਦੀ ਪਤਨੀ ਨੇ ਖ਼ੁਦਕੁਸ਼ੀ ਦੀ ਦਿੱਤੀ ਚਿਤਾਵਨੀ
Sunday, Apr 03, 2022 - 01:15 PM (IST)
 
            
            ਗੁਰਦਾਸਪੁਰ (ਜੀਤ ਮਠਾਰੂ, ਹੇਮੰਤ) - ਇਕ ਨਿੱਜੀ ਸਕੂਲ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਮਾਮਲੇ ਪੁਲਸ ਨੇ ਪੀੜਤ ਦੇ ਪਰਿਵਾਰ ਤੇ ਹੋਰ ਪ੍ਰਦਰਸ਼ਨਕਾਰੀਆਂ ਦੀ ਮੰਗ ਅਨੁਸਾਰ ਸਕੂਲ ਦੇ ਚੇਅਰਮੈਨ ਸਮੇਤ 2 ਵਿਅਕਤੀਆਂ ’ਤੇ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਦੀ ਇਸ ਕਾਰਵਾਈ ਨੂੰ ਇਕਤਰਫਾ ਅਤੇ ਪ੍ਰਦਰਸ਼ਨਕਾਰੀਆਂ ਦੇ ਪੁਲਸ ’ਤੇ ਪਏ ਦਬਾਅ ਦਾ ਨਤੀਜਾ ਦੱਸਦਿਆਂ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਨਾਲ ਸਬੰਧਿਤ ਜਥੇਬੰਦੀਆਂ ਨੇ ਪੁਲਸ ਨੂੰ ਅਲਟੀਮੇਟਮ ਦਿੱਤਾ ਹੈ।
ਅਲਟੀਮੇਟਮ ਅਨੁਸਾਰ ਜੇਕਰ ਤੁਰੰਤ ਸਕੂਲ ਦੇ ਚੇਅਰਮੈਨ ਅਤੇ ਮਾਲਕ ਦੇ ਪੁੱਤਰ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸੋਮਵਾਰ ਤੋਂ ਪੂਰੇ ਪੰਜਾਬ ਦੇ ਸਕੂਲ ਕਾਲਜ ਬੰਦ ਕਰਕੇ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਚੇਅਰਮੈਨ ਦੀ ਪਤਨੀ ਨੇ ਵੀ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੇ ਬੇਕਸੂਰ ਪਤੀ ਅਤੇ ਭਤੀਜੇ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਡੀ. ਸੀ. ਦੀ ਰਿਹਾਇਸ਼ ਸਾਹਮਣੇ ਆਤਮਦਾਹ ਕਰ ਲਵੇਗੀ।
ਗੁਰਦਾਸਪੁਰ ਵਿਖੇ ਪਹੁੰਚੇ ਪੰਜਾਬ ਅਣਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ, ਪੰਜਾਬ ਦੀ ਜੁਆਇੰਟ ਐਸੋਸੀਏਸ਼ਨ ਆਫ ਕਾਲਜਿਜ਼ ਦੇ ਮੈਂਬਰ ਮਨਜੀਤ ਸਿੰਘ, ਅਸ਼ਵਨੀ ਅਤੇ ਅਸ਼ੋਕ ਆਦਿ ਦੀ ਅਗਵਾਈ ਵਾਲਾ ਵਫਦ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੂੰ ਮਿਲਿਆ। ਉਕਤ ਆਗੂਆਂ ਨੇ ਕਿਹਾ ਕਿ ਪੁਲਸ ਪ੍ਰਦਰਸ਼ਨਕਾਰੀਆਂ ਦੇ ਦਬਾਅ ਹੇਠ ਆ ਕੇ ਕੰਮ ਕਰ ਰਹੀ ਹੈ, ਜਿਸ ਨੇ ਸਕੂਲ ਅੰਦਰ ਜਬਰ-ਜ਼ਨਾਹ ਹੋਣ ਸਬੰਧੀ ਕੋਈ ਪੁਖਤਾ ਸਬੂਤ ਨਾ ਮਿਲਣ ਦੇ ਬਾਵਜੂਦ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ। ਸਮੂਹ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਤੁਰੰਤ ਅਸਲ ਮੁਲਜ਼ਮਾਂ ਦਾ ਪਤਾ ਲਾ ਕੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            