ਕੇਂਦਰ ਤੇ ਪੰਜਾਬ ਸਰਕਾਰ ਸਿੱਖ ਕੌਮ ਨੂੰ ਇਨਸਾਫ਼ ਦੇਵੇ: ਭਾਈ ਰਾਜਵਿੰਦਰ ਸਿੰਘ
Wednesday, Aug 31, 2022 - 02:09 PM (IST)
ਅੰਮ੍ਰਿਤਸਰ (ਅਨਜਾਣ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਦੱਖਣੀ ਇੰਚਾਰਜ ਭਾਈ ਰਾਜਵਿੰਦਰ ਸਿੰਘ ਨੇ ਪਾਰਟੀ ਅਹੁਦੇਦਾਰਾਂ, ਵਰਕਰਾਂ ਤੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਇਨਸਾਫ਼ ਲਈ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਦੇ ਦਫ਼ਤਰ ਦੇ ਬਾਹਰ ਭਾਈ ਰਾਜਵਿੰਦਰ ਸਿੰਘ ਨੇ ਕਿਹਾ ਕਿ ਫਿਰਕਾਪ੍ਰਸਤੀ ਦੀ ਆੜ ਵਿੱਚ ਸਰਕਾਰਾਂ ਘੱਟ ਗਿਣਤੀ ਕੌਮਾਂ ਨੂੰ ਇਨਸਾਫ਼ ਦੇਣ ਦੀ ਬਜਾਏ ਦਬਾਉਣ ‘ਤੇ ਲੱਗੀਆਂ ਹੋਈਆਂ ਨੇ।
ਉਨ੍ਹਾਂ ਕਿਹਾ ਕਿ ਚਾਹੇ ਕੇਂਦਰ ਵਿੱਚ ਕਾਂਗਰਸ ਜਾਂ ਬੀਜੇਪੀ ਦੀ ਸਰਕਾਰ ਹੋਵੇ ਅਤੇ ਭਾਵੇਂ ਪੰਜਾਬ ਵਿੱਚ ਬਾਦਲ, ਕੈਪਟਨ ਜਾਂ ਕੇਜਰੀਵਾਲ ਦੀ ਸਰਕਾਰ ਹੋਵੇ ਸਭ ਜਦੋਂ ਕੋਈ ਕਾਂਡ ਹੋ ਜਾਂਦਾ ਹੈ ਤਾਂ ਸਿਆਸੀ ਰੋਟੀਆਂ ਸੇਕਣ ਲਈ ਫੋਕੀ ਹਮਦਰਦੀ ਦਿਖਾਉਂਦੀਆਂ ਨੇ, ਪਰ ਸਤਾ ਵਿੱਚ ਆਉਣ ’ਤੇ ਇਨ੍ਹਾਂ ਦੀਆਂ ਅੱਖਾਂ ਕੁਝ ਹੋਰ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ, ਬਹਿਬਲ ਤੇ ਬਰਗਾੜੀ ਕਾਂਡ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ਼ ਨਹੀਂ ਮਿਲਦਾ ਖਾਲਸਾ ਜੂਝਦਾ ਰਹੇਗਾ। ਇਸ ਮੌਕੇ ਹਰਮੇਲ ਸਿੰਘ ਜ਼ਿਲ੍ਹਾ ਪ੍ਰਧਾਨ, ਰਵੀਸ਼ੇਰ ਸਿੰਘ ਮੀਤ ਪ੍ਰਧਾਨ ਸ਼ਹਿਰੀ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।