ਤਰਨਤਾਰਨ ’ਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ, ਦਿੱਤੀ ਚੇਤਾਵਨੀ
Friday, Apr 11, 2025 - 04:42 PM (IST)

ਤਰਨਤਾਰਨ (ਰਮਨ)- ਤਰਨਤਾਰਨ ਨੂੰ ਕਬਜ਼ਾ ਮੁਕਤ ਕਰਨ ਦੇ ਮੱਕਸਦ ਨਾਲ ਟ੍ਰੈਫਿਕ ਪੁਲਸ ਅਤੇ ਨਗਰ ਕੌਂਸਲ ਵੱਲੋਂ ਸਾਂਝੇ ਤੌਰ ਉਪਰ ਕਾਰਵਾਈ ਕਰਦੇ ਹੋਏ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਦੌਰਾਨ ਨਗਰ ਕੌਂਸਲ ਅਤੇ ਟ੍ਰੈਫਿਕ ਪੁਲਸ ਵੱਲੋਂ ਵੱਡੀ ਮਾਤਰਾ ਵਿਚ ਦੁਕਾਨਦਾਰਾਂ ਦਾ ਬਾਹਰ ਰੱਖਿਆ ਨਾਜਾਇਜ਼ ਸਾਮਾਨ ਕਬਜ਼ੇ ਵਿਚ ਲੈ ਲਿਆ ਗਿਆ। ਜ਼ਿਕਰਯੋਗ ਹੈ ਕਿ ਇਸ ਦੌਰਾਨ ਟ੍ਰੈਫਿਕ ਵਿਭਾਗ ਵੱਲੋਂ ਨਗਰ ਕੌਂਸਲ ਅਤੇ ਪੁਲਸ ਦੇ ਆਦੇਸ਼ਾਂ ਨੂੰ ਟਿੱਚ ਸਮਝਣ ਵਾਲੇ ਦੁਕਾਨਦਾਰਾਂ ਖਿਲਾਫ ਪਰਚਾ ਦਰਜ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ ਇਕ ਤਸਕਰ ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖੁਲਾਸੇ
ਨਗਰ ਕੌਂਸਲ ਤਰਨਤਾਰਨ ਦੇ ਸੁਪਰਡੈਂਟ ਸੈਨੀਟੇਸ਼ਨ ਹਰਵਿੰਦਰ ਸਿੰਘ ਭੁੱਲਰ ਅਤੇ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਮੈਡਮ ਰਾਣੀ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਐੱਸ.ਪੀ ਅਭੀਮਨਿਊ ਰਾਣਾ ਵੱਲੋਂ ਮਿਲੇ ਹੁਕਮਾਂ ਅਤੇ ਐੱਸ.ਪੀ ਟ੍ਰੈਫਿਕ ਕੰਵਲਪਾਲ ਸਿੰਘ ਦੇ ਨਿਰਦੇਸ਼ਾਂ ਤਹਿਤ ਸਥਾਨਕ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਮੇਨ ਸੜਕ ਅਤੇ ਹੋਰ ਇਲਾਕਿਆਂ ਵਿਚ ਮੌਜੂਦ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਇਹ ਵੀ ਪੜ੍ਹੋ- ਪਾਕਿ ਸਰਕਾਰ ਦੀ ਵੱਡੀ ਨਾਕਾਮੀ, 18 ਘੰਟੇ ਭੁੱਖੇ-ਪਿਆਸੇ ਬੈਠੇ ਸ਼ਰਧਾਲੂਆਂ ਦੀ ਨਹੀਂ ਲਈ ਸਾਰ
ਉਨ੍ਹਾਂ ਦੱਸਿਆ ਕਿ ਸਾਂਝੇ ਤੌਰ ਉਪਰ ਚਲਾਏ ਆਪ੍ਰੇਸ਼ਨ ਦੌਰਾਨ ਦੁਕਾਨਦਾਰਾਂ ਨੂੰ ਤਾੜਨਾ ਜਾਰੀ ਕਰਦੇ ਹੋਏ ਭਵਿੱਖ ਵਿਚ ਅਜਿਹਾ ਨਾ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦੁਕਾਨਦਾਰਾਂ ਦਾ ਨਗਰ ਕੌਂਸਲ ਵੱਲੋਂ ਸਾਮਾਨ ਵੀ ਕਬਜ਼ੇ ਵਿਚ ਲਿਆ ਗਿਆ ਹੈ। ਟ੍ਰੈਫਿਕ ਇੰਚਾਰਜ ਮੈਡਮ ਰਾਣੀ ਕੌਰ ਨੇ ਦੱਸਿਆ ਕਿ ਜੇ ਭਵਿੱਖ ਵਿਚ ਦੁਕਾਨਦਾਰਾਂ ਨੇ ਪ੍ਰਸ਼ਾਸਨ ਦਾ ਸਾਥ ਨਾ ਦਿੱਤਾ ਅਤੇ ਸਰਕਾਰੀ ਅਦੇਸ਼ਾ ਨੂੰ ਟਿੱਚ ਸਮਝਿਆ ਤਾਂ ਉਨ੍ਹਾਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਬੰਧਤ ਦੁਕਾਨ ਮਾਲਕ ਦੀ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਸੀਨੀਅਰ IAS ਅਫ਼ਸਰਾਂ ਦੇ ਤਬਾਦਲੇ
ਇਸ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵੱਖ-ਵੱਖ ਦੁਕਾਨਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਹੋਰ ਪ੍ਰਵਾਸੀ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਕਾਰੋਬਾਰ ਕਰਨ ਲਈ ਰੇਹੜੀਆਂ ਅਤੇ ਅੱਡੇ ਲਗਵਾਏ ਗਏ ਹਨ, ਜਿਸ ਬਾਬਤ ਸਬੰਧਤ ਦੁਕਾਨਦਾਰ ਉਨ੍ਹਾਂ ਪਾਸੋਂ ਮੋਟੀਆਂ ਰਕਮਾਂ ਵਸੂਲ ਕਰ ਰਹੇ ਹਨ, ਜਿਸਦੇ ਚੱਲਦਿਆਂ ਨਗਰ ਕੌਂਸਲ ਵੱਲੋਂ ਸਰਵੇ ਦੇ ਅਨੁਸਾਰ ਸਰਕਾਰੀ ਜਗ੍ਹਾ ਦੀ ਰਕਮ ਆਪਣੀ ਜ਼ੇਬ ਵਿਚ ਪਾਉਣ ਦੇ ਸਬੰਧ ਵਿਚ ਪ੍ਰੋਪਰਟੀ ਟੈਕਸ ਦੇ ਨੋਟਿਸ ਸਬੰਧਤ ਦੁਕਾਨ ਮਾਲਕ ਨੂੰ ਭੇਜਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ ਅਤੇ ਸਬੰਧਤ ਦੁਕਾਨਦਾਰ ਨੂੰ ਬਣਦਾ ਟੈਕਸ ਨਗਰ ਕੌਂਸਲ ਵਿਚ ਜਮ੍ਹਾਂ ਕਰਵਾਉਣਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8