ਇੰਟਰਨੈੱਟ ਬੰਦ ਹੋਣ ਕਾਰਨ ਕਾਰੋਬਾਰ ਠੱਪ, ਈ-ਪੇਮੈਂਟ ਕਰਨ ਲਈ ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ
Monday, Mar 20, 2023 - 02:40 PM (IST)
ਅੰਮ੍ਰਿਤਸਰ (ਰਮਨ, ਕੱਕੜ)- ਪੰਜਾਬ ’ਚ ਇੰਟਰਨੈੱਟ ਬੰਦ ਹੋਣ ਕਰਕੇ ਲੋਕਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਮੋਬਾਇਲ ਇੰਟਰਨੈੱਟ ਹੀ ਬੰਦ ਹੋਇਆ ਹੈ, ਜਦਕਿ ਵਾਈ. ਫਾਈ . ਸੇਵਾ ਚਾਲੂ ਹੈ ਪਰ ਮੋਬਾਇਲ ਨੈੱਟ ਬੰਦ ਹੋਣ ਨਾਲ ਲੋਕਾਂ ਦਾ ਕਾਰੋਬਾਰ ਠੱਪ ਹੋਇਆ ਪਿਆ ਹੈ। ਇਸ ਦੇ ਨਾਲ ਹੀ ਪੰਜਾਬ ’ਚ ਬਾਹਰੋਂ ਆਉਣ ਵਾਲੇ ਲੋਕਾਂ ਨੇ ਵੀ ਆਉਣਾ ਬੰਦ ਕਰ ਦਿੱਤਾ ਹੈ। ਪੁਲਸ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਨੂੰ ਅੰਮ੍ਰਿਤਪਾਲ ਸਿੰਘ 'ਤੇ ਵੱਡਾ ਐਕਸ਼ਨ ਲਿਆ ਗਿਆ ਸੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੂੰ ਲੈ ਕੇ ਅਫ਼ਵਾਹਾਂ ਚੱਲ ਰਹੀਆਂ ਸਨ ਕਿ ਪੰਜਾਬ ’ਚ ਮਾਹੌਲ ਖ਼ਰਾਬ ਹੈ ਪਰ ਹਕੀਕਤ ’ਚ ਅਜਿਹਾ ਕੁਝ ਨਹੀਂ ਹੈ। ਪੰਜਾਬ ’ਚ ਹਾਈ ਅਲਰਟ ਕਾਰਨ ਪੁਲਸ ਫੋਰਸ ਤੇ ਪੈਰਾ-ਮਿਸਲਟਰੀ ਫੋਰਸ ਤਾਇਨਾਤ ਹੈ ਤੇ ਕਿਤੇ ਵੀ ਕੋਈ ਤਣਾਅਪੂਰਨ ਸਥਿਤੀ ਨਹੀਂ ਹੈ। ਅੰਮ੍ਰਿਤਸਰ ’ਚ ਹਰ ਥਾਂ ਪੁਲਸ ਵੱਲੋਂ ਨਾਕੇ ਲਾਏ ਹੋਏ ਹਨ ਤੇ ਚੱਪੇ-ਚੱਪੇ ’ਤੇ ਪੁਲਸ ਫੋਰਸ ਤਾਇਨਾਤ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ
ਇੰਟਰਨੈੱਟ ਬੰਦ ਹੋਣ ’ਤੇ ਲੋਕਾਂ ਨੇ ਘਰ ’ਚ ਬਿਤਾਇਆ ਸਮਾਂ
ਇੰਟਰਨੈੱਟ ਬੰਦ ਹੋਣ ਨਾਲ ਛੁੱਟੀ ਵਾਲੇ ਦਿਨ ਲੋਕਾਂ ਨੇ ਘਰਾਂ ’ਚ ਹੀ ਆਪਣਾ ਵਧੇਰੇ ਸਮਾਂ ਬੀਤਾਇਆ। ਲੋਕ ਬਿਨਾਂ ਕਾਰਨ ਘਰ ਦੇ ਬਾਹਰ ਨਹੀਂ ਨਿਕਲੇ, ਜਿਸ ਨਾਲ ਸੜਕਾਂ ’ਤੇ ਟ੍ਰੈਫਿ਼ਕ ਕਾਫ਼ੀ ਘੱਟ ਦੇਖਣ ਨੂੰ ਮਿਲੀ।
ਅੰਮ੍ਰਿਤਸਰ ’ਚ ਟੂਰਿਸਟ ਹੋਇਆ ਘੱਟ
ਪੁਲਸ ਵੱਲੋਂ ਐਕਸ਼ਨ ਲੈਣ ਤੋਂ ਬਾਅਦ ਸਾਰੇ ਪਾਸੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਅੱਗ ਵਾਂਗ ਫ਼ੈਲ ਗਈਆਂ, ਜਿਸ ਨੂੰ ਲੈ ਕੇ ਬਾਹਰੀ ਸੂਬਿਆਂ ਤੋਂ ਆਉਣ ਵਾਲਾ ਟੂਰਿਸਟ ਅੰਮ੍ਰਿਤਸਰ ’ਚ ਆਉਣਾ ਘੱਟ ਹੋ ਗਿਆ। ਹੋਟਲਾਂ ’ਚ ਟੂਰਿਸਟ ਨੇ ਆਪਣੀ ਬੁਕਿੰਗ ਰੱਦ ਕਰਵਾ ਦਿੱਤੀ। ਅੰਮ੍ਰਿਤਸਰ ’ਚ ਕਾਫ਼ੀ ਕਾਰੋਬਾਰ ਬਾਹਰੋਂ ਆਉਣ ਵਾਲੇ ਲੋਕਾਂ ’ਤੇ ਨਿਰਭਰ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ
ਆਨਲਾਈਨ ਪੇਮੈਂਟ ਨੂੰ ਲੈ ਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਧੇਰੇ ਲੋਕ ਆਨਲਾਈਨ ਪੇਮੈਂਟ ਕਰਦੇ ਹਨ ਪਰ ਮੋਬਾਇਲ ਇੰਟਰਨੈੱਟ ਬੰਦ ਹੋਣ ਕਾਰਨ ਲੋਕ ਪੇਮੈਂਟ ਨਹੀਂ ਕਰ ਸਕੇ। ਓਧਰ ਕਈ ਲੋਕ ਜੋ ਕਿਸੇ ਇਕ ਥਾਂ ਤੋਂ ਦੂਜੇ ਸਥਾਨ ’ਤੇ ਜਾਣ ਲਈ ਲੋਕੇਸ਼ਨ ਦੀ ਵਰਤੋਂ ਕਰਦੇ ਸੀ, ਉਹ ਵੀ ਪ੍ਰੇਸ਼ਾਨ ਹੋਏ। ਇਸ ਦੇ ਨਾਲ ਹੁਣ ਇੰਟਰਨੈੱਟ 'ਤੇ 21ਮਾਰਚ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।