ਪੁਲਸ ਵਲੋਂ ਦੇਹ ਵਪਾਰ ਦਾ ਪਰਦਾਫਾਸ਼, 6 ਜੋੜੀਆਂ ਸਮੇਤ ਹੋਟਲ ਮਾਲਕ ਤੇ ਮੈਨੇਜ਼ਰ ਗ੍ਰਿਫਤਾਰ

Friday, Nov 09, 2018 - 09:33 PM (IST)

ਤਰਨ ਤਾਰਨ,(ਰਮਨ)—ਤਰਨ ਤਾਰਨ-ਝਬਾਲ ਬਾਈਪਾਸ ਨੇੜੇ ਕੱਕਾ ਕੰਡਿਆਲਾ ਫਾਟਕ ਵਿਖੇ ਖੁੱਲੇ ਇਕ ਹੋਟਲ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਭਾਂਡਾ ਭੰਨਦੇ ਹੋਏ ਪੁਲਸ ਨੇ 6 ਜੋੜੀਆਂ ਸਮੇਤ ਹੋਟਲ ਦੇ ਮਾਲਕ ਅਤੇ ਮੈਨੇਜ਼ਰ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪਿੰਡ ਕੱਕਾ ਕੰਡਿਆਲਾ ਨੇੜੇ ਮੇਨ ਸੜਕ 'ਤੇ ਖੁੱਲੇ ਹੋਟਲ “ਦਮਨ ਇਨ” ਵਿਖੇ ਡੀ. ਐੱਸ. ਪੀ. ਜੀ. ਐੱਸ ਸਿੱਧੂ ਅਤੇ ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਇਸ ਹੋਟਲ 'ਚ ਬਿਨਾਂ ਪਤਾ ਦਰਜ ਕੀਤੇ ਹੋਏ 6 ਜੋੜੇ ਦੇਹ ਵਪਾਰ ਦੇ ਧੰਦੇ 'ਚ ਲੱਗੇ ਸਨ। ਜਿਨ੍ਹਾਂ ਨੂੰ ਮੌਕੇ 'ਤੇ ਮਹਿਲਾ ਪੁਲਸ ਕਰਮਚਾਰੀਆਂ ਅਤੇ ਅਧਿਕਾਰੀ ਦੀ ਹਾਜ਼ਰੀ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਹੋਟਲ 'ਚ ਕਾਫੀ ਸਮੇ ਤੋਂ ਦੇਹ ਵਪਾਰ ਦਾ ਧੰਦਾ ਬੜੀ ਤੇਜ਼ੀ ਨਾਲ ਜਾਰੀ ਸੀ। ਜਿਸ ਦੌਰਾਨ ਹੋਟਲ ਮਾਲਕ ਵਲੋਂ ਇਕ ਘੰਟੇ ਦੇ ਇਕ ਹਜ਼ਾਰ ਰੁਪਏ ਵਸੂਲ ਕੀਤੇ ਜਾਂਦੇ ਸਨ। ਇਸ ਧੰਦੇ 'ਚ ਪੰਜਾਬ ਭਰ ਦੀਆਂ ਲੜਕੀਆਂ ਸ਼ਾਮਲ ਦੱਸੀਆਂ ਜਾਂਦੀਆਂ ਹਨ, ਜੋ ਮੋਟੀਆਂ ਰਕਮਾਂ ਵਸੂਲ ਕਰ ਕੇ ਇਸ ਹੋਟਲ 'ਚ ਇਕ ਵੱਡੇ ਨੈਟਵਰਕ ਰਾਹੀਂ ਆਉਂਦੀਆਂ ਸਨ। ਜਿਸ ਨਾਲ ਹੋਟਲ ਮਾਲਕ ਦੀ ਪੂਰੀ ਚਾਂਦੀ ਹੋ ਰਹੀ ਸੀ।  

PunjabKesari
ਜ਼ਿਕਰਯੋਗ ਹੈ ਕਿ ਉਕਤ ਹੋਟਲ 'ਚ ਰੰਗਰਲੀਆਂ ਮਨਾਉਣ ਵਾਲਿਆਂ 'ਚ ਸਥਾਨਕ ਸ਼ਹਿਰ ਦੀਆਂ ਕੁੱਝ ਜੋੜੀਆਂ ਵੀ ਸ਼ਾਮਲ ਹਨ, ਜੋ ਵੱਡੇ ਘਰਾਨੇ ਨਾਲ ਜੁੜੀਆਂ ਹੋਈਆਂ ਦੱਸੀਆਂ ਜਾਂਦੀਆਂ ਹਨ। ਫੜੇ ਗਏ ਦੌਸ਼ੀ ਜੰਡਿਆਲਾ ਗੁਰੂ, ਛੇਹਰਟਾ, ਅੰਮ੍ਰਿਤਸਰ, ਬਟਾਲਾ, ਪਠਾਨਕੋਟ,ਗੁਰਦਾਸਪੁਰ, ਤਰਨ ਤਾਰਨ, ਜਲੰਧਰ, ਲੁਧਿਆਣਾ ਆਦਿ ਦੇ ਵਾਸੀ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜੀ. ਐੱਸ ਸਿੱਧੂ ਨੇ ਦੱਸਿਆ ਕਿ ਦੇਹ ਵਾਪਰ ਦੇ ਇਸ ਧੰਦੇ ਦਾ ਪੁਲਸ ਵਲੋਂ ਭਾਡਾ ਭੰਨ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਹੋਟਲ ਦਮਨ ਇਨ ਦੇ ਮਾਲਕ ਦੀਪਕ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਫੱਤਿਹਚੱਕ ਅਤੇ ਹੋਟਲ ਦੇ ਮੈਨੇਜ਼ਰ ਪ੍ਰਭਜੀਤ ਸਿੰਘ ਸੋਨੂੰ ਵਾਸੀ ਪਿੰਡ ਜੋਧਪੁਰ ਸਮੇਤ 6 ਲੜਕੀਆਂ ਅਤੇ 6 ਲੜਕਿਆਂ ਨੂੰ ਦੇਹ ਵਪਾਰ ਦੇ ਧੰਦੇ 'ਚ ਸ਼ਾਮਲ ਹੋਣ ਦੇ ਜੁਰਮ ਹੇਠ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਨੂੰ ਸ਼ਨੀਵਾਰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਏ. ਐੱਸ. ਆਈ ਕੇਵਲ ਸਿੰਘ ਇੰਚਾਰਜ ਚੌਂਕੀ ਬੱਸ ਸਟੈਂਡ, ਸਬ ਇੰਸਪੈਕਟਰ ਹਰਮੀਤ ਸਿੰਘ ਇੰਚਾਰਜ ਚੌਂਕੀ ਟਾਉਣ, ਸਬ ਇੰਸਪੈਕਟਰ ਬਲਜੀਤ ਕੌਰ, ਏ. ਐੱਸ. ਆਈ ਵਿਪਨ ਕੁਮਾਰ, ਏ. ਐੱਸ. ਆਈ ਕੇਵਲ ਸਿੰਘ, ਏ. ਐੱਸ. ਆਈ ਸਰਬਜੀਤ ਸਿੰਘ ਆਦਿ ਹਾਜ਼ਰ ਸਨ।


Related News