ਸ਼ਸ਼ੋਪੰਜ ’ਚ ਚੱਲ ਰਹੀ ਪੰਜਾਬ ਦੀ ਸਿਆਸਤ ’ਚ ਖਾਲੀ ਥਾਂ ਨੂੰ ਭਰਨ ਦਾ ਭਾਜਪਾ ਨੂੰ ਮਿਲਿਆ ਸੁਨਹਿਰਾ ਮੌਕਾ

Thursday, Jan 15, 2026 - 04:42 PM (IST)

ਸ਼ਸ਼ੋਪੰਜ ’ਚ ਚੱਲ ਰਹੀ ਪੰਜਾਬ ਦੀ ਸਿਆਸਤ ’ਚ ਖਾਲੀ ਥਾਂ ਨੂੰ ਭਰਨ ਦਾ ਭਾਜਪਾ ਨੂੰ ਮਿਲਿਆ ਸੁਨਹਿਰਾ ਮੌਕਾ

ਪਠਾਨਕੋਟ (ਸ਼ਾਰਦਾ)- ਪੰਜਾਬ ਵਿਧਾਨ ਸਭਾ ਚੋਣਾਂ ਫ਼ਰਵਰੀ 2027 ’ਚ ਹੋਣੀਆਂ ਹਨ, ਪਰ ਮੌਜੂਦਾ ਹਾਲਾਤ ਅਜਿਹੇ ਬਣ ਗਏ ਹਨ ਕਿ ਇਕ ਸਾਲ ਪਹਿਲਾਂ ਹੀ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਹੀ ਪਾਰਟੀਆਂ ਪੂਰੀ ਤਾਕਤ ਨਾਲ ਆਪਣੀਆਂ ਸਿਆਸੀ ਸਰਗਰਮੀਆਂ ਵਿਚ ਜੁਟ ਗਈਆਂ ਹਨ। ਸੱਤਾ ਵਿਚ ਆਮ ਆਦਮੀ ਪਾਰਟੀ ਹੈ, ਜਦਕਿ ਕਾਂਗਰਸ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾ ਰਹੀ ਹੈ। ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਟੁੱਟ ਚੁੱਕਾ ਹੈ ਅਤੇ ਹੁਣ ਦੋਵੇਂ ਪਾਰਟੀਆਂ ਵੱਖ-ਵੱਖ ਆਪਣਾ ਸਿਆਸੀ ਰਾਹ ਤੈਅ ਕਰ ਰਹੀਆਂ ਹਨ।

ਇਹ ਵੀ ਪੜ੍ਹੋ- VVIP ਮੂਵਮੈਂਟ ਨੇ ਜਾਮ ਕਰ'ਤਾ ਅੰਮ੍ਰਿਤਸਰ, ਐਂਬੂਲੈਂਸਾਂ ਵੀ ਫਸੀਆਂ

ਮਾਘੀ ਮੇਲੇ ਦੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਅਤੇ ਇਸ ਮੌਕੇ ਸਿਆਸੀ ਪਾਰਟੀਆਂ ਵੀ ਆਪਣੀਆਂ ਕਾਨਫਰੰਸਾਂ ਕਰਦੀਆਂ ਹਨ। ਕਾਂਗਰਸ ਨੇ ਇਸ ਵਾਰ ਮਾਘੀ ਮੇਲੇ ਤੋਂ ਦੂਰੀ ਬਣਾਈ ਰੱਖੀ, ਜਦੋਂ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਇੱਥੇ ਸਿਆਸੀ ਕਾਨਫਰੰਸਾਂ ਕਰ ਕੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਲਈ ਪੂਰਾ ਜ਼ੋਰ ਲਗਾਇਆ। ਅਕਾਲੀ ਦਲ ਹਮੇਸ਼ਾਂ ਦੀ ਤਰ੍ਹਾਂ ਵੱਡੀ ਕਾਨਫਰੰਸ ਕਰਨ ’ਚ ਕਾਮਯਾਬ ਰਿਹਾ ਕਿਉਂਕਿ 2027 ਦੀ ਚੋਣ ਅਕਾਲੀ ਦਲ ਅਤੇ ਖ਼ਾਸ ਤੌਰ ’ਤੇ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਨਾਲ ਜੁੜੀ ਹੋਈ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ

ਇਨ੍ਹਾਂ ਕਾਨਫਰੰਸਾਂ ਵਿਚ ਸਭ ਤੋਂ ਵੱਡੀ ਪ੍ਰਾਪਤੀ ਭਾਜਪਾ ਦੇ ਹਿੱਸੇ ਆਉਂਦੀ ਨਜ਼ਰ ਆਈ। ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਜਪਾ ਨੇ ਪੂਰੇ ਪੰਜਾਬ ’ਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ, ਜਿਸਦੇ ਨਤੀਜੇ ਹੁਣ ਸਾਹਮਣੇ ਆਉਂਦੇ ਦਿੱਸ ਰਹੇ ਹਨ। ਮਾਘੀ ਮੇਲੇ ਦੌਰਾਨ ਹੋਈ ਭਾਜਪਾ ਦੀ ਕਾਨਫਰੰਸ ਨਾ ਸਿਰਫ਼ ਹੋਰ ਪਾਰਟੀਆਂ ਨਾਲੋਂ ਲੰਮੀ ਰਹੀ, ਸਗੋਂ ਇਸ ਤੋਂ ਇਹ ਵੀ ਸਪਸ਼ਟ ਹੋਇਆ ਕਿ 2027 ਦੀ ਚੋਣ ’ਚ ਭਾਜਪਾ ਵੱਲੋਂ ਕਿਹੜੀ ਟੀਮ ਪੰਜਾਬ ਦੀ ਜਨਤਾ ਸਾਹਮਣੇ ਆਪਣਾ ਏਜੰਡਾ ਰੱਖੇਗੀ।

ਇਹ ਵੀ ਪੜ੍ਹੋ-  ਕਹਿਰ ਓ ਰੱਬਾ: ਪਤੀ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਗਲ ਲਾਈ ਮੌਤ

ਸਿਆਸੀ ਸ਼ਸ਼ੋਪੰਜ ਵਿਚ ਖਾਲੀ ਥਾਂ ਭਰਨ ਦੀ ਦੌੜ ’ਚ ਭਾਜਪਾ ਅੱਗੇ

ਪੰਜਾਬ ਦੀ ਜਨਤਾ ਨੇ ਹਾਲੇ ਤੱਕ 2027 ਦੀਆਂ ਚੋਣਾਂ ਲਈ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿਚ ਪੱਕਾ ਮਨ ਨਹੀਂ ਬਣਾਇਆ। ਹਰ ਪਾਰਟੀ ਨੂੰ ਇਹ ਯਕੀਨ ਹੈ ਕਿ ਜਨਤਾ ਆਖ਼ਰਕਾਰ ਉਸ ਨੂੰ ਹੀ ਜਿੱਤ ਦਾ ਆਸ਼ੀਰਵਾਦ ਦੇਵੇਗੀ। ਅਜਿਹੇ ਸਮੇਂ, ਜਦੋਂ ਸਿਆਸੀ ਥਾਂ ਖਾਲੀ ਦਿੱਸ ਰਹੀ ਸੀ, ਭਾਜਪਾ ਨੇ ਕਾਨਫਰੰਸ ਦਾ ਦਾਅ ਚੱਲਿਆ। ਇਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਾਮਲ ਰਹੇ।

ਇਹ ਸਪਸ਼ਟ ਸੰਕੇਤ ਮਿਲੇ ਕਿ ਆਉਣ ਵਾਲੇ ਮਹੀਨਿਆਂ ਵਿਚ ਇਹੀ ਟੀਮ ਭਾਜਪਾ ਦਾ ਏਜੰਡਾ ਲੈ ਕੇ ਲੋਕਾਂ ਤੱਕ ਪਹੁੰਚੇਗੀ ਅਤੇ ਉਨ੍ਹਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰੇਗੀ। ਅਨੁਰਾਗ ਠਾਕੁਰ ਨੇ ਪੰਜਾਬ ਦੀ ਨਬਜ਼ ’ਤੇ ਪਕੜ ਦਰਸਾਉਂਦਿਆਂ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗੱਲ ਰੱਖੀ। ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਦਹਾਕਿਆਂ ਤੋਂ ਭਾਜਪਾ ਦੇ ਸਮਰਪਿਤ ਕਾਰਕੁਨ ਹਨ ਅਤੇ ਪਾਰਟੀ ਦੇ ਮੁੱਦਿਆਂ ਅਤੇ ਵਰਕਰਾਂ ’ਤੇ ਉਨ੍ਹਾਂ ਦੀ ਪਕੜ ਮਜ਼ਬੂਤ ਮੰਨੀ ਜਾਂਦੀ ਹੈ। ਸੁਨੀਲ ਜਾਖੜ ਅਤੇ ਰਵਨੀਤ ਬਿੱਟੂ, ਜੋ ਕਾਂਗਰਸ ਤੋਂ ਆਏ ਹਨ, ਸਾਰੀਆਂ ਪਾਰਟੀਆਂ ਦੀਆਂ ਸਿਆਸੀ ਚਾਲਾਂ ਨੂੰ ਬਖ਼ੂਬੀ ਸਮਝਦੇ ਹਨ। ਸੁਨੀਲ ਜਾਖੜ ਦੇ ਤੀਖੇ ਤੰਜ਼ ਅਤੇ ਮੁੱਦੇ ਚੁੱਕਣ ਦੀ ਕਲਾ ਵਿਰੋਧੀ ਪਾਰਟੀਆਂ ਨੂੰ ਅਕਸਰ ਮੁਸ਼ਕਲ ਵਿਚ ਪਾ ਦਿੰਦੀ ਹੈ।

ਅਕਾਲੀ ਦਲ ‘ਵਨ ਮੈਨ ਆਰਮੀ’ ਅਤੇ ‘ਆਪ’ ਦਾ ਚਿਹਰਾ ਭਗਵੰਤ ਮਾਨ

ਰੈਲੀ ਤੋਂ ਇਹ ਵੀ ਸਪਸ਼ਟ ਹੋਇਆ ਕਿ ਅਕਾਲੀ ਦਲ ਦੀ ਕਮਾਨ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਹੈ ਅਤੇ ਉਹ ਸਰਕਾਰ ਦੇ ਨਿਸ਼ਾਨੇ ’ਤੇ ਵੀ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਮੁੱਖ ਚਿਹਰਾ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ। ਹਾਲਾਂਕਿ ਦੋਵੇਂ ਪਾਰਟੀਆਂ ਦੇ ਪਿੱਛੇ ਵੱਡੀਆਂ ਅਦ੍ਰਿਸ਼ ਟੀਮਾਂ ਕੰਮ ਕਰ ਰਹੀਆਂ ਹਨ, ਪਰ ਭਾਜਪਾ ਇਕ ਸੰਯੁਕਤ ਟੀਮ ਵਜੋਂ ਅੱਗੇ ਵਧਦੀ ਦਿੱਸ ਰਹੀ ਹੈ। ਕਾਂਗਰਸ ਕੋਲ ਵੀ ਤਜਰਬੇਕਾਰ ਆਗੂਆਂ ਦੀ ਵੱਡੀ ਟੀਮ ਹੈ, ਜਿਸ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ, ਗੁਰਦਾਸਪੁਰ ਤੋਂ ਸੰਸਦ ਮੈਂਬਰ, ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਗਟ ਸਿੰਘ ਵਰਗੇ ਨੇਤਾ ਸ਼ਾਮਲ ਹਨ। ਹਾਲਾਂਕਿ ਪਾਰਟੀ ਅੰਦਰ ਧੜੇਬੰਦੀ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿਸਦਾ ਜ਼ਿਕਰ ਵਿਰੋਧੀ ਵੀ ਖੁੱਲ੍ਹ ਕੇ ਕਰਦੇ ਹਨ।

ਅਜਿਹੇ ਹਾਲਾਤਾਂ ਵਿਚ, ਜਦੋਂ ਚੌਕੋਣਾ ਮੁਕਾਬਲਾ ਬਣੇ ਅਤੇ ਕੇਵਲ 35 ਫ਼ੀਸਦੀ ਵੋਟਾਂ ਨਾਲ ਵੀ ਜਿੱਤ ਸੰਭਵ ਹੋਵੇ, ਭਾਜਪਾ ਵੀ ਵਧੀਆ ਪ੍ਰਦਰਸ਼ਨ ਦੀ ਆਸ ਕਰ ਸਕਦੀ ਹੈ। ਇਹ ਤੈਅ ਹੈ ਕਿ 2027 ਤੱਕ ਪੰਜਾਬ ਦੀ ਸਿਆਸਤ ਇਕ ਤਿੱਖੀ ਲੜਾਈ ਦੇਖੇਗੀ ਅਤੇ ਹਾਲਾਤ ਹਰ ਮਹੀਨੇ ਬਦਲਦੇ ਰਹਿਣਗੇ।

ਮੁੱਖ ਮੰਤਰੀ ਨਾਇਬ ਸੈਣੀ ਦੇ ਕਿਸਾਨਾਂ ’ਤੇ ਡੋਰੇ ਪਾਉਣ ਦੇ ਮਾਇਨੇ!

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਭਾਸ਼ਣ ਵਿਚ ਪੰਜਾਬ ਦੇ ਕਿਸਾਨਾਂ ਨੂੰ ਸਪਸ਼ਟ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿਚ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਲ ਰਹੀਆਂ ਸਹੂਲਤਾਂ ਬੇਮਿਸਾਲ ਹਨ, ਜਿਨ੍ਹਾਂ ਤੋਂ ਪੰਜਾਬ ਦੇ ਕਿਸਾਨ ਵਾਂਝੇ ਹਨ। ਆਪਣੇ ਭਾਸ਼ਣ ਦਾ ਵੱਡਾ ਹਿੱਸਾ ਉਨ੍ਹਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ’ਤੇ ਕੇਂਦ੍ਰਿਤ ਰੱਖਿਆ। ਭਾਜਪਾ ਵਰਕਰਾਂ ਨੇ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ। ਹੁਣ ਇਸਦਾ ਜਵਾਬ ਕਿਸਾਨ ਜਥੇਬੰਦੀਆਂ ਅਤੇ ਹੋਰ ਸਿਆਸੀ ਪਾਰਟੀਆਂ ਕਿਵੇਂ ਦਿੰਦੀਆਂ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

 

 


author

Shivani Bassan

Content Editor

Related News