ਲੁੱਟ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋ ਕੇ ਅਣਪਛਾਤਿਆਂ ਵਲੋਂ ਬੀਬੀ ਦਾ ਕਤਲ

Monday, Aug 23, 2021 - 06:14 PM (IST)

ਲੁੱਟ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋ ਕੇ ਅਣਪਛਾਤਿਆਂ ਵਲੋਂ ਬੀਬੀ ਦਾ ਕਤਲ

ਬਟਾਲਾ (ਜ. ਬ., ਯੋਗੀ): ਸਥਾਨਕ ਬੇੜੀਆਂ ਮੁਹੱਲਾ ਵਿਖੇ ਇਕ ਬੀਬੀ ਦਾ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ।ਇਸ ਸਬੰਧੀ ਪੁਲਸ ਥਾਣਾ ਸਿਟੀ ਨੂੰ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕਾ ਪ੍ਰਵੇਜ਼ ਸਾਨਨ ਦੇ ਪਤੀ ਨਰਿੰਦਰ ਕੁਮਾਰ ਵਾਸੀ ਬੇੜੀਆਂ ਮੁਹੱਲਾ ਬਟਾਲਾ ਨੇ ਦੱਸਿਆ ਕਿ ਮੈਂ ਦੁਕਾਨਦਾਰ ਹਾਂ ਅਤੇ ਗਾਂਧੀ ਚੌਕ ਵਿਚ ਮੇਰੀ ਰੰਗਾਂ ਦੀ ਦੁਕਾਨ ਹੈ। ਉਸ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਵੀ ਉਹ ਤੇ ਉਸਦਾ ਮੁੰਡਾ ਦੁਕਾਨ ’ਤੇ ਚਲਾ ਗਿਆ ਅਤੇ ਪਿੱਛੋਂ ਘਰ ਵਿਚ ਉਸਦੀ ਪਤਨੀ ਪ੍ਰਵੇਜ਼ ਸਾਨਨ ਇਕੱਲੀ ਸੀ। ਨਰਿੰਦਰ ਕੁਮਾਰ ਮੁਤਾਬਕ ਮੈਂ ਦੁਪਹਿਰ ਸਮੇਂ ਜਦੋਂ ਆਪਣੀ ਪਤਨੀ ਨੂੰ ਫੋਨ ਕੀਤਾ ਤਾਂ ਉਸ ਵਲੋਂ ਫੋਨ ਨਾ ਚੁੱਕੇ ਜਾਣ ’ਤੇ ਮੈਂ ਆਪਣੇ ਮੁੰਡੇ ਨੂੰ ਘਰ ਭੇਜਿਆ, ਜਿਸ ’ਤੇ ਮੇਰੇ ਮੁੰਡੇ ਨੇ ਦੇਖਿਆ ਕਿ ਉਸਦੀ ਮਾਂ ਲਹੂ-ਲੁਹਾਨ ਜ਼ਮੀਨ ’ਤੇ ਗੰਭੀਰ ਜ਼ਖ਼ਮੀ ਹਾਲਤ ਵਿਚ ਪਈ ਹੈ ਤੇ ਸਾਮਾਨ ਖਿਲਰਿਆ ਹੋਇਆ ਹੈ। ਉਕਤ ਦੁਕਾਨਦਾਰ ਨੇ ਬਿਆਨਾਂ ਵਿਚ ਇਹ ਵੀ ਲਿਖਵਾਇਆ ਹੈ ਕਿ ਇਸ ਤੋਂ ਬਾਅਦ ਮੁੰਡੇ ਦਾ ਮੈਨੂੰ ਫੋਨ ਆਇਆ ਤਾਂ ਮੈਂ ਵੀ ਤੁਰੰਤ ਘਰ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਇਲਾਜ ਲਈ ਫੌਰਨ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਜਿਥੇ ਡਾਕਟਰਾਂ ਨੇ ਉਸ (ਪਤਨੀ) ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਨਰਿੰਦਰ ਕੁਮਾਰ ਨੇ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਲੱਗਦਾ ਹੈ ਕਿ ਮੇਰੀ ਪਤਨੀ ਪ੍ਰਵੇਜ਼ ਸਾਨਨ ਦਾ ਕਤਲ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿਚ ਲੁੱਟ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ ਕਿਉਂਕਿ ਹੋ ਸਕਦਾ ਹੈ ਕਿ ਲੁਟੇਰਿਆਂ ਨੂੰ ਉਸ ਨੇ ਪਛਾਣ ਲਿਆ ਹੋਵੇ, ਜਿਸ ਤੋਂ ਬਾਅਦ ਲੁਟੇਰੇ ਕਤਲ ਕਰ ਕੇ ਫ਼ਰਾਰ ਹੋ ਗਏ ਹੋਣ। ਬਿਆਨਕਰਤਾ ਮੁਤਾਬਕ ਲੁਟੇਰਿਆਂ ਨੇ ਮੇਰੀ ਪਤਨੀ ਦੇ ਸਿਰ ’ਚ ਬੋਤਲ ਮਾਰ ਕੇ ਉਸ ਨੂੰ ਮਾਰ ਦਿੱਤਾ ਹੈ। ਫ਼ਿਲਹਾਲ ਉਨ੍ਹਾਂ ਨੂੰ ਕੋਈ ਘਰੇਲੂ ਨੁਕਸਾਨ ਬਾਰੇ ਪਤਾ ਨਹੀਂ ਹੈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਸੁਖਇੰਦਰ ਸਿੰਘ ਅਤੇ ਡੀ.ਐੱਸ.ਪੀ. ਸਿਟੀ ਲਲਿਤ ਕੁਮਾਰ ਵੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਹੋਏ ਸਨ ਜਿੰਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬੀਬੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਅਤੇ ਇਸ ਸਬੰਧੀ ਮ੍ਰਿਤਕਾ ਦੇ ਪਤੀ ਨਰਿੰਦਰ ਕੁਮਾਰ ਦੇ ਬਿਆਨਾਂ ’ਤੇ ਅਣਪਛਾਤਿਆਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ।ਇਸ ਸਬੰਧੀ ਜਦੋਂ ਚੇਅਰਮੈਨ ਅਸ਼ਵਨੀ ਸੇਖੜੀ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਵੀ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪੁਲਸ ਅਫਸਰਾਂ ਨੂੰ ਉਕਤ ਬੀਬੀ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।


author

Shyna

Content Editor

Related News