ਕੇਂਦਰੀ ਜੇਲ੍ਹ ’ਚ ਨਸ਼ੇ ਦੀ ਵਿਕਰੀ ਨੂੰ ਲੈ ਕੇ ਹਵਾਲਾਤੀ ’ਤੇ ਹਮਲਾ, 3 ਨਾਮਜ਼ਦ
Saturday, Apr 08, 2023 - 04:31 PM (IST)

ਤਰਨਤਾਰਨ (ਰਮਨ ਚਾਵਲਾ)- ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ’ਚ ਬੰਦ ਹਵਾਲਾਤੀ ਵਲੋਂ ਜੇਲ੍ਹ ਅੰਦਰ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਣ ਸਬੰਧੀ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਗੰਭੀਰ ਹਾਲਤ ’ਚ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜਿਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ 3 ਮੁਲਜ਼ਮਾਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਨਿੱਜੀ ਸਕੂਲ 'ਚ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਵਿਦਿਆਰਥੀ ਨੇ ਤੋੜਿਆ ਦਮ
ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੌਜੂਦ ਹਵਾਲਾਤੀ ਅਰੁਣਦੀਪ ਸਿੰਘ ਉਰਫ਼ ਹੈਪੀ ਪੁੱਤਰ ਅਜੀਤ ਸਿੰਘ ਵਾਸੀ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਲੋਂ ਅਕਸਰ ਜੇਲ੍ਹ ’ਚ ਵਿਕ ਰਹੇ ਨਸ਼ੇ ਖ਼ਿਲਾਫ਼ ਆਵਾਜ਼ ਚੁੱਕੀ ਗਈ ਤਾਂ ਉਸ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਹਵਾਲਾਤੀ ਅਰੁਣਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਹਵਾਲਾਤੀਆਂ ਵਲੋਂ ਜਿੱਥੇ ਬੇਖੌਫ ਹੋ ਕੇ ਨਸ਼ਾ ਵੇਚਿਆ ਜਾ ਰਿਹਾ ਹੈ, ਉਨ੍ਹਾਂ ਵਲੋਂ ਨਸ਼ੇ ਦਾ ਸੇਵਨ ਵੀ ਕੀਤਾ ਜਾ ਰਿਹਾ ਹੈ।
ਹਵਾਲਾਤੀ ਅਰੁਣਦੀਪ ਸਿੰਘ ਵਲੋਂ ਜਦੋਂ ਇਸ ਤਰ੍ਹਾਂ ਨਸ਼ੇ ਖ਼ਿਲਾਫ਼ ਆਵਾਜ਼ ਚੁੱਕੀ ਗਈ ਤਾਂ ਜੇਲ੍ਹ ’ਚ ਬੰਦ ਹਵਾਲਾਤੀ ਗੁਰਧਿਆਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਹੂਵਿੰਡ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੱਖੋਪੁਰ ਅਤੇ ਕੁਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੱਖੋਪੁਰ ਜ਼ਿਲ੍ਹਾ ਤਰਨਤਾਰਨ ਵਲੋਂ ਬੈਰਕਾਂ ਦੀਆਂ ਲੋਹੇ ਵਾਲੀਆਂ ਪੱਤਰੀਆਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਅਰੁਣਦੀਪ ਸਿੰਘ ਦੇ ਸਿਰ ਅਤੇ ਬਾਂਹ ਉੱਪਰ ਕਾਫ਼ੀ ਜ਼ਿਆਦਾ ਸੱਟਾਂ ਲੱਗਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਤਰਨਤਾਰਨ ਤਾਇਨਾਤ ਥਾਣੇਦਾਰ ਨੇ ਖ਼ੁਦ ਨੂੰ ਗੋਲ਼ੀ ਮਾਰ ਰਚਿਆ ਡਰਾਮਾ, ਸੱਚਾਈ ਜਾਣ ਸਭ ਦੇ ਉੱਡੇ ਹੋਸ਼
ਰਣਦੀਪ ਸਿੰਘ ਨੇ ਦੱਸਿਆ ਕਿ ਜਦੋਂ ਹਵਾਲਾਤੀ ਅਦਾਲਤ ’ਚ ਪੇਸ਼ ਹੋਣ ਲਈ ਤਾਰੀਖ਼ ’ਤੇ ਜਾਂਦੇ ਹਨ ਤਾਂ ਉਹ ਵਾਪਸ ਆਉਣ ਸਮੇਂ ਆਪਣੇ ਨਾਲ ਨਸ਼ੇ ਲੈ ਕੇ ਆਉਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਬੀਰ ਚੰਦ ਨੇ ਦੱਸਿਆ ਕਿ ਉਕਤ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਹਵਾਲਾਤੀ ਅਰੁਣਦੀਪ ਸਿੰਘ ਦੇ ਬਿਆਨਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।