ਕੋਵਿਡ ਰੋਕੂ ਟੀਕਾਕਰਨ ਕੈਂਪ ’ਚ 180 ਅਧਿਕਾਰੀਆਂ ਨੇ ਲਗਵਾਈ ਵੈਕਸੀਨ
Friday, Apr 16, 2021 - 01:44 PM (IST)

ਪਠਾਨਕੋਟ (ਆਦਿੱਤਿਆ, ਰਾਜਨ) :ਅੱਜ ਲਾਈਵ ਸਟਾਕ ਕੰਪਲੈਕਸ ਸੈਕਟਰ 68 ਮੋਹਾਲੀ ਵਿਖੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ ਜਿਹੀ ਨਾਮੁਰਾਦ ਬੀਮਾਰੀ ਤੋਂ ਬਚਾਅ ਲਈ ਡਾਕਟਰ ਐੱਚ. ਐੱਸ. ਕਾਹਲੋਂ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੀ ਅਗਵਾਈ ਹੇਠ ਕੋਰੋਨਾ ਰੋਕੂ ਟੀਕਾਕਰਨ ਕੈਂਪ ਲਗਾਇਆ ਗਿਆ । ਇਸ ਕੈਂਪ ਮੌਕੇ ਵੱਖ-ਵੱਖ ਸੁਪਰਡੈਂਟਾਂ ਅਵਤਾਰ ਸਿੰਘ ਭੰਗੂ, ਅਮਰਜੀਤ ਸਿੰਘ, ਗੁਰਸ਼ਰਨ ਸਿੰਘ, ਸ਼ਮਸ਼ੇਰ ਸਿੰਘ ਬਾਠ, ਸਰਬਜੀਤ ਕੌਰ, ਬਲਜੀਤ ਸਿੰਘ, ਨਿਰਮਲ ਸਿੰਘ, ਸਿਕੰਦਰ ਸਿੰਘ, ਤਰਸੇਮ ਰਾਜ, ਕੁਲਬੀਰ ਕੌਰ ਆਦਿ ਨੇ ਆਪਣੀਆਂ-ਆਪਣੀਆਂ ਬਰਾਂਚਾਂ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਕੋਰੋਨਾ ਵੈਕਸੀਨ ਲਗਵਾਈ। ਡਾ. ਕਾਹਲੋਂ ਨੇ ਦੱਸਿਆ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ 180 ਦੇ ਕਰੀਬ ਅਧਿਕਾਰੀਆਂ ਨੇ ਇਹ ਵੈਕਸੀਨ ਲਗਵਾਈ ਤੇ ਵੈਕਸੀਨ ਲੱਗਣ ਤੋਂ ਬਾਅਦ ਸਾਰੇ ਅਧਿਕਾਰੀ ਤੇ ਕਰਮਚਾਰੀ ਠੀਕ-ਠਾਕ ਹਨ । ਡਾ. ਕਾਹਲੋਂ ਨੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਕੰਮ ਲਈ ਪਸ਼ੂ ਪਾਲਣ ਵਿਭਾਗ ਦਾ ਪੂਰਾ ਸਹਿਯੋਗ ਦਿੱਤਾ।