ਇੰਪਰੂਵਮੈਂਟ ਟਰੱਸਟ ਦੇ ਐੱਸ.ਡੀ.ਓ. ਖ਼ਿਲਾਫ਼ ਜਹਾਜਗੜ੍ਹ ਦੇ ਦੁਕਾਨਦਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ

1/14/2021 11:00:00 AM

ਅੰਮ੍ਰਿਤਸਰ (ਛੀਨਾ): ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਤੇ ਕਰਮਚਾਰੀਆ ਵਲੋਂ ਕਾਨੂੰਨ ਦੀ ਹੱਦ ਪਾਰ ਕਰਦਿਆਂ ਜਹਾਜਗੜ੍ਹ ’ਚ ਇਕ ਹੈਡਰੇ ਕਰੇਨ ਨੂੰ ਛੱਪੜ ਕੰਡੇ ਉਲਟਾ ਕੇ ਸੁੱਟਣ ਦੇ ਵਿਰੋਧ ’ਚ ਅੱਜ ਜਹਾਜਗੜ੍ਹ ਦੇ ਦੁਕਾਨਦਾਰਾਂ ਨੇ ਇੰਪਰੂਵਮਿੰਟ ਟਰੱਸਟ ਤੇ ਉਕਤ ਘਟਨਾ ਨੂੰ ਅੰਜ਼ਾਮ ਦੇਣ ਵਾਲੀ ਟੀਮ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ’ਤੇ ਨੁਕਸਾਨੀ ਗਈ ਹੈਡਰੇ ਕਰੇਨ ਦੇ ਮਾਲਕ ਨਿਤਨ ਮਹਾਜਨ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਕੋਈ ਵਾਹਨ ਸੜਕ ’ਤੇ ਖੜਾ ਸੀ ਤਾਂ ਉਸ ਨੂੰ ਵਿਭਾਗ ਜਬਤ ਕਰਨ ਸਮੇਤ ਹਰਜਾਨੇ ਵਜੋਂ ਜ਼ੁਰਮਾਨਾ ਵੀ ਕਰ ਸਕਦਾ ਸੀ ਪਰ ਕਿਸੇ ਦੇ ਰੁਜ਼ਗਾਰ ਵਾਲੇ ਸਾਧਨ ਨੂੰ ਤੋੜ ਕੇ ਵਿਅਰਥ ਕਰ ਦੇਣਾ ਤਾਂ ਸਿੱਧੇ ਤੌਰ ’ਤੇ ਸ਼ਰੇਆਮ ਗੁੰਡਾਗਰਦੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਐੱਸ.ਡੀ.ਓ. ਅਮਨਦੀਪ ਸਿੰਘ ਦੇ ਹੁਕਮਾਂ ’ਤੇ ਅੰਜ਼ਾਮ ਦਿੱਤਾ ਗਿਆ ਹੈ, ਜਿਸ ਕਾਰਨ ਪੰਜਾਬ ਸਰਕਾਰ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ 24 ਘੰਟਿਆਂ ’ਚ ਉਸ ਨੂੰ ਸਸਪੈਂਡ ਕਰਕੇ ਹੈਡਰੇ ਕਰੇਨ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਨਹੀ ਤਾਂ ਸਮੂਹ ਦੁਕਾਨਦਾਰਾਂ ਵਲੋਂ ਜੀ.ਟੀ.ਰੋਡ ’ਤੇ ਅਣਮਿਥੇ ਸਮੇਂ ਲਈ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਜਾਵੇਗਾ। ਨਿਤਨ ਮਹਾਜਨ ਨੇ ਕਿਹਾ ਕਿ ਐੱਸ.ਡੀ.ਓ.ਅਮਨਦੀਪ ਸਿੰਘ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਵਾਸਤੇ ਪੁਲਸ ਕਮਿਸ਼ਨਰ ਨੂੰ ਦਰਖ਼ਾਸਤ ਵੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦੀਆਂ ਪਰਤਾਂ ਖੁੱਲਣ ਲੱਗੀਆਂ

ਕੀ ਕਹਿੰਦੇ ਨੇ ਐੱਸ.ਡੀ.ਓ.
ਇਸ ਸਬੰਧ ’ਚ ਇੰਪਰੂਵਮੈਂਟ ਟਰੱਸਟ ਦੇ ਐੱਸ.ਡੀ.ਓ. ਅਮਨਦੀਪ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਜਹਾਜਗੜ੍ਹ ’ਚ ਨਾਜਾਇਜ ਕਬਜ਼ੇ ਹਟਾਉਣ ਦੌਰਾਨ ਸੜਕ ’ਤੇ ਖੜੀ ਹੈਡਰੇ ਕਰੇਨ ਨੂੰ ਇਕ ਸਾਈਡ ’ਤੇ ਕਰਨ ਵੇਲੇ ਉਹ ਡਿੱਗ ਪਈ ਹੋਵੇਗੀ। ਉਨ੍ਹਾਂ ਕਿਹ ਕਿ ਕਰੇਨ ਨੂੰ ਨੁਕਸਾਨ ਪਹੁੰਚਾਉਣ ਦਾ ਸਾਡਾ ਕੋਈ ਵੀ ਇਰਾਦਾ ਨਹੀਂ ਸੀ। 

ਇਹ ਵੀ ਪੜ੍ਹੋ : ਮਾਪਿਆਂ ਨਾਲ ਲੜਾਈ ਕਰ ਕੇ ਨੌਜਵਾਨ ਨੇ ਖਾਧਾ ਜ਼ਹਿਰ, ਮੌਤ


Baljeet Kaur

Content Editor Baljeet Kaur