ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਲਈ ਤਿਆਰ ਇਮਾਰਤ ਵਿਲੱਖਣ, ਹਰ ਪੱਖੋਂ ਮਿਆਰੀ ਤੇ ਸੁਰੱਖਿਅਤ ਹੋਵੇਗੀ : ਜੀ. ਕੇ.

09/18/2018 11:00:13 AM

ਅੰਮ੍ਰਿਤਸਰ (ਛੀਨਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬ ਗੰਜ ਕੰਪਲੈਕਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਇਮਾਰਤ ਦਾ ਸਮੇਂ ਦੀ ਲੋੜ ਅਨੁਸਾਰ ਨਵੀਨੀਕਰਨ, ਇਸ ਦੇ ਵਿਸਤਾਰ ਅਤੇ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਨੂੰ ਸੌਂਪੀ ਸੇਵਾ ਦੌਰਾਨ ਜੈਕਾਰਿਆਂ ਦੀ ਗੂੰਜ 'ਚ ਭਵਨ ਦੀ ਦੂਜੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ। 

ਇਹ ਸੇਵਾ ਗੁ. ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਗੁ. ਰਕਾਬ ਗੰਜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਦਿਲਬਾਗ ਸਿੰਘ, ਬਾਬਾ ਸੋਹਨ ਸਿੰਘ ਬੀੜ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ ਤੇ ਮਹੰਤ ਰਣਜੀਤ ਸਿੰਘ ਗੋਨਿਆਣਾ ਮੰਡੀ ਵਾਲਿਆਂ ਨੇ ਰੇਤ-ਬੱਜਰੀ ਦੇ ਟੋਕਰੇ ਸਿਰਾਂ 'ਤੇ ਉਠਾ ਕੇ ਸ਼ੁਰੂ ਕਰਵਾਈ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸੰਗਤਾਂ ਦੀ ਵਧ ਰਹੀ ਗੁਰਮਤਿ ਲਿਟਰੇਚਰ ਦੀ ਮੰਗ ਦੀ ਪੂਰਤੀ ਲਈ ਵੱਡੇ ਪੱਧਰ 'ਤੇ ਗੁਰਮਤਿ ਲਿਟਰੇਚਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਲਈ ਅਤੀ ਆਧੁਨਿਕ ਮਸ਼ੀਨਰੀ ਤੇ ਬਹੁਮੰਜ਼ਿਲੀ ਵਿਸ਼ਾਲ ਇਮਾਰਤ ਦੀ ਲੋੜ ਹੈ, ਇਸੇ ਮੰਤਵ ਨੂੰ ਮੁੱਖ ਰੱਖਦਿਆਂ, ਇਸ ਕਾਰਜ ਦੀ ਕਾਰ ਸੇਵਾ ਮਹਾਪੁਰਸ਼ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ ਜੋ ਇਸ ਨੂੰ ਮੁਕੰਮਲ ਕਰਨ ਲਈ ਦਿਨ-ਰਾਤ ਯਤਨਸ਼ੀਲ ਹਨ । ਉਨ੍ਹਾਂ ਕਿਹਾ ਕਿ ਇਹ ਇਮਾਰਤ ਵਿਲੱਖਣ, ਹਰ ਪੱਖੋਂ ਮਿਆਰੀ ਤੇ ਸੁਰੱਖਿਅਤ ਹੋਵੇਗੀ ਜਿਸ ਵਿਚ ਛਪਾਈ ਲਈ ਆਫਸੈੱਟ ਪ੍ਰੈੱਸ (ਫੋਰ ਕਲਰ ਪ੍ਰਿੰਟਿੰਗ ਮਸ਼ੀਨ) ਲਗਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਬਾਬਾ ਜੀ ਭੂਰੀ ਵਾਲਿਆਂ ਵੱਲੋਂ ਗੁ. ਰਕਾਬ ਗੰਜ ਸਾਹਿਬ ਵਿਖੇ ਸੰਗਤਾਂ ਦੇ ਜਲ ਛਕਣ ਲਈ ਤਿਆਰ ਕੀਤੀ ਜਾ ਰਹੀ ਬਹੁਤ ਹੀ ਸ਼ਾਨਦਾਰ ਛਬੀਲ (ਪਿਆਊ) ਮੁਕੰਮਲ ਹੋਣ ਦੇ ਕਰੀਬ ਹੈ ਅਤੇ ਜਲਦ ਹੀ ਸੰਗਤਾਂ ਦੀ ਸੇਵਾ ਲਈ ਸ਼ੁਰੂ ਕਰ ਦਿੱਤੀ ਜਾਵੇਗੀ ।


Related News